Punjab Breaking: ਮਾਰੂਤੀ, ਹੌਂਡਾ ਵਰਗੀਆਂ ਕੰਪਨੀਆਂ ਦੇ ਸ਼ੋਅਰੂਮ ਸੀਲ, ਪੜ੍ਹੋ ਵਜ੍ਹਾ
ਰਵਿੰਦਰ ਢਿੱਲੋਂ
ਲੁਧਿਆਣਾ, 25 ਮਾਰਚ 2025- 31 ਮਾਰਚ ਤੋਂ ਪਹਿਲਾਂ ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਨੇ ਡਿਫਾਲਟਰਾਂ ਵਿਰੁੱਧ ਸਖ਼ਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਲੁਧਿਆਣਾ ਜ਼ਿਲ੍ਹੇ ਦੀ ਨਗਰ ਕੌਂਸਲ ਦੋਰਾਹਾ ਨੇ ਵੱਡੀ ਕਾਰਵਾਈ ਕੀਤੀ। ਪ੍ਰਾਪਰਟੀ ਟੈਕਸ ਨਾ ਭਰਨ ਕਾਰਨ ਕਈ ਨਾਮੀ ਕੰਪਨੀਆਂ ਦੇ ਸ਼ੋਅਰੂਮ ਸੀਲ ਕਰ ਦਿੱਤੇ ਗਏ। ਇਨ੍ਹਾਂ ਵਿੱਚ ਮਾਰੂਤੀ ਕੰਪਨੀ ਦਾ ਸ਼ੋਅਰੂਮ ਅਤੇ ਪਲੈਟੀਨਮ ਹੌਂਡਾ ਸ਼ੋਅਰੂਮ ਸ਼ਾਮਲ ਹਨ। ਉਹਨਾਂ ਨੇ ਕਈ ਸਾਲਾਂ ਤੋਂ ਪ੍ਰਾਪਰਟੀ ਟੈਕਸ ਨਹੀਂ ਭਰਿਆ ਸੀ। ਨਗਰ ਕੌਂਸਲ ਨੇ ਇੱਕ ਮੈਰਿਜ ਪੈਲੇਸ ਨੂੰ ਵੀ ਤਾਲਾ ਜੜ ਦਿੱਤਾ।
ਦੋਰਾਹਾ ਨਗਰ ਕੌਂਸਲ ਦੇ ਈਓ ਹਰਨਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਖ਼ਤ ਹਦਾਇਤਾਂ ਹਨ ਕਿ ਜਿਹੜੇ ਲੋਕ ਪ੍ਰਾਪਰਟੀ ਟੈਕਸ ਨਹੀਂ ਦੇ ਰਹੇ ਉਨ੍ਹਾਂ ਵਿਰੁੱਧ ਮਿਊਂਸੀਪਲ ਐਕਟ ਤਹਿਤ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਸੀਲ ਕਰ ਦਿੱਤਾ ਜਾਵੇ। ਦੋਰਾਹਾ ਦੇ ਕਈ ਵੱਡੇ ਅਦਾਰੇ 2013-14 ਤੋਂ ਟੈਕਸ ਜਮ੍ਹਾ ਨਹੀਂ ਕਰਵਾ ਰਹੇ ਸਨ। ਕਈ ਵਾਰ ਨੋਟਿਸ ਭੇਜੇ ਗਏ। ਪਰ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਜਿਸ ਕਾਰਨ ਇਨ੍ਹਾਂ ਜਾਇਦਾਦਾਂ ਨੂੰ ਸੀਲ ਕਰਨਾ ਪਿਆ। ਲਗਭਗ 10 ਜਾਇਦਾਦਾਂ ਵਿਰੁੱਧ ਕਾਰਵਾਈ ਕੀਤੀ ਗਈ ਹੈ। ਉਹਨਾਂ 'ਤੇ ਲਗਭਗ 7 ਲੱਖ ਰੁਪਏ ਦਾ ਟੈਕਸ ਬਕਾਇਆ ਹੈ। ਆਉਣ ਵਾਲੇ ਦਿਨਾਂ ਵਿੱਚ, ਹੋਰ ਡਿਫਾਲਟਰਾਂ ਵਿਰੁੱਧ ਵੀ ਇਸੇ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇਗੀ। ਈਓ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੀਆਂ ਜਾਇਦਾਦਾਂ ਸੀਲ ਕੀਤੀਆਂ ਗਈਆਂ ਹਨ, ਉਹ ਨਿਯਮਾਂ ਅਨੁਸਾਰ ਟੈਕਸ ਅਦਾ ਕਰਕੇ ਆਪਣੀਆਂ ਜਾਇਦਾਦਾਂ ਖੁਲ੍ਹਵਾ ਸਕਦੇ ਹਨ।