ਗੁਰਨਾਮ ਸਿੱਧੂ
ਫਿਰੋਜ਼ਪੁਰ 20 ਅਗਸਤ 2019 - ਦਿਨੋਂ ਦਿਨ ਵੱਧ ਰਹੇ ਪਾਣੀ ਦੇ ਵਹਾਅ ਨੇ ਜ਼ਿਲ੍ਹਾ ਫਿਰੋਜਪੁਰ ਦੇ ਪਿੰਡਾਂ ਨੂੰ ਆਪਣੇ ਕਲਾਵੇ ਚ ਲੈਣਾ ਸ਼ੁਰੂ ਕਰ ਦਿੱਤਾ ਹੈ। ਮਿਲ ਰਹੀ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੇ ਕਸਬਾ ਮੱਲਾਂਵਾਲਾ ਦੇ ਥੱਲੇ ਪੈਂਦੇ ਪਿੰਡ ਨਿਹਾਲਾ ਲਵੇਰਾ ਦੇ ਸਕੂਲ ਵਿੱਚ ਵੀ ਕਾਫੀ ਮਾਤਰਾ ਵਿਚ ਪਾਣੀ ਵੜ ਗਿਆ ਹੈ ਅਤੇ ਸਕੂਲ ਪੜ੍ਹਨ ਆਏ ਬੱਚੇ ਸਕੂਲ ਤੋਂ ਬਾਹਰ ਅਾ ਗਏ ਹਨ। ਮੌਕੇ ਤੇ ਰਾਹਤ ਕਾਰਜ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਆਲੇ ਦੁਆਲੇ ਦੇ ਅਧਿਆਪਕ ਵੀ ਪੁੱਜ ਗਏ ਹਨ।
ਓਧਰ ਨਾਲ ਹੀ ਪੈਂਦੇ ਪਿੰਡ ਬੰਡਾਲਾ ਦੇ ਲਹਿੰਦੇ ਪਾਸੇ ਵਿਚ ਚਾਰ ਚਾਰ ਫੁੱਟ ਪਾਣੀ ਵੜ ਗਿਆ ਹੈ। ਜਦਕਿ ਸ਼ਾਮ ਤੱਕ ਪਿੰਡ ਦਾ ਚੜਦਾ ਪਾਸਾ ਵੀ ਡੁੱਬ ਸਕਦਾ ਹੈ। ਲੋਕ ਪਿੰਡ ਵਿਚੋਂ ਆਪਣਾ ਜ਼ਰੂਰੀ ਸਮਾਨ ਅਤੇ ਪਸ਼ੂਆਂ ਨੂੰ ਬਾਹਰ ਕੱਢ ਰਹੇ ਹਨ। ਜਦੋਂ ਕਿ ਪਿੰਡ ਵਿੱਚ ਹਾਲੇ ਤੱਕ ਕੋਈ ਰਾਹਤ ਟੀਮ ਨਹੀ ਪੁੱਜੀ। ਮੱਲਾਂਵਾਲਾ ਦੇ ਥੱਲੇ ਪੈਂਦੇ ਕਈ ਹੋਰ ਪਿੰਡਾਂ ਜੋ ਸਤਲੁਜ ਦਰਿਆ ਦੇ ਉਪਰ ਪੈਂਦੇ ਹਨ ਵਿਚ ਵੀ ਜਲਦੀ ਪਾਣੀ ਵੜਨ ਦਾ ਖਦਸ਼ਾ ਹੈ। ਲੋਕ ਸਹਿਮੇ ਹੋਏ ਨਜ਼ਰ ਆ ਰਹੇ ਹਨ।