ਟਰੈਫਿਕ ਨਿਯਮਾਂ ਲਈ ਪੁਲਿਸ ਹੋਈ ਸਖਤ, ਨਿਯਮ ਤੋੜਨ ਵਾਲਿਆਂ ਦੇ ਕੱਟੇ ਚਲਾਨ
ਦੀਪਕ ਜੈਨ
ਜਗਰਾਉਂ- ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਡਾਕਟਰ ਅੰਕੂਰ ਗੁਪਤਾ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਉੱਪਰ ਅੱਜ ਟਰੈਫਿਕ ਪੁਲਿਸ ਦੇ ਡੀਐਸਪੀ ਧਰਮਿੰਦਰ ਸਿੰਘ ਦੀ ਯੋਗ ਰਹਿਨੁਮਾਈ ਹੇਠ ਤਹਿਸੀਲ ਚੌਕ ਜਗਰਾਉਂ ਵਿਖੇ ਸਪੈਸ਼ਲ ਨਾਕਾਬੰਦੀ ਕਰਕੇ ਵੱਖ ਵੱਖ ਵਾਹਨਾਂ ਦੇ ਚਲਾਨ ਕੱਟੇ ਗਏ। ਜਿਸ ਵਿੱਚ ਦੋ ਪਹੀਆ ਵਾਹਨਾਂ ਉੱਪਰ ਤਿੰਨ ਸਵਾਰੀਆਂ ਬਿਠਾਈਆਂ ਹੋਣਾ, ਬਿਨਾਂ ਨੰਬਰੀ ਪਲੇਟ ਦੇ ਵਾਹਨ ਸੜਕ ਉੱਪਰ ਚੱਲ ਰਿਹਾ ਹੋਣਾ, ਇਸ ਤੋਂ ਬਾਅਦ ਸ਼ਹਿਰ ਜਗਰਾਉਂ ਦੇ ਬਾਜ਼ਾਰਾਂ ਵਿੱਚ ਜਿਵੇਂ ਝਾਂਸੀ ਚੋਂਕ, ਕਮਲ ਚੌਂਕ, ਪੁਰਾਣੀ ਸਬਜੀ ਮੰਡੀ ਰੋਡ, ਲਾਜਪਤ ਰਾਏ ਰੋਡ, ਰੇਲਵੇ ਰੋਡ ਵਿਖੇ ਕੀਤੀ ਗਈ ਗਲਤ ਪਾਰਕਿੰਗ ਅਤੇ ਦੁਕਾਨਾਂ ਦੇ ਅੱਗੇ ਗੱਡੀਆਂ ਖੜੀਆਂ ਕੀਤੀਆਂ ਹੋਈਆਂ ਸਨ। ਜਿਨਾਂ ਦੇ ਚਲਾਨ ਕੀਤੇ ਗਏ, ਇਸ ਮਗਰੋਂ ਰਾਸ਼ਟਰੀ ਰਾਜ ਮਾਰਗ ਲੁਧਿਆਣਾ ਮੋਗਾ ਰੋਡ ਉੱਤੇ ਓਵਰ ਸਪੀਡ ਵਾਹਨਾਂ ਦੀ ਚੈਕਿੰਗ ਮਸ਼ੀਨ ਲਗਾ ਕੇ ਕੀਤੀ ਗਈ ਅਤੇ ਦਰਜਨ ਦੇ ਕਰੀਬ ਚਲਾਨ ਕੀਤੇ ਗਏ। ਅੱਜ ਦੀ ਕਾਰਵਾਈ ਵਿੱਚ ਟਰੈਫਿਕ ਪੁਲਿਸ ਵੱਲੋਂ ਲਗਭਗ 50 ਦੇ ਕਰੀਬ ਚਲਾਨ ਕੀਤੇ ਗਏ ਹਨ। ਡੀਐਸਪੀ ਧਰਮਿੰਦਰ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਜਨਤਾ ਨੂੰ ਆਪਣੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਨਿਯਮ ਤੋੜਨ ਵਾਲੇ ਕਿਸੇ ਵੀ ਸ਼ਖਸ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਇਹ ਕਾਰਵਾਈ ਅੱਗੇ ਤੋਂ ਵੀ ਜਾਰੀ ਰਹੇਗੀ।