ਵੱਡੀ ਖ਼ਬਰ: ਵਿਧਾਨ ਸਭਾ ਇਜਲਾਸ ਦੌਰਾਨ ਡਿਪਟੀ ਸਪੀਕਰ ਰੌੜੀ ਵੱਲੋਂ ਅਨੁਮਾਨ ਕਮੇਟੀ ਦੀ ਰਿਪੋਰਟ ਪੇਸ਼
ਚੰਡੀਗੜ੍ਹ, 24 ਮਾਰਚ 2025: ਪੰਜਾਬ ਵਿਧਾਨ ਸਭਾ ਦੇ ਇਜਲਾਸ ਦੌਰਾਨ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸਰਦਾਰ ਜੈ ਕ੍ਰਿਸ਼ਨ ਸਿੰਘ ਰੌੜੀ ਵੱਲੋਂ ਬਤੌਰ ਚੇਅਰਮੈਂਨ ਅਨੁਮਾਨ ਕਮੇਟੀ, ਵਣ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ (ਪੰਜਾਬ) ਅਤੇ ਮਾਲ ਅਤੇ ਮੁੜ ਵਸੇਬਾ ਵਿਭਾਗ (ਪੰਜਾਬ) ਦੇ ਬਜਟ ਅਨੁਮਾਨਾਂ ਬਾਰੇ ਰਿਪੋਰਟ ਪੇਸ਼ ਕੀਤੀ।
ਰਿਪੋਰਟ ਪੇਸ਼ ਕਰਦਿਆਂ ਡਿਪਟੀ ਸਪੀਕਰ ਰੌੜੀ ਨੇ ਕਿਹਾ ਕਿ ਕਮੇਟੀ ਵੱਲੋਂ ਇਨ੍ਹਾਂ ਵਿਭਾਗਾਂ ਦੀ ਸਮੱਗਰੀ ਦੀ ਪੂਰੀ ਤਰ੍ਹਾਂ ਘੋਖ ਕਰਕੇ, ਵਿਭਾਗੀ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕਰਕੇ ਰਿਪੋਰਟਾਂ ਸਦਨ ਵਿੱਚ ਪੇਸ਼ ਕੀਤੀਆਂ ਗਈਆਂ ਹਨ।
ਮਾਲ ਅਤੇ ਮੁੜ ਵਸੇਬਾ ਵਿਭਾਗ ਦੀ ਰਿਪੋਰਟ ਵਿੱਚ ਮਾਲ ਅਧਿਕਾਰੀਆਂ ਦੀ ਦਫ਼ਤਰ ਵਿੱਚ ਸਮੇਂ ਸਿਰ ਹਾਜ਼ਰੀ ਸਬੰਧੀ ਜ਼ਿਲ੍ਹਾ ਮੁਖੀਆਂ ਨੂੰ ਹਦਾਇਤਾਂ, ਪਟਵਾਰੀਆਂ ਦੀ ਹਾਜ਼ਰੀ ਅਤੇ ਨਿਰਧਾਰਿਤ ਸਮੇਂ ਤੋਂ ਬਾਅਦ ਇੰਤਕਾਲ ਲੰਬਿਤ ਹੋਣ ਸਬੰਧੀ ਅਚਨਚੇਤ ਚੈਕਿੰਗ, ਫਰਦਾਂ ਸਬੰਧੀ, ਜ਼ਮੀਨਾਂ ਦੀ ਨਿਸ਼ਾਨਦੇਹੀ ਸਬੰਧੀ ਆਨਲਾਇਨ ਪ੍ਰਕਿਰਿਆ ਨੂੰ ਸੁਖਾਲਾ ਬਣਾਉਣ ਸਬੰਧੀ ਢੁੱਕਵੀਆਂ ਸਿਫਾਰਸ਼ਾਂ ਕੀਤੀਆਂ ਗਈਆਂ ਹਨ।
ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਰਿਪੋਰਟ ਵਿੱਚ ਸਦਨ ਵੱਲੋਂ ਅਲਾਟ ਕੀਤੇ ਗਏ ਬਜਟ ਦੀ ਸੁਚੱਜੀ ਵਰਤੋਂ, ਕਾਰਜਬਲ ਸਥਿਰਤਾ ਨੂੰ ਬਿਹਤਰ ਬਣਾਉਣ ਲਈ ਦਿਹਾੜੀਦਾਰ ਅਤੇ ਠੇਕੇ ‘ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਸਬੰਧੀ, ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਬਦਲੀਆਂ ‘ਤੇ ਜ਼ੋਰ ਦਿੱਤਾ ਗਿਆ। ਕਮੇਟੀ ਨੇ ਖਾਲੀ ਪਈ ਸਰਕਾਰੀ ਜ਼ਮੀਨ, ਨਦੀਆਂ, ਨਹਿਰਾਂ, ਡਰੇਨਾਂ, ਸੜਕਾਂ ‘ਤੇ ਕਿੱਕਰ, ਟਾਹਲੀ, ਜੰਗ, ਕਰੀਰ, ਜਾਮਣ, ਅੰਬ, ਡੇਕ, ਨਿੰਮ, ਬੋਹੜ, ਪਿੱਪਲ ਵਰਗੇ ਦੇਸ਼ੀ ਰੁੱਖ ਲਗਾ ਕੇ ਹਰਿਆਵਲ ਵਧਾਉਣ ਸਬੰਧੀ ਯਤਨਾਂ ਲਈ ਢੁਕਵੀਆਂ ਸਿਫਾਰਸ਼ਾਂ ਕੀਤੀਆਂ ਗਈਆਂ ਹਨ।
ਡਿਪਟੀ ਸਪੀਕਰ ਨੇ ਕਿਹਾ ਕਿ ਕਮੇਟੀ ਨੇ ਇਸ ਸਾਲ ਛਾਣਬੀਣ ਕਰਨ ਲਈ ਸੂਬਾ ਸਰਕਾਰ ਦੇ 29 ਵਿਭਾਗਾਂ ਦੀ ਚੋਣ ਕੀਤੀ ਗਈ ਸੀ। ਕਮੇਟੀ ਵੱਲੋਂ ਸਾਰੇ ਵਿਭਾਗਾਂ ਦੇ ਰਿਕਾਰਡਾਂ ਦੀ ਜਾਂਚ ਕੀਤੀ ਗਈ, ਸਾਰੇ ਵਿਭਾਗਾਂ ਦੇ ਮੁੱਖੀਆਂ ਦੀ ਮੌਖਿਕ ਪ੍ਰੀਖਿਆ ਕੀਤੀ ਗਈ ਅਤੇ ਵਿੱਤੀ ਅਨੁਮਾਨਾਂ ਦੀ ਮੁਕੰਮਲ ਘੋਖ ਕੀਤੀ ਗਈ।
ਜਨਤਕ ਫੰਡਾਂ ਦੀ ਸੁਚੱਜੀ ਵਰਤੋਂ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਰੌੜੀ ਨੇ ਕਿਹਾ ਕਿ ਜਿਹੜਾ ਪੈਸਾ ਸਦਨ ਵੱਲੋਂ ਬਜਟ ਰਾਹੀਂ ਵੱਖ -2 ਵਿਭਾਗਾਂ ਨੂੰ ਦਿੱਤਾ ਜਾਂਦਾ ਹੈ, ਇਹ ਆਮ ਲੋਕਾਂ ਦਾ ਪੈਸਾ ਹੈ। ਉਨ੍ਹਾਂ ਕਿਹਾ ਕਿ ਵਿਭਾਗਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਹਨਾਂ ਫੰਡਾਂ ਦੀ ਵਰਤੋਂ ਨਾਗਰਿਕਾਂ ਦੀ ਵੱਧ ਤੋਂ ਵੱਧ ਭਲਾਈ ਲਈ ਕੁਸ਼ਲਤਾ ਅਤੇ ਪਾਰਦਰਸ਼ੀ ਢੰਗ ਨਾਲ ਕੀਤੀ ਜਾਵੇ।
ਇਸ ਉਪਰੰਤ ਡਿਪਟੀ ਸਪੀਕਰ ਰੌੜੀ ਨੇ ਰਿਪੋਰਟ ਤਿਆਰ ਕਰਨ ਵਿੱਚ ਕੀਤੇ ਗਏ ਯਤਨਾਂ ਲਈ ਕਮੇਟੀ ਦੇ ਸਾਰੇ ਮੈਂਬਰਾਂ ਅਤੇ ਵਿਧਾਨ ਸਭਾ ਸਕੱਤਰੇਤ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ।