ਫਾਸ਼ੀਵਾਦ ਦੇ ਦੌਰ ਵਿੱਚ ਭਗਤ ਸਿੰਘ ਦੀ ਵਿਚਾਰਧਾਰਾ ਤੇ ਪਹਿਰਾ ਦੇਣਾ ਸਮੇਂ ਦੀ ਮੁੱਖ ਲੋੜ - ਡਾਕਟਰ ਪਿਆਰੇ ਲਾਲ ਗਰਗ
ਰੋਹਿਤ ਗੁਪਤਾ
ਗੁਰਦਾਸਪੁਰ 23 ਮਾਰਚ 2025 - ਕਾਮਰੇਡ ਰਾਮ ਸਿੰਘ ਦੱਤ ਹਾਲ ਯਾਦਗਾਰ ਸੁਸਾਇਟੀ ਵੱਲੋਂ ਗੁਰਦਾਸਪੁਰ ਵਿਖੇ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦੇ 95 ਵੇ ਸ਼ਹੀਦੀ ਦਿਵਸ ਮੌਕੇ ਅਜੌਕੇ ਸਮੇਂ ਵਿੱਚ ਭਗਤ ਸਿੰਘ ਦੀ ਵਿਚਾਰਧਾਰਾ ਦੀ ਸਾਰਥਿਕਤਾ ਤੇ ਵਿਚਾਰ ਚਰਚਾ ਕਰਵਾਈ ਗਈ। ਜਿਸ ਵਿਚ ਬਾਬਾ ਫ਼ਰੀਦ ਮੈਡੀਕਲ ਸਾਇੰਸ ਸਿੱਖਿਆ ਦੇ ਸਾਬਕਾ ਰਜਿਸਟਰਾਰ ਡਾਕਟਰ ਪਿਆਰੇ ਲਾਲ ਗਰਗ ਨੇ ਮੁੱਖ ਬੁਲਾਰੇ ਵਜੋਂ ਭਾਗ ਲਿਆ।
ਅੱਜ ਦੀ ਕਨਵੈਨਸ਼ਨ ਦੀ ਪ੍ਰਧਾਨਗੀ ਯਾਦਗਾਰ ਸੁਸਾਇਟੀ ਦੇ ਪ੍ਰਧਾਨ ਵੱਸਣ ਸਿੰਘ ਸੰਧੂ, ਡਾਕਟਰ ਜਗਜੀਵਨ ਲਾਲ, ਕਾਮਰੇਡ ਰਘਬੀਰ ਸਿੰਘ ਰੋਸੇ ਪਕੀਵਾਂ, ਮੱਖਣ ਕੁਹਾੜ, ਸੁਖਦੇਵ ਸਿੰਘ ਭਾਗੋਕਾਵਾਂ, ਡਾਕਟਰ ਅਨੂਪ ਸਿੰਘ, ਤਰਲੋਚਨ ਸਿੰਘ ਲੱਖੋਵਾਲ, ਐਡਵੋਕੇਟ ਸੁਖਵਿੰਦਰ ਸਿੰਘ ਕਾਹਲੋਂ ਕਾਮਰੇਡ ਅਵਤਾਰ ਸਿੰਘ ਨੇ ਕੀਤੀ। ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਤੋਂ ਬਾਅਦ ਵਿਚਾਰ ਚਰਚਾ ਦੀ ਸ਼ੁਰੂਆਤ ਕਰਵਾਉਂਦਿਆਂ ਕਮੇਟੀ ਦੇ ਪ੍ਰੈਸ ਸਕੱਤਰ ਅਮਰਜੀਤ ਸ਼ਾਸਤਰੀ ਨੇ ਕਿਹਾ ਕਿ ਇਹ ਸੁਸਾਇਟੀ ਦੇਸ਼ ਭਗਤਾਂ ਦੀ ਵਿਰਾਸਤ ਨੂੰ ਸੰਭਾਲਣ, ਲੋਕ ਪੱਖੀ ਵਿਚਾਰਧਾਰਾ ਨੂੰ ਅੱਗੇ ਵਧਾਉਣ, ਅਤੇ ਜਮਹੂਰੀ ਕਦਰਾਂ ਕੀਮਤਾਂ ਤੇ ਪਹਿਰਾ ਦੇਣ ਵਾਲੇ ਲੋਕਾਂ ਨਾਲ ਕਦਮ ਤੇ ਕਦਮ ਮਿਲਾ ਕੇ ਚਲਦੀ ਹੈ। ਸਮੇਂ ਸਮੇਂ ਤੇ ਵੱਖ ਵੱਖ ਕੌਮੀ ਸ਼ਹੀਦਾਂ, ਲੋਕ ਲਹਿਰਾਂ ਦੇ ਨਾਇਕਾਂ ਦੇ ਦਿਨ ਮਨਾਉਂਦੀ ਹੈ।
ਕਿਸਾਨਾਂ ਮਜ਼ਦੂਰਾਂ, ਮੁਲਾਜ਼ਮਾਂ, ਲੇਖਕਾਂ, ਬੁਧੀਜੀਵੀਆਂ ਅਤੇ ਵਿਦਿਆਰਥੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਡਾਕਟਰ ਪਿਆਰੇ ਲਾਲ ਗਰਗ ਨੇ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਸਮਝਣ, ਉਸ ਅਨੁਸਾਰ ਸੰਘਰਸ਼ ਦੇ ਪੈਂਤੜੇ ਘੜਣ ਤੇ ਜ਼ੋਰ ਦਿੱਤਾ। ਉਹਨਾਂ ਦੱਸਿਆ ਕਿ ਭਗਤ ਸਿੰਘ ਨੂੰ ਬੰਬ ਬੰਦੂਕਾਂ ਦਾ ਧਾਰਨੀ ਕਹਿ ਕੇ ਉਨ੍ਹਾਂ ਦੀ ਵਿਚਾਰਧਾਰਾ ਨੂੰ ਛੁਟਿਆਉਣ ਦੀ ਕੋਝੀ ਹਰਕਤ ਕੀਤੀ ਜਾ ਰਹੀ ਹੈ। ਜਦੋਂ ਕਿ ਉਹ ਪਰਮ ਗਿਆਨੀ, ਜਥੇਬੰਦਕ ਕਪਤਾਨ, ਅਤੇ ਸਮਾਜਵਾਦੀ ਸੰਕਲਪਾਂ ਦਾ ਧਾਰਨੀ ਸੀ। ਪੜ੍ਹਾਈ ਵਿੱਚ ਹੁਸ਼ਿਆਰ, ਲਿਖਣ ਪੜ੍ਹਨ ਵਿਚ ਨਿਪੁੰਨ ਅਤੇ ਵਧੀਆ ਬੁਲਾਰਾ ਸੀ। ਉਸਨੇ ਵੱਖ ਵੱਖ ਨਾਵਾਂ ਹੇਠ ਬਹੁਤ ਸਾਰੇ ਆਰਟੀਕਲ ਲਿਖੇ। ਜੋ ਹਿੰਦੁਸਤਾਨ ਦੀ ਆਜ਼ਾਦੀ ਦੀ ਯੰਗ ਵਿਚ ਲੋਕ ਲਹਿਰਾਂ ਨੂੰ ਤੇਜ਼ ਕਰਨ ਵਿੱਚ ਸਹਾਈ ਹੋਏ ਹਨ।
ਅਜੋਕੇ ਫਾਸ਼ੀਵਾਦ ਦੇ ਦੌਰ ਵਿੱਚ ਉਹਨਾਂ ਦੀਆਂ ਲਿਖਤਾਂ ਸਾਡੇ ਸਾਰਿਆਂ ਲਈ ਰਾਹ ਦਸੇਰਾ ਹਨ। ਸਾਨੂੰ ਸਮੁੱਚੇ ਮਿਹਨਤ ਕਿ ਲੋਕਾਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਹਾਕਮ ਜਮਾਤਾਂ ਦੇ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਸੰਘਰਸ਼ ਕਰਨਾ ਚਾਹੀਦਾ ਹੈ। ਸੁਸਾਇਟੀ ਦੇ ਮੈਂਬਰ ਕਾਮਰੇਡ ਮੱਖਣ ਕੁਹਾੜ ਨੇ ਪੇਸ਼ ਮੱਤੇ ਸਰਵਸੰਮਤੀ ਨਾਲ ਪਾਸ ਕੀਤੇ ਗਏ।ਜੋ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਅੰਦੋਲਨ ਨੂੰ ਕੁਚਲਣ ਲਈ ਵਰਤੇ ਗਏ ਹਥਕੰਡਿਆਂ ਦੀ ਨਿੰਦਾ ਤੇ ਜ਼ੋਰ ਦਿੱਤਾ ਅਤੇ ਜੇਲ੍ਹੀ ਡੱਕੇ ਹੋਏ ਕਿਸਾਨਾਂ ਦੀ ਰਿਹਾਈ ਦੀ ਮੰਗ ਕੀਤੀ। ਅਮਰੀਕੀ ਸਾਮਰਾਜ ਦੀ ਸ਼ਹਿ ਤੇ ਫ਼ਲਸਤੀਨੀ ਲੋਕਾਂ ਦਾ ਘਾਣ ਕਰਨ ਵਾਲੀ ਨੀਤੀ ਵਾਪਸ ਲਈ ਜਾਵੇ। ਨਕਸਲੀਆਂ ਦੀ ਨਸਲਕੁਸ਼ੀ ਦੇ ਨਾਮ ਹੇਠ ਆਦਿਵਾਸੀਆਂ ਦੇ ਕਤਲਾਮ ਨੂੰ ਬੰਦ ਕੀਤਾ ਜਾਵੇ। ਫਿਰੋਜ਼ਪੁਰ ਦੇ ਤੂੜੀ ਬਜ਼ਾਰ ਵਿੱਚ ਭਗਤ ਸਿੰਘ ਹੁਰਾਂ ਦੇ ਗੁਪਤ ਟਿਕਾਣੇ ਨੂੰ ਲੋਕਾਂ ਨੂੰ ਸਮਰਪਿਤ ਕੀਤਾ ਜਾਵੇ| ਨਵੀਂ ਸਿੱਖਿਆ ਨੀਤੀ ਵਾਪਸ ਲਈ ਜਾਵੇ। ਸੁਸਾਇਟੀ ਮੈਂਬਰਾਂ ਵੱਲੋਂ ਜਸਵਿੰਦਰ ਸਿੰਘ ਪਾਹੜਾ ਦਾ ਇਸ ਮੌਕੇ ਲੰਗਰ ਲਾਉਣ ਦਾ ਧੰਨਵਾਦ ਕੀਤਾ। ਇਸ ਮੌਕੇ ਵੱਖ ਵੱਖ ਕਵੀਆਂ ਵਲੋਂ ਲੋਕ ਪੱਖੀ ਕਵਿਤਾਵਾਂ ਪੇਸ਼ ਕੀਤੀਆਂ ਗਈਆਂ।
ਇਸ ਮੌਕੇ ਵੱਖ ਵੱਖ ਕਿਸਾਨ ਆਗੂਆਂ ਸਤਿਬੀਰ ਸਿੰਘ ਸੁਲਤਾਨੀ, ਸੁਰਿੰਦਰ ਸਿੰਘ, ਲਖਵਿੰਦਰ ਸਿੰਘ ਮਰਾੜ, ਜਗੀਰ ਸਿੰਘ ਸਲਾਚ ਕਸ਼ਮੀਰ ਸਿੰਘ ਤੁਗਲਵਾਲ ਗੁਰਦੀਪ ਸਿੰਘ ਮੁਸਤਫਾਬਦ ਵਿਜੇ ਕੁਮਾਰ ਅਗਨੀਹੋਤਰੀ, ਹੀਰਾ ਸਿੰਘ ਸੈਣੀ, ਕੁਲਵਿੰਦਰ ਸਿੰਘ ਤਿੱਬੜ, ਸੁਖਦੇਵ ਸਿੰਘ ਬਹਿਰਾਮਪੁਰ ਗੁਰਵਿੰਦਰ ਸਿੰਘ ਜੀਵਨ ਚੱਕਰ, ਅਮਰ ਕ੍ਰਾਂਤੀ, ਸ਼ਮਸ਼ੇਰ ਸਿੰਘ, ਕਾਮਰੇਡ ਜੋਗਿੰਦਰ ਪਾਲ ਪਨਿਆੜ, ਤਰਲੋਕ ਸਿੰਘ ਬਹਿਰਾਮਪੁਰ, ਠਾਕੁਰ ਧਿਆਨ ਸਿੰਘ ਵਰਗਿਸ ਸਲਾਮਤ, ਸੀਤਲ ਸਿੰਘ, ਬਲਵਿੰਦਰ ਕੌਰ, ਹਰਜੀਤ ਸਿੰਘ ਆਲਮ, ਮੰਗਤ ਚੰਚਲ, ਰਣਜੀਤ ਸਿੰਘ ਧਾਲੀਵਾਲ ਹਾਜ਼ਰ ਸਨ।