ਈਕੋ ਵੀਲਰਜ਼ ਸਾਈਕਲ ਕਲੱਬ ਨੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਾਈਕਲ ਰੇਸ ਮੌਕੇ ਦਿਖਾਏ ਜੌਹਰ
ਅਸ਼ੋਕ ਵਰਮਾ
ਮਾਨਸਾ 24 ਮਾਰਚ 2025 : ਰਾਮਪੁਰਾ ਸਾਈਕਲਿੰਗ ਕਲੱਬ ਨੇ ਰੰਗ ਦੇ ਬਸੰਤੀ ਨਾਮ ਹੇਠ ਰਾਮਪੁਰਾ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਾਈਕਲ ਰੇਸ ਅਤੇ ਰਾਈਡ ਦਾ ਪ੍ਰਬੰਧ ਕੀਤਾ। ਇਸ ਮੌਕੇ ਈਕੋ ਵੀਲਰਜ ਸਾਈਕਲ ਕਲੱਬ ਮਾਨਸਾ ਦੇ ਅਮਨਦੀਪ ਸਿੰਘ ਉਰਫ ਅਮਨ ਔਲਖ, ਅੰਕੁਸ਼ ਜਿੰਦਲ, ਰਾਕੇਸ਼ ਗੋਇਲ, ਕਨਵਰ ਜਟਾਣਾ, ਲੋਕ ਰਾਮ ਸਾਕੀਆ, ਗੁਰਪ੍ਰੀਤ ਸਦਿਓੜਾ, ਆਲਮ ਸਿੰਘ ਰਾਣਾ, ਸੁਨੀਲ ਕੁਮਾਰ, ਜਰਨੈਲ ਸਿੰਘ, ਜਸਵਿੰਦਰ ਕੌਰ ਚਹਿਲ ਅਤੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਨੇ ਸ਼ਿਰਕਤ ਕੀਤੀ ਅਤੇ ਮੁਕਾਬਲੇ ਵਿੱਚ ਭਾਗ ਲਿਆ।ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਸਾਈਕਲਿੰਗ ਕਲੱਬਾਂ ਵਿੱਚ ਭਾਗ ਲੈ ਕੇ ਲੋਹਾ ਮੰਨਵਾ ਚੁੱਕੇ 9 ਵਾਰ ਦੇ ਐਸ.ਆਰ. ਵਿਜੇਤਾ ਅਮਨਦੀਪ ਸਿੰਘ ਉਰਫ ਅਮਨ ਔਲਖ ਨੇ 50 ਕਿਲੋਮੀਟਰ ਦੀ (50 ਤੋਂ ਘੱਟ ਉਮਰ) ਸਾਈਕਲ ਰੇਸ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰਾ ਅੰਕੁਸ਼ ਜਿੰਦਲ ਨੇ ਤੀਸਰਾ, ਕਨਵਰ ਜਟਾਣਾ ਨੇ ਚੌਥਾ, ਰਾਕੇਸ਼ ਗੋਇਲ(50 ਤੋਂ ਵੱਧ ਉਮਰ) ਨੇ ਤੀਸਰਾ ਅਤੇ 50 ਕਿਲੋਮੀਟਰ ਸਾਈਕਲ ਰਾਈਡ ਵਿੱਚ ਹਿੱਸਾ ਲੈਣ ਵਾਲੇ ਈਕੋ ਵੀਲਰਜ ਕਲੱਬ ਦੇ ਬਾਕੀ ਮੈਂਬਰਾਂ ਨੇ ਵੀ ਪਹਿਲੀ ਕਤਾਰ ਵਿੱਚ ਸਫਲਤਾ ਹਾਸਲ ਕੀਤੀ।
ਕਲੱਬ ਦੀ ਹੋਣਹਾਰ ਰਾਈਡਰ ਜਸਵਿੰਦਰ ਕੌਰ ਚਹਿਲ ਨੇ ਪਹਿਲੀ ਵਾਰ ਹਿੱਸਾ ਲੈ ਕੇ 30 ਕਿਲੋਮੀਟਰ ਦੀ ਰਾਈਡ ਵਿੱਚ ਵਧੀਆ ਪ੍ਰਦਰਸ਼ਨ ਕਰਦਿਆ ਪੂਰੀ ਕੀਤੀ।
ਪ੍ਰਧਾਨ ਬਲਵਿੰਦਰ ਸਿੰਘ ਕਾਕਾ ਜੋ ਖੁਦ ਇਸ ਈਵੈਂਟ ਦਾ ਹਿੱਸਾ ਸਨ, ਵੱਲੋਂ ਈਕੋ ਵੀਲਰਜ ਸਾਈਕਲ ਕਲੱਬ ਦਾ ਨਾਮ ਰੋਸ਼ਨ ਕਰਨ ਵਾਲੇ ਸਾਰੇ ਹੀ ਯੋਧਿਆ ਨੂੰ ਵਧਾਈ ਦਿੰਦਿਆ ਦੱਸਿਆ ਕਿ ਸਾਈਕਲ ਜਿਥੇ ਖੇਡਾਂ ਦਾ ਸਿੰਗਾਰ ਬਣ ਗਿਆ ਹੈ, ਉਥੇ ਹੀ ਇਸਦਾ ਵਾਤਾਵਰਣ ਨੂੰ ਬਚਾਉਣ ਅਤੇ ਸਰੀਰਕ ਫਿਟਨੈੱਸ ਵਿੱਚ ਵੀ ਇਸਦਾ ਅਹਿਮ ਯੋਗਦਾਨ ਹੈ। ਉਨ੍ਹਾਂ ਸਾਰੇ ਸ਼ਹਿਰ ਵਾਸੀਆ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਈਕੋ ਵੀਲਰਜ ਕਲੱਬ ਨਾਲ ਜੁੜਨ ਅਤੇ ਤੰਦਰੁਸਤ ਜੀਵਨ ਬਤੀਤ ਕਰਨ।