ਨਵਾਂਸ਼ਹਿਰ, 20 ਅਗਸਤ 2019 - ਮੁੱਖ ਮੰਤਰੀ ਪੰਜਾਬ ਦੇ ਸੀਨੀਅਰ ਸਲਾਹਕਾਰ ਅਤੇ ਜੀ.ਓ.ਜ਼ੀਜ਼. ਦੇ ਸੀਨੀਅਰ ਵਾਇਸ ਚੇਅਰਮੈਨ ਲੈਫ. ਜਨਰਲ ਟੀ.ਐਸ. ਸ਼ੇਰਗਿੱਲ ਨੇ ਅੱਜ ਇੱਥੇ ਦਰਿਆ ਸਤਲੁਜ ਦੇ ਧੁੱਸੀ ਬੰਨ੍ਹ ਦਾ ਮੁਆਇਨਾ ਕੀਤਾ ਅਤੇ ਜੀ.ਓ.ਜੀਜ਼. ਨੂੰ ਹਦਾਇਤ ਕੀਤੀ ਕਿ ਉਹ ਰਾਹਤ ਤੇ ਬਚਾਅ ਕਾਰਜਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦਾ ਹਰ ਤਰ੍ਹਾਂ ਨਾਲ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਇੱਕ ਫੌਜੀ ਦਾ ਧਰਮ ਦੇਸ਼ ਦੀਆਂ ਹੱਦਾਂ ਦੀ ਰਾਖੀ ਕਰਨਾ ਹੀ ਨਹੀਂ ਸਗੋਂ ਸ਼ਾਂਤੀ ਦੇ ਸਮੇਂ ਦੌਰਾਨ ਨਾਗਰਿਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੁਦਰਤੀ ਆਫਤ ਦੀ ਲੋੜ ਸਮੇਂ ਉਨ੍ਹਾਂ ਦੀ ਮੱਦਦ ਕਰਨਾ ਵੀ ਹੈ।
ਲੈਫ. ਜਨਰਲ ਸ਼ੇਰਗਿੱਲ ਜੋ ਕਿ ਅੱਜ ਰਾਜ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਅਤੇ ਦਰਿਆ ਸਤਲੁਜ ਦੇ ਧੁੱਸੀ ਬੰਨ੍ਹ ਦੇ ਜਾਇਜ਼ੇ ’ਤੇ ਆਏ ਸਨ, ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਹੜ੍ਹਾਂ ਨੂੰ ਕੱਲ੍ਹ ਹੀ ਕੁਦਰਤੀ ਆਫਤ ਐਲਾਨ ਚੁੱਕੇ ਹਨ ਅਤੇ 100 ਕਰੋੜ ਰੁਪਏ ਮੱਦਦ ਲਈ ਵੀ ਐਲਾਨ ਚੁੱਕੇ ਹਨ। ਇਸ ਤੋਂ ਇਲਾਵਾ ਜੋ ਖੇਤੀਬਾੜੀ ਅਤੇ ਘਰਾਂ ਦਾ ਖਰਾਬਾ ਹੋਇਆ ਹੈ, ਉਸ ਦੀ ਵਿਸ਼ੇਸ਼ ਗਿਰਦਾਵਰੀ ਅਤੇ ਸਰਵੇਖਣ ਦਾ ਹੁਕਮ ਵੀ ਦੇ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਅੱਜ ਦੇ ਦੌਰੇ ਦਾ ਮੰਤਵ ਇਸ ਖਰਾਬੇ ਨੂੰ ਬਿਲਕੁਲ ਨੇੜਿਓਂ ਦੇਖਣਾ ਹੈ ਅਤੇ ਇਸ ਸਬੰਧੀ ਮੁੱਖ ਮੰਤਰੀ ਪੰਜਾਬ ਨੂੰ ਵਿਸਤਰਿਤ ਰਿਪੋਰਟ ਦੇਣਾ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਵਾਂਸ਼ਹਿਰ ਦੇ ਧੁੱਸੀ ਬੰਨ੍ਹ ’ਤੇ ਆ ਕੇ ਆਮ ਲੋਕਾਂ ਤੋਂ ਜ਼ਿਲ੍ਹਾ ਪ੍ਰਸ਼ਾਸਨ ਪ੍ਰਤੀ ਮਿਲੇ ਹਾਂ-ਪੱਖੀ ਫੀਡਬੈਕ ਨਾਲ ਇਸ ਗੱਲ ਦੀ ਸ਼ੰਤੁਸ਼ਟੀ ਮਿਲੀ ਹੈ ਕਿ ਇਸ ਕੁਦਰਤੀ ਕਰੋਪੀ ਦੇ ਸਮੇਂ ਵਿੱਚ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਅਤੇ ਹੋਰ ਅਧਿਕਾਰੀ ਆਪਣੀ ਬਣਦੀ ਜ਼ਿੰਮੇਂਵਾਰੀ ਪੂਰੀ ਤਨਦੇਹੀ ਨਾਲ ਨਿਭਾਅ ਰਹੇ ਹਨ। ਉਨ੍ਹਾਂ ਨੇ ਇਸ ਮੌਕੇ ਤਾਜੋਵਾਲ-ਮੰਢਾਲਾ ਦੇ ਧੁੱਸੀ ਬੰਨ੍ਹ ’ਤੇ ਮੌਜੂਦ ਲੋਕਾਂ ਵਲੋਂ ਰੱਖੀ ਪੱਕੀਆਂ ਠੋਕਰਾਂ ਬਣਾਉਣ ਦੀ ਮੰਗ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਪੰਜਾਬ ਸਰਕਾਰ ਨਾਲ ਵਿਚਾਰਨ ਦਾ ਭਰੋਸਾ ਦਿੱਤਾ।
ਮੌਕੇ ’ਤੇ ਮੌਜੂਦ ਐਸ.ਡੀ.ਐਮ. ਨਵਾਂਸ਼ਹਿਰ ਡਾ. ਵਿਨੀਤ ਕੁਮਾਰ ਨੇ ਜਨਰਲ ਸ਼ੇਰਗਿੱਲ ਨੂੰ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿਚ ਧੁੱਸੀ ਬੰਨ੍ਹ ਦੇ ਬੇਲਾ-ਤਾਜੋਵਾਲ, ਡੁਗਰੀ, ਤਾਜੋਵਾਲ ਮੰਢਾਲਾ, ਬੁਰਜ ਟਹਿਲ ਦਾਸ ਅਤੇ ਤਾਜਪੁਰ ਖੋਜੇ ਨਾਜ਼ੁਕ ਸਥਾਨਾਂ ਵਜੋਂ ਸ਼ਨਾਖਤ ਕੀਤੇ ਗਏ ਸਨ, ਜਿਨ੍ਹਾਂ ਦੀ ਮੁਰਮੰਤ ਦਾ ਕਾਰਜ ਜੰਗੀ ਪੱਧਰ ’ਤੇ ਕੀਤਾ ਗਿਆ ਹੈ।
ਇਸ ਮੌਕੇ ਮੌਜੂਦ ਜੀ.ਓ.ਜ਼ੀਜ਼. ਦੇ ਜ਼ਿਲ੍ਹਾ ਮੁਖੀ ਕਰਨਲ ਚੂਹੜ ਸਿੰਘ ਨੇ ਜਨਰਲ ਸ਼ੇਰਗਿੱਲ ਨੂੰ ਭਰੋਸਾ ਦਿਵਾਇਆ ਕਿ ਜ਼ਿਲ੍ਹੇ ਦੇ ਸਮੂਹ ਜੀ.ਓ.ਜੀਜ਼. ਜ਼ਿਲ੍ਹਾ ਪ੍ਰਸ਼ਾਸਨ ਨਾਲ ਹਰੇਕ ਕਾਰਜ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੇ ਹਨ ਅਤੇ ਇਸ ਮੁਸ਼ਕਿਲ ਦੀ ਘੜੀ ਵਿੱਚ ਵੀ ਸਮੂਹ ਜੀ.ਓ.ਜ਼ੀਜ਼. ਹਰ ਤਰ੍ਹਾਂ ਦੀ ਡਿਊਟੀ ਲਈ ਤਿਆਰ ਬਰ ਤਿਆਰ ਹਨ।
ਬਾਅਦ ਵਿੱਚ ਜਨਰਲ ਸ਼ੇਰਗਿੱਲ ਨੇ ਡਿਪਟੀ ਕਮਿਸ਼ਨਰ ਸ਼੍ਰੀ ਵਿਨੈ ਬਬਲਾਨੀ ਨਾਲ ਮੁਲਾਕਾਤ ਵੀ ਕੀਤੀ। ਜਿਥੇ ਸ਼੍ਰੀ ਬਬਲਾਨੀ ਨੇ ਉਨ੍ਹਾਂ ਨੂੰ ਜ਼ਿਲ੍ਹੇ ਵਿੱਚ ਧੁੱਸੀ ਬੰਨ੍ਹ ਦੀ ਮੌਜੂਦਾ ਸਥਿਤੀ ਪ੍ਰਸ਼ਾਸਨ ਵਲੋਂ ਕੀਤੇ ਪ੍ਰਬੰਧਾਂ ਬਾਰੇ ਮੁਕੰਮਲ ਜਾਣਕਾਰੀ ਦਿੱਤੀ।