Babushahi Special: ਸਰਕਾਰਾਂ ਬਣੀਆਂ ਬੁੱਤ ਹਾਰਾਂ ਜੋਗੀ ਰਹੀ ਸ਼ਹਾਦਤ ਦੀ ਰੁੱਤ
ਅਸ਼ੋਕ ਵਰਮਾ
ਬਠਿੰਡਾ, 24 ਮਾਰਚ 2025: ਸਿਆਸੀ ਲੋਕਾਂ ਦੀ ਸੱਤਾ ਤੱਕ ਮਹਿਦੂਦ ਹੋਈ ਸੋਚ ਕਾਰਨ ਪੰਜਾਬ ਵਿੱਚ ਸ਼ਹੀਦਾਂ ਦੇ ਬੁੱਤ ਹਾਰਾਂ ਜੋਗੇ ਹੀ ਰਹਿ ਗਏ ਹਨ। ਸਾਲਾਂ ਬਾਅਦ ਵੀ ਅਜ਼ਾਦੀ ਪ੍ਰਵਾਨਿਆਂ ਦਾ ਅਸਲ ਸੁਨੇਹਾ ਵਕਤ ਦੀ ਗਰਦਿਸ਼ ’ਚ ਗੁੰਮ ਹੋਇਆ ਪਿਆ ਹੈ। ਸਿਰਫ ਇਨਕਲਾਬੀ ਧਿਰਾਂ ਗਾਹੇ ਬਗਾਹੇ ਸ਼ਹੀਦ ਭਗਤ ਸਿੰਘ ਸਮੇਤ ਸਮੂਹ ਸ਼ਹੀਦਾਂ ਨੂੰ ਯਾਦ ਕਰਦੀਆਂ ਰਹਿੰਦੀਆਂ ਹਨ ਪਰ ਜਿਆਦਾਤਰ ਲੋਕਾਂ ਵੱਲੋਂ ਤਾਂ ਸ਼ਹੀਦਾਂ ਨੂੰ ਸ਼ਹੀਦੀ ਦਿਵਸ ਜਾਂ ਫਿਰ ਜਨਮ ਦਿਹਾੜੇ ਤੇ ਹੀ ਯਾਦ ਕੀਤਾ ਜਾਂਦਾ ਹੈ। ਐਤਵਾਰ 23 ਮਾਰਚ ਨੂੰ ਸ਼ਹੀਦੇ ਆਜ਼ਮ ਭਗਤ ਸਿੰਘ ,ਰਾਜ਼ਗੁਰੂ ਅਤੇ ਸ਼ਹੀਦ ਸੁਖਦੇਵ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਪਰ ਸ਼ਹੀਦਾਂ ਵੱਲੋਂ ਪਾਏ ਪੂਰਨਿਆਂ ਤੇ ਚੱਲਣ ਦੀ ਗੱਲ ਓਪਰਿਆਂ ਵਾਂਗ ਕੀਤੀ ਗਈ। ਲੋਕ ਆਖਦੇ ਹਨ ਕਿ ਸਿਆਸੀ ਨੇ ਤਾਂ ਸ਼ਹੀਦ ਭਗਤ ਸਿੰਘ ਦੇ ਨਾਮ ਨੂੰ ਸਿਰਫ ਵੋਟ ਪ੍ਰਾਪਤੀ ਦਾ ਜੁਗਾੜ ਹੀ ਬਣਾ ਲਿਆ ਹੈ।
ਉਨ੍ਹਾਂ ਕਿਹਾ ਕਿ ਸ਼ਹੀਦਾਂ ਦੇ ਸੁਫਨਿਆਂ ਦਾ ਰਾਜ ਪ੍ਰਬੰਧ ਸਿਰਜਣ ਦੀ ਪਹਿਲਕਦਮੀ ਤਾਂ ਕਦੇ ਕਿਸੇ ਸਰਕਾਰ ਨੇ ਵੀ ਨਹੀਂ ਕੀਤੀ ਹੈ। ਪੰਜਾਬ ਦੀ ਸੱਤਾਧਾਰੀ ਧਿਰ ਸ਼ਹੀਦ ਭਗਤ ਸਿੰਘ ਦੀ ਸੋਚ ਅਨੁਸਾਰ ਕੰਮ ਕਰਨ ਦੇ ਦਾਅਵੇ ਕਰ ਰਹੀ ਹੈ ਫਿਰ ਵੀ ਹਕੀਕਤ ’ਚ ਕਾਫੀ ਕੁੱਝ ਕੀਤਾ ਜਾਣਾ ਬਾਕੀ ਹੈ। ਬਠਿੰਡਾ ਦੇ ਆਰੀਆ ਸਮਾਜ ਚੌਂਕ ਵਿੱਚ ਸਥਿਤ ਸ਼ਹੀਦਾਂ ਦੇ ਬੁੱਤ ਤੇ ਵੀ ਸਾਲ ’ਚ ਦੋ ਵਾਰ, ਸਿਆਸੀ ਆਗੂ, ਸਰਕਾਰੀ ਅਧਿਕਾਰੀ, ਸਮਾਜ ਸੇਵੀ ਸੰਸਥਾਵਾਂ ਤੇ ਆਮ ਲੋਕ ਸ਼ਰਧਾਂਜਲੀਆਂ ਭੇਂਟ ਕਰਨ ਲਈ ਤਾਂ ਜੁੜਦੇ ਹਨ ਪਰ ਇੰਨ੍ਹਾਂ ਦੋ ਦਿਨਾਂ ਮਗਰੋਂ ਸਭ ਕੁੱਝ ਆਮ ਵਾਂਗ ਹੋ ਜਾਂਦਾ ਹੈ। ਇਸ ਪੱਤਰਕਾਰ ਨੇ ਸ਼ਹਿਰ ਦੇ ਇੱਕ ਦਿਓ ਕੱਦ ਇਮਾਰਤ ਵਾਲੇ ਅੰਗਰੇਜੀ ਸਕੂਲ ਦੇ ਕੁੱਝ ਬੱਚਿਆਂ ਤੋਂ ਸ਼ਹੀਦ ਭਗਤ ਸਿੰਘ ਦੀ ਜੀਵਨੀ ਅਤੇ ਕੁਰਬਾਨੀ ਬਾਰੇ ਪੁੱਛਿਆ ਤਾਂ ਉਨ੍ਹਾਂ ਦਾ ਗਿਆਨ ਸਿਰਫ ਕਿਤਾਬੀ ਹੀ ਨਜ਼ਰ ਆਇਆ।
ਇੱਕ ਬੱਚੇ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਨੂੰ ਫਾਂਸੀ ਦਿੱਤੀ ਗਈ ਸੀ ਪਰ ਇਸ ਤਰਾਂ ਦੀ ਸ਼ਜਾ ਦੇਣ ਦੇ ਕਾਰਨ ਤੋਂ ਉਸ ਨੇ ਅਣਜਾਣਤਾ ਜਤਾਈ। ਇੱਕ ਹੋਰ ਵਿਦਿਆਰਥੀ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਨੂੰ ਤੁਰਲੇ ਵਾਲੀ ਪੱਗ ਬੰਨ੍ਹਦਾ ਸੀ । ਇੰਨ੍ਹਾਂ ਬੱਚਿਆਂ ਨੂੰ ਸ਼ਹੀਦ ਭਗਤ ਸਿੰਘ ਵੱਲੋਂ ਅਜ਼ਾਦੀ ਦੀ ਲੜਾਈ ’ਚ ਕੁੱਦਣ ਜਾਂ ਸ਼ਹਾਦਤ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ। ਇਹ ਵਿਦਿਆਰਥੀ ਤਾਂ ਸ਼ਹੀਦ ਭਗਤ ਸਿੰਘ ਦੇ ਪਿਤਾ ਦਾ ਸਹੀ ਨਾਂ ਨਹੀ ਦੱਸ ਸਕੇ। ਇਹੋ ਹੀ ਨਹੀਂ ਇਹ ਬੱਚੇ ਮਾਤਾ ਦੇ ਨਾਮ ਜਾਂ ਰਾਜਮਾਤਾ ਦਾ ਸਨਮਾਨ ਮਿਲਣ ਅਤੇ ਅਸੈਂਬਲੀ ’ਚ ਬੰਬ ਸੁੱਟਣ ਵਾਲੀ ਘਟਨਾ ਤੋਂ ਵੀ ਅਣਜਾਣ ਸਨ। ਉਂਜ ਸਰਕਾਰੀ ਸਪੋਰਟਸ ਸਕੂਲ ਘੱਦਾ ਦੇ ਵਿਦਿਆਰਥੀਆਂ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀ ਅਜਾਦੀ ਦੀ ਲੜਾਈ ਦੌਰਾਨ ਰਹੀ ਭੂਮਿਕਾ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਸੋਚ ਤੇ ਪਹਿਰਾ ਦੇਣ ਦੀ ਲੋੜ-ਮਾਨ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਸ਼ਹੀਦ ਭਗਤ ਸਿੰਘ ਵਰਗੇ ਅਜ਼ਾਦੀ ਪ੍ਰਵਾਨਿਆਂ ਨੇ ਜਿਸ ਆਜ਼ਾਦ ਫਿਜ਼ਾ ਦੇ ਨਕਸ਼ ਤਰਾਸ਼ੇ ਹੋਣਗੇ, ਜੇ ਉਹ ਹੁਣ ਦੇਖਦੇ ਤਾਂ ਉਨ੍ਹਾਂ ਨ ਇਸ ਅਜ਼ਾਦੀ ਤੇ ਅਫਸੋਸ ਹੀ ਹੋਣਾ ਸੀ। ਉਨ੍ਹਾਂ ਕਿਹਾ ਕਿ ਇਹ ਕੇਹੀ ਅਜ਼ਾਦੀ ਹੈ ਜਿਸ ਵਿੱਚ ਰੁਜ਼ਗਾਰ ਖਾਤਰ ਕੋਈ ਟੈਂਕੀ ’ਤੇ ਚੜ੍ਹਨ ਲਈ ਮਜਬੂਰ ਹੈ ਅਤੇ ਕਿਧਰੇ ਪੁਲਿਸ ਹੱਕ ਮੰਗਣ ਵਾਲਿਆਂ ਤੇ ਡਾਂਗਾਂ ਚਲਾ ਰਹੀ ਹੈ । ਉਨ੍ਹਾਂ ਕਿਹਾ ਕਿ ਵਤਨ ਲਈ ਜੋ ਕੁੱਝ ਸ਼ਹੀਦ ਭਗਤ ਸਿੰਘ ਆਪਣੇ ਸਾਥੀਆਂ ਨਾਲ ਕਰ ਗਿਆ ਉਸ ਨੂੰ ਦੇਖਦਿਆਂ ਹਰ ਦੇਸ਼ ਵਾਸੀ ਦਾ ਸ਼ਹੀਦਾਂ ਦੀ ਸੋਚ ਤੇ ਪਹਿਰਾ ਦੇਣ ਦਾ ਫਰਜ਼ ਬਣਦਾ ਹੈ ।
ਵਿਚਾਰ ਅਪਨਾਉਣੇ ਜਰੂਰੀ:ਸੇਵੇਵਾਲਾ
ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਜਰਨਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਦਾ ਕਹਿਣਾ ਸੀ ਕਿ ਕੁਰਬਾਨੀ ਨੂੰ ਦੇਖਦਿਆਂ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀਆਂ ਭੇਂਟ ਕਰਨਾ ਵੀ ਜਰੂਰੀ ਹੈ ਪਰ ਅਸਲ ਜਰੂਰਤ ਸ਼ਹੀਦ ਦੇ ਵਿਚਾਰਾਂ ਨੂੰ ਅਪਨਾਉਣ ਦੀ ਹੈ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੇ ਸੁਫਨੇ ਮੁਤਾਬਕ ਬਰਾਬਰੀ ਦੇ ਸਮਾਜ ਦੀ ਸਿਰਜਣਾ ਲਈ ਯਤਨ ਤਰਜੀਹੀ ਏਜੰਡਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਾਦੀ ਪ੍ਰਵਾਨਿਆਂ ਦਾ ਸੰਦੇਸ਼ ਭੁੱਲ ਜਾਣ ‘ਚ ਨਵੀਂ ਪੀੜ੍ਹੀ ਦਾ ਬਹੁਤਾ ਕਸੂਰ ਨਹੀਂ ਹੈ। ਉਨ੍ਹਾਂਕਿਹਾ ਕਿ ਸਾਮਰਾਜੀ ਮੁਲਕਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਿੱਜੀਕਰਨ, ਵਿਸ਼ਵੀਕਰਨ ਅਤੇ ਕਾਰਪੋਰੇਟ ਪੱਖੀ ਹਮਾਇਤੀ ਰਾਜ ਪ੍ਰਬੰਧ ਦਾ ਜੋਰ ਇਸ ’ਤੇ ਲੱਗਾ ਹੋਇਆ ਹੈ ਕਿ ਨਵੀਂ ਪੀੜ੍ਹੀ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਬਾਰੇ ਜਾਣ ਹੀ ਨਾ ਸਕੇ ।
ਸ਼ਹੀਦਾਂ ਦਾ ਸੰਦੇਸ਼ ਗੁੰਮ -ਅਜੀਤਪਾਲ
ਜਮਹੂਰੀ ਅਧਿਕਾਰ ਸਭਾ ਦੇ ਆਗੂ ਡਾਕਟਰ ਅਜੀਤਪਾਲ ਸਿੰਘ ਦਾ ਕਹਿਣਾ ਸੀ ਕਿ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਜਾਂ ਜਨਮ ਦਿਵਸ ਮੌਕੇ ਸਮਾਗਮ ਕਰਵਾਉਣ ਦੀ ਦੌੜ ਤਾਂ ਲੱਗਦੀ ਹੈ ਪਰ ਹੈਰਾਨਕੁੰਨ ਹੈ ਕਿ ਸ਼ਹੀਦਾਂ ਦਾ ਸੁਨੇਹਾ ਅਮਲੀ ਰੂਪ ’ਚ ਕਿਧਰੇ ਵੀ ਨਜਰ ਨਹੀਂ ਆਉਂਦਾ ਹੈ । ਉਨ੍ਹਾਂ ਕਿਹਾ ਕਿ ਜੰਗੇ ਅਜ਼ਾਦੀ ਨਾਲ ਸਬੰਧਤ ਸਾਹਿਤ ਵੱਡੀ ਪੱਧਰ ਤੇ ਵਿਕਦਾ ਹੋਣ ਦੇ ਬਾਵਜੂਦ ਲੋਕਾਂ ਦੇ ਵਿਚਾਰਾਂ ’ਚ ਅਜੇ ਤੱਕ ਕੋਈ ਨਿੱਗਰ ਤਬਦੀਲੀ ਨਹੀਂ ਆਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਗਤ ਪ੍ਰੀਵਾਰ ਵਿੱਚ ਜਨਮ ਲੈਣ ਵਾਲੇ ਸ਼ਹੀਦ ਭਗਤ ਸਿੰਘ ਨੇ ਅਜਿਹੀ ਅਜ਼ਾਦੀ ਦਾ ਸਪਨਾ ਦੇਖਿਆ ਜਿਸ ਨੂੰ ਸਾਕਾਰ ਕਰਨ ਲਈ ਉਸ ਨੇ ਕੁਰਬਾਨੀ ਦਿੱਤੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਰਾਹ ਦਸੇਰਾ ਬਣ ਗਿਆ ਹੈ।