ਅੰਮ੍ਰਿਤਸਰ (ਉੱਤਰੀ) ਦੀਆਂ 12 ਗ੍ਰਾਮ ਪੰਚਾਇਤਾਂ ਨੂੰ MC ‘ਚ ਸ਼ਾਮਲ ਕਰਨ ਦੇ ਮਾਮਲੇ ‘ਤੇ ਮੰਤਰੀ ਡਾ. ਰਵਜੋਤ ਸਿੰਘ ਨੇ ਵਿਧਾਨ ਸਭਾ ‘ਚ ਧਿਆਨ ਦਿਵਾਊ ਨੋਟਿਸ ਦਾ ਦਿੱਤਾ ਜਵਾਬ
ਚੰਡੀਗੜ੍ਹ, 24 ਮਾਰਚ 2025- ਪੰਜਾਬ ਵਿਧਾਨ ਸਭਾ ‘ਚ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਵੱਲੋਂ ਧਿਆਨ ਦਿਵਾਊ ਨੋਟਿਸ ਰਾਹੀਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਪੰਜਾਬ ਦੇ ਸਥਾਨਕ ਸਰਕਾਰ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਅੰਮ੍ਰਿਤਸਰ (ਉੱਤਰੀ) ਵਿਧਾਨ ਸਭਾ ਹਲਕੇ ਦੀਆਂ 12 ਗ੍ਰਾਮ ਪੰਚਾਇਤਾਂ ਨੂੰ ਨਗਰ ਨਿਗਮ, ਅੰਮ੍ਰਿਤਸਰ ਵਿੱਚ ਸ਼ਾਮਲ ਕਰਨ ਸੰਬੰਧੀ ਲੋੜੀਂਦੀਆਂ ਕਾਰਵਾਈਆਂ ਤੇ ਪ੍ਰਕਿਰਿਆਵਾਂ ਅਪਣਾਉਣੀਆਂ ਜ਼ਰੂਰੀ ਹਨ।
ਮੰਤਰੀ ਨੇ ਕਿਹਾ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ 24 ਜਨਵਰੀ, 2024 ਨੂੰ ਪੰਜਾਬ ਵਿਧਾਨ ਸਭਾ ਦੀ ਪੰਚਾਇਤੀ ਰਾਜ ਇਕਾਈਆਂ ਸਬੰਧੀ ਕਮੇਟੀ ਦੀ ਮੀਟਿੰਗ ਦੌਰਾਨ ਇਹ ਮਾਮਲਾ ਉਠਾਇਆ ਸੀ। ਇਸ ਤੋੰ ਬਾਅਦ 12 ਗ੍ਰਾਮ ਪੰਚਾਇਤਾਂ ਵਿੱਚੋਂ ਕੁੱਝ ਨੇ ਫਰਵਰੀ 2024 ਵਿੱਚ ਆਪਣੇ ਖੇਤਰ ਨੂੰ ਨਗਰ ਨਿਗਮ ਅੰਮ੍ਰਿਤਸਰ ਵਿੱਚ ਸ਼ਾਮਲ ਕਰਨ ਲਈ ਮਤੇ ਵੀ ਪਾਸ ਕੀਤੇ ਸਨ।
ਸਥਾਨਕ ਸਰਕਾਰਾਂ ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ਅਕਤੂਬਰ ਵਿੱਚ ਹੋਈਆਂ ਗ੍ਰਾਮ ਪੰਚਾਇਤ ਚੋਣਾਂ ਤੋਂ ਬਾਅਦ ਨਵੀਆਂ ਪੰਚਾਇਤਾਂ ਗਠਿਤ ਹੋਈਆਂ ਹਨ। ਇਸ ਸਬੰਧ ਵਿੱਚ, ਨਵੇਂ ਗ੍ਰਾਮ ਪੰਚਾਇਤ ਅਦਾਰਿਆਂ ਵੱਲੋਂ ਨਗਰ ਨਿਗਮ ਵਿੱਚ ਸ਼ਾਮਲ ਹੋਣ ਸੰਬੰਧੀ ਤਾਜਾ ਮਤੇ ਪਾਸ ਕਰਨਾ ਉਚਿਤ ਹੋਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਦਸੰਬਰ 2024 ਵਿੱਚ ਹੋਈਆਂ ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਤੋਂ ਬਾਅਦ 28 ਜਨਵਰੀ, 2025 ਨੂੰ ਨਗਰ ਨਿਗਮ, ਅੰਮ੍ਰਿਤਸਰ ਦਾ ਨਵਾਂ ਸਦਨ ਗਠਿਤ ਹੋਇਆ। ਜਦੋਂ ਨਗਰ ਨਿਗਮ ਦਾ ਸਦਨ ਇਨ੍ਹਾਂ ਗ੍ਰਾਮ ਪੰਚਾਇਤਾਂ ਨੂੰ ਸ਼ਾਮਲ ਕਰਨ ਸੰਬੰਧੀ ਮਤਾ ਪਾਸ ਕਰ ਲਵੇਗਾ, ਤਾਂ ਪੰਜਾਬ ਨਗਰ ਨਿਗਮ ਐਕਟ, 1976 ਦੀ ਧਾਰਾ 3(6) ਅਧੀਨ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਮਾਮਲੇ ਸੰਬੰਧੀ ਵਿਭਾਗ, ਡਿਪਟੀ ਕਮਿਸ਼ਨਰ ਅਤੇ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਦੇ ਨਾਲ ਲਗਾਤਾਰ ਸੰਪਰਕ ‘ਚ ਹੈ।