ਗੁਰਨਾਮ ਸਿੱਧੂ
ਫ਼ਿਰੋਜ਼ਪੁਰ 29 ਅਗਸਤ 2019 : ਫ਼ਿਰੋਜ਼ਪੁਰ ਤੋਂ ਥੋੜ੍ਹੀ ਦੂਰੀ ਤੇ ਸਥਿਤ ਪਿੰਡ ਲੂਥਰ ਗੰਗ ਕਨਾਲ ਨਹਿਰ ਵਿਚ ਪਾੜ ਪੈ ਗਿਆ। ਜਿਸ ਨਾਲ ਕਿਸਾਨਾਂ ਦੀਆਂ ਫਸਲਾਂ ਡੁੱਬ ਗਈਆਂ ਹਨ।
ਜਾਣਕਾਰੀ ਮੁਤਾਬਿਕ ਅੱਜ ਸਵੇਰੇ 5.30 ਵਜੇ ਦੇ ਕਰੀਬ ਗੰਗ ਕਨਾਲ ਨਹਿਰ ਵਿਚ ਅਚਾਨਕ ਵਧੇ ਪਾਣੀ ਕਾਰਨ ਪਿੰਡ ਲੂਥਰ ਕੋਲੋਂ 20- 25 ਫੁੱਟ ਪਾੜ ਪੈ ਗਿਆ ਜਿਸ ਨਾਲ ਪਾਣੀ ਤੇਜੀ ਨਾਲ ਫਸਲਾਂ ਡ ਡੋਬ ਰਿਹਾ ਹੈ। ਇਸ ਦੇ ਨਾਲ ਹੀ ਪਾਣੀ ਪਿੰਡ ਲੂਥਰ ਵੱਲ ਵਧ ਰਿਹਾ ਹੈ। ਅਚਨਚੇਤ ਆਏ ਇਸ ਪਾਣੀ ਨਾਲ ਪਿੰਡ ਵਿੱਚ ਭਾਜੜ ਪੈ ਗਈ ਅਤੇ ਲੋਕਾਂ ਨੇ ਘਰਾਂ ਦਾ ਸਮਾਨ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ।
ਪਾਣੀ ਟੁੱਟਦੇ ਸਾਰ ਹੀ ਪਿੰਡ ਦੇ ਲੋਕ ਨਹਿਰ ਵਿਚ ਪਏ ਇਸ ਪਾੜ ਨੂੰ ਪੂਰਨ ਦੀ ਕੋਸ਼ਿਸ਼ ਕਰਨ ਲੱਗੇ। ਅਗਰ ਜਲਦੀ ਇਸ ਤੇ ਕਾਬੂ ਨਾ ਪਾਇਆ ਗਿਆ ਤਾਂ ਭਾਰੀ ਬਰਬਾਦੀ ਕਰ ਸਕਦਾ ਹੈ ।
ਦੱਸ ਦੇਈਏ ਕਿ ਹਾਲੇ ਟੇਂਡੀ ਵਾਲਾ ਬੰਨ੍ਹ ਟੁੱਟਣ ਦਾ ਖ਼ਤਰਾ ਥੋੜ੍ਹਾ ਟਲਿਆ ਹੀ ਸੀ ਕਿ ਫ਼ਿਰੋਜ਼ਪੁਰ ਦੇ ਕਿਸਾਨਾਂ ਨੂੰ ਗੰਗ ਕਨਾਲ ਨਹਿਰ ਟੁੱਟਣ ਨਾਲ ਰਾਹਤ ਮਿਲਦੀ ਨਜਰ ਨਹੀ ਅਾ ਰਹੀ। ਸੂਤਰਾਂ ਮੁਤਾਬਿਕ ਬਾਲੇ ਵਾਲਾ ਹੈੱਡ ਤੋਂ ਪਾਣੀ ਜ਼ਿਆਦਾ ਛੱਡੇ ਜਾਣ ਕਾਰਨ ਇਹ ਨਹਿਰ ਟੁੱਟ ਗਈ। ਓਧਰ ਖਬਰ ਮਿਲਦੇ ਸਾਰ ਹੀ ਡਿਪਟੀ ਕਮਿਸ਼ਨਰ ਚੰਦਰ ਗੈਂਦ ਅਤੇ ਐੱਸ ਐੱਸ ਪੀ ਵਿਵੇਕਸ਼ੀਲ ਸੋਨੀ ਅਧਿਕਾਰੀਆਂ ਨੂੰ ਨਾਲ ਲੈਕੇ ਮੌਕੇ 'ਤੇ ਪੁੱਜ ਗਏ ਅਤੇ ਨਹਿਰ ਦੇ ਟੁੱਟੇ ਪਾਣੀ ਨੂੰ ਬੰਨ੍ਹਣ ਲਈ ਜੰਗੀ ਪੱਧਰ ਤੇ ਕਾਰਵਾਈ ਸ਼ੁਰੂ ਕਰ ਦਿੱਤੀ। ਡਿਪਟੀ ਕਮਿਸ਼ਨਰ ਮੁਤਾਬਿਕ ਜਲਦੀ ਹੀ ਇਸ ਤੇ ਕਾਬੂ ਪਾ ਲਿਆ ਜਾਵੇਗਾ।