ਗੁਰਨਾਮ ਸਿੱਧੂ
ਫਿਰੋਜ਼ਪੁਰ 20 ਅਗਸਤ 2019 - ਪੰਜਾਬ ਅੰਦਰ ਚੱਲ ਰਹੇ ਪਾਣੀ ਦੇ ਕਹਿਰ ਦੇ ਚਲਦਿਆਂ ਬੁਰੀ ਖਬਰ ਇਹ ਆਈ ਹੈ ਕਿ ਪਾਕਿਸਤਾਨ ਦੇ ਪਿੰਡ ਰੱਜੀਵਾਲਾ ਦਾ ਕੱਚਾ ਬੰਨ੍ਹ ਪਾਕਿਸਤਾਨ ਵਲੋਂ ਤੋੜ ਦਿੱਤਾ ਗਿਆ, ਜਿਸ ਨਾਲ ਫਿਰੋਜ਼ਪੁਰ ਦੀ ਸਰਹੱਦ ਹੁਸੈਨੀਵਾਲਾ ਦੇ ਨਾਲ ਲੱਗਦੇ ਪਿੰਡਾਂ ਵਿੱਚ ਪਾਣੀ ਭਰਨਾ ਸ਼ੁਰੂ ਹੋ ਗਿਆ ਹੈ। ਦੱਸ ਦੇਈਏ ਕਿ ਰੱਜੀ ਵਾਲਾ ਪਿੰਡ ਪਾਕਿਸਤਾਨ ਵਿਚ ਪੈਂਦਾ ਹੈ ਅਤੇ ਜਿਥੋਂ ਲੰਘਦੇ ਸਤਲੁੱਜ ਦਰਿਆ ਦਾ ਬੰਨ੍ਹ ਕੱਚਾ ਹੈ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਸਤਲੁੱਜ ਦਰਿਆ ਛੇ ਵਾਰੀਂ ਪਾਕਿਸਤਾਨ ਵਿਚੋਂ ਹੋ ਕਿ ਭਾਰਤ ਵਿਚ ਦਾਖਲ ਹੁੰਦਾ ਹੈ ਅਤੇ ਇਸ ਦੀ ਮਾਰ ਪਾਕਿਸਤਾਨ ਵਿਚਲੇ ਪਿੰਡਾਂ ਵਿਚ ਵੀ ਪੈ ਰਹੀ ਹੈ ਅਤੇ ਪਾਕਿਸਤਾਨ ਦੇ ਬਹੁਤੇ ਪਿੰਡਾਂ ਨੂੰ ਪਾਣੀ ਨੇ ਆਪਣੀ ਲਪੇਟ ਚ ਲੈ ਲਿਆ ਹੈ। ਟੇਂਡੀ ਵਾਲਾ ਪਿੰਡ ਦੇ ਲੋਕਾਂ ਅਨੁਸਾਰ ਪਾਕਿਸਤਾਨ ਦੇ ਲੋਕਾਂ ਜਾਂ ਪਾਕਿ ਆਰਮੀ ਵਲੋਂ ਆਪਣੇ ਬਚਾਅ ਲਈ ਬੰਨ੍ਹ ਤੋੜਿਆ ਗਿਆ ਹੈ। ਪਾਕਿਸਤਾਨ ਵੱਲੋਂ ਤੋੜੇ ਗਏ ਬੰਨ੍ਹ ਨਾਲ ਭਾਰਤੀ ਪਿੰਡ ਗੱਟੀ ਰਜੋਕੇ, , ਕਮਾਲੇ ਵਾਲਾ, ਟੇਂਡੀ ਵਾਲਾ ਅਤੇ ਜਲੋਕੇ ਪਿੰਡ ਵਿੱਚ ਪਾਣੀ ਵੜ ਚੁੱਕਾ ਹੈ। ਅਤੇ ਸਰਹੱਦ 'ਤੇ ਪੈਂਦੇ ਕੁੱਲ 17 ਪਿੰਡ ਵੀ ਪਾਣੀ ਦੀ ਮਾਰ ਵਿੱਚ ਆ ਸਕਦੇ ਹਨ।
ਮੌਕੇ ਤੇ ਪੁੱਜੇ ਭਾਜਪਾ ਦੇ ਹਲਕਾ ਇੰਚਾਰਜ ਸੁਖਪਾਲ ਸਿੰਘ ਨੰਨੂ ਨੇ ਕਿਹਾ ਕਿ ਸਰਕਾਰੀ ਅਧਿਕਾਰੀ ਜਾਂ ਮੌਜ਼ੂਦਾ ਹਲਕਾ ਵਿਧਾਇਕ ਸਾਹਬ ਨਜਰ ਨਹੀਂ ਆ ਰਹੇ। ਓਹਨਾਂ ਕਿਹਾ ਕਿ ਲੋਕਾਂ ਤੱਕ ਰਾਹਤ ਜਾਂ ਸਮੱਗਰੀ ਨਹੀ ਪਹੁੰਚਾਈ ਜਾ ਰਹੀ।
ਓਧਰ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਹੜ੍ਹ ਪ੍ਰਭਾਵਿਤ ਇਹਨਾਂ ਪਿੰਡਾਂ ਦੇ ਸਰਕਾਰੀ ਸਕੂਲਾਂ ਵਿੱਚ ਛੁੱਟੀਆਂ ਕਰ ਦਿੱਤੀਆਂ ਹਨ।