ਸੋਸ਼ਲ ਮੀਡੀਆ ਨਾਲ ਆਇਆ ਪੰਜਾਬ ਪੁਲਿਸ ਦੇ ਪੈਰਾਂ ਹੇਠ ਬਟੇਰਾ
- ਮਾਮਲਾ ਮੋਗਾ ਦੇ ਸ਼ਿਵ ਸੈਨਾ ਆਗੂ ਦੀ ਹੱਤਿਆ ਦਾ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ, 15ਮਾਰਚ2025:ਮੋਗਾ ਵਿੱਖ ਦੋ ਦਿਨ ਪਹਿਲਾਂ ਕਤਲ ਕਰ ਦਿੱਤੇ ਗਏ ਸ਼ਿਵ ਸੈਨਾ ਆਗੂ ਮੰਗਤ ਰਾਮ ਮੰਗਾ ਨੂੰ ਕਤਲ ਕਰਨ ਦੇ ਮਾਮਲੇ ’ਚ ਪੁਲਿਸ ਨੂੰ ਸਫਲਤ ਵਾਇਆ ਸੋਸ਼ਲ ਮੀਡੀਆ ਹਾਸਲ ਹੋਈ ਹੈ। ਅਹਿਮ ਸੂਤਰਾਂ ਦੀ ਮੰਨੀਏ ਤਾਂ ਇਸ ਕਤਲ ਮਾਮਲੇ ’ਚ ਗ੍ਰਿਫਤਾਰ ਤਿੰਨਾਂ ਮੁਲਜਮਾਂ ਵੱਲੋਂ ਸੋਸ਼ਲ ਮੀਡੀਆ ਇੰਸਟਗ੍ਰਾਮ ਤੇ ਪਾਈ ਪੋਸਟ ਇਨ੍ਹਾਂ ਗ੍ਰਿਫਤਾਰੀਆਂ ਲਈ ਰਾਹ ਪੱਧਰਾ ਕਰਨ ਵਾਲੀ ਸਾਬਤ ਹੋਈ ਹੈ। ਹਾਲਾਂਕਿ ਕਤਲ ਦੀ ਵਾਰਦਾਤ ਤੋਂ ਬਾਅਦ ਮੋਗਾ ਪੁਲਿਸ ਵੱਖ ਵੱਖ ਤਕਨੀਕਾਂ ਅਤੇ ਸੀਸੀਟੀਵੀ ਫੁਟੇਜ਼ ਆਦਿ ਦੀ ਸਹਾਇਤਾ ਨਾਲ ਕਾਤਲਾਂ ਦੀ ਤਲਾਸ਼ ’ਚ ਜੁਟੀ ਹੋਈ ਸੀ ਪਰ ਸੋਸ਼ਲ ਮੀਡੀਆ ਪੋਸਟ ਸਾਹਮਣੇ ਆਉਣ ਨੇ ਪੁਲਿਸ ਦਾ ਰਾਹ ਮੋਕਲਾ ਕਰ ਦਿੱਤਾ। ਮੁਲਜਮਾਂ ਦੀ ਪਛਾਣ ਰਾਜਵੀਰ ਉਰਫ਼ ਲਾਡੋ ਪੁੱਤਰ ਅਸ਼ੋਕ ਕੁਮਾਰ ਵਾਸੀ ਵੇਦਾਂਤ ਨਗਰ ਮੋਗਾ, ਅਰੁਣ ਉਰਫ਼ ਦੀਪੂ ਪੁੱਤਰ ਗੁਰਪ੍ਰੀਤ ਸਿੰਘ ਅਤੇ ਅਰੁਣ ਉਰਫ਼ ਸਿੰਘਾ ਪੁੱਤਰ ਬੱਬੂ ਸਿੰਘ ਵਾਸੀਅਨ ਅੰਗਦਪੁਰਾ ਮੁਹੱਲਾ ਮੋਗਾ ਵਜੋਂ ਕੀਤੀ ਗਈ ਹੈ।

ਤਿੰਨਾਂ ਮੁਲਜਮਾਂ ਨੂੰ ਸ੍ਰੀ ਮੁਕਤਸਰ ਸਾਹਿਬ ਅਤੇ ਮੋਗਾ ਪੁਲਿਸ ਦੇ ਸੀਆਈਏ ਸਟਾਫ ਦੀਆਂ ਟੀਮਾਂ ਵੱਲੋਂ ਸਾਂਝੇ ਆਪਰੇਸ਼ਨ ਦੌਰਾਨ ਇੱਕ ਮੁਕਾਬਲੇ ਤੋਂ ਬਾਅਦ ਕਾਬੂ ਕੀਤਾ ਗਿਆ ਹੈ। ਜਿਲ੍ਹਾ ਪੁਲਿਸ ਮੁਖੀ ਸ੍ਰੀ ਮੁਕਤਸਰ ਸਾਹਿਬ ਅਖਿਲ ਚੌਧਰੀ ਨੇ ਪੱਤਰਕਾਰਾਂ ਨੂੰ ਇਸ ਸਫਲਤਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੰਘੀ 13 ਮਾਰਚ ਦੀ ਰਾਤ ਨੂੰ ਸ਼ਿਵ ਸੈਨਾ ਬਾਲ ਠਾਕਰੇ ਸ਼ਿੰਦਾ ਗਰੁੱਪ ਦੇ ਜਿਲ੍ਹਾ ਪ੍ਰਧਾਨ ਮੋਗਾ ਮੰਗਤ ਰਾਮ ਉਰਫ ਮੰਗਾ ਪ੍ਰਧਾਨ ਦਾ ਮੋਗਾ ’ਚ ਕਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ, ਐਫ.ਆਈ.ਆਰ. ਨੰਬਰ 64/2025 ਥਾਣਾ ਸਿਟੀ ਸਾਊਥ, ਮੋਗਾ ਵਿਖੇ ਧਾਰਾ 103(1), 191(3), 190 ਬੀ.ਐਨ.ਐਸ ਅਤੇ 25/27 ਅਸਲਾ ਐਕਟ ਤਹਿਤ 6 ਵਿਅਕਤੀਆਂ ਨੂੰ ਨਾਵਾਂ ਸਮੇਤ ਅਤੇ 3 ਅਣਪਛਾਤੇ ਵਿਅਕਤੀਆਂ ਵਿਰੁੱਧ ਦਰਜ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਭਰੋਸੇਯੋਗ ਸੂਤਰਾਂ ਦੀ ਜਾਣਕਾਰੀ ਦੇ ਆਧਾਰ ’ਤੇ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ 3 ਮੁੱਖ ਮੁਲਜ਼ਮ ਮਲੋਟ ਬੱਸ ਸਟੈਂਡ ਨੇੜੇ ਲੁਕੇ ਹੋਏ ਹਨ।
ਉਨ੍ਹਾਂ ਦੱਸਿਆ ਕਿ ਸੂਚਨਾ ਮਗਰੋਂ ਪੁਲਿਸ ਦੀਆਂ ਟੀਮਾਂ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਨੇ ਇਲਾਕੇ ਨੂੰ ਘੇਰਾ ਪਾ ਲਿਆ ਜਿਸ ਬਾਰੇ ਪਤਾ ਲੱਗਦਿਆਂ ਮੁਲਜ਼ਮਾਂ ਨੇ ਪੁਲਿਸ ਪਾਰਟੀ ’ਤੇ ਗੋਲੀਬਾਰੀ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਜਵਾਬੀ ਕਾਰਵਾਈ ਦੌਰਾਨ ਕੀਤੀ ਫਾਇਰਿੰਗ ਕਾਰਨ ਦੋ ਮੁਲਜਮ ਜਖਮੀ ਹੋ ਗਏ ਜਦੋਂਕਿ ਤੀਜੇ ਦੇ ਫਰਾਰ ਹੋਣ ਦੇ ਚੱਕ ’ਚ ਸੱਟਾਂ ਵੱਜੀਆਂ ਹਨ। ਐਸਐਸਪੀ ਨੇ ਦੱਸਿਆ ਕਿ ਪੁਲਿਸ ਤੇ ਗੋਲੀਆਂ ਚਲਾਉਣ ਸਬੰਧੀ ਥਾਣਾ ਸਿਟੀ ਮਲੋਟ ਵਿਖੇ ਐਫਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁਲਜਮਾਂ ਨੂੰ ਸਿਵਲ ਹਸਪਤਾਲ ਮਲੋਟ ’ਚ ਦਾਖਲ ਕਰਵਾਇਆ ਸੀ ਜਿੱਥੋਂ ਦੋ ਨੂੰ ਫਰੀਦਕੋਟ ਵਿਖੇ ਰੈਫਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜਮਾਂ ਕੋਲੋਂ ਦੋ ਪਿਸਤੌਲ ਬਰਾਮਦ ਹੋਏ ਹਨ। ਪੁਲਿਸ ਅਨੁਸਾਰ ਅਰੁਣ ਉਰਫ਼ ਦੀਪੂ ਖਿਲਾਫ ਪਹਿਲਾਂ ਤਿੰਨ ਮੁਕੱਦਮੇ ਦਰਜ ਹਨ ਜਦੋਂਕਿ ਅਰੁਣ ਉਰਫ਼ ਸਿੰਘਾ ਖਿਲਾਫ ਦੋ ਅਤੇ ਰਾਜਵੀਰ ਉਰਫ਼ ਲਾਡੋ ਖਿਲਾਫ ਇੱਕ ਕੇਸ ਦਰਜ ਹੈ।