ਲੁਧਿਆਣਾ, 25 ਅਗਸਤ 2019 - ਪੰਜਾਬ ਸਰਕਾਰ ਨੇ ਡਿਪਟੀ ਕਮਿਸ਼ਨਰਾਂ ਨੂੰ ਸੂਬੇ ਵਿੱਚ ਹੜ੍ਹਾਂ ਕਾਰਨ ਹੋਏ ਨੁਕਸਾਨ ਦੇ ਵੇਰਵੇ ਇਕੱਤਰ ਕਰਕੇ ਭੇਜਣ ਦਾ ਆਦੇਸ਼ ਦਿੱਤਾ ਹੈ। ਇਸ ਸੰਬੰਧੀ ਪ੍ਰੋਫਾਰਮਾ ਭੇਜ ਕੇ ਰੋਜ਼ਾਨਾ ਰਿਪੋਰਟ ਭੇਜਣ ਬਾਰੇ ਕਿਹਾ ਗਿਆ ਹੈ। ਇਸ ਤੋਂ ਇਲਾਵਾ ਮਾਲ ਅਧਿਕਾਰੀਆਂ ਨੂੰ ਵਿਸ਼ੇਸ਼ ਗਿਰਦਾਵਰੀ ਬਾਰੇ ਵੀ ਹਦਾਇਤ ਕਰ ਦਿੱਤੀ ਗਈ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪ੍ਰਾਪਤ ਪ੍ਰੋਫਾਰਮੇ ਵਿੱਚ ਹੋਏ ਨੁਕਸਾਨ ਅਤੇ ਰਾਹਤ ਕਾਰਜਾਂ ਦੇ ਤਹਿਸੀਲਵਾਰ ਵੇਰਵੇ ਭੇਜਣ ਬਾਰੇ ਕਿਹਾ ਗਿਆ ਹੈ। ਇਸ ਸੰਬੰਧੀ ਸੰਬੰਧਤ ਐੱਸ. ਡੀ. ਐੱਮਜ਼, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਸਿਵਲ ਸਰਜਨ, ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰਾਂ, ਨਿਗਰਾਨ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਅਤੇ ਨਿਗਰਾਨ ਇੰਜੀਨੀਅਰ ਡਰੇਨੇਜ਼ ਵਿਭਾਗ ਨੂੰ ਹਦਾਇਤ ਕਰ ਦਿੱਤੀ ਗਈ ਹੈ ਕਿ ਉਹ ਅੰਕੜੇ ਤੁਰੰਤ ਭੇਜਣੇ ਸ਼ੁਰੂ ਕਰ ਦੇਣ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੰਗੀ ਗਈ ਜਾਣਕਾਰੀ ਵਿੱਚ ਨੁਕਸਾਨੇ ਗਏ ਪਿੰਡਾਂ, ਘਰਾਂ, ਆਬਾਦੀ, ਵਿਅਕਤੀਆਂ ਅਤੇ ਪਸ਼ੂਆਂ ਦੇ ਜਾਨੀ ਮਾਲੀ ਨੁਕਸਾਨ, ਫੈਲੀਆਂ ਬਿਮਾਰੀਆਂ ਦਾ ਵੇਰਵਾ, ਰਾਸ਼ਨ ਅਤੇ ਦਵਾਈਆਂ ਦੀ ਵੰਡ, ਚਾਰੇ ਦੀ ਵੰਡ, ਬੁਨਿਆਦੀ ਢਾਂਚੇ ਦੇ ਨੁਕਸਾਨ ਦਾ ਵੇਰਵਾ, ਰਾਹਤ ਕੈਂਪਾਂ, ਬਚਾਏ ਲੋਕਾਂ ਦਾ ਵੇਰਵਾ, ਹੋਰ ਪ੍ਰਬੰਧਾਂ ਅਤੇ ਦਰਿਆਵਾਂ ਨਦੀਆਂ ਵਿੱਚ ਪਏ ਪਾੜਾਂ ਦੀ ਗਿਣਤੀ ਅਤੇ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਮੰਗੀ ਗਈ ਹੈ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਇਹ ਵੇਰਵੇ ਇਕੱਤਰ ਕਰਨ ਦੇ ਤੁਰੰਤ ਹੁਕਮ ਜਾਰੀ ਕਰ ਦਿੱਤੇ ਗਏ ਹਨ ਤਾਂ ਜੋ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਲੋਕਾਂ ਨੂੰ ਜਲਦ ਤੋਂ ਜਲਦ ਮੁਆਵਜ਼ਾ ਜਾਂ ਰਾਹਤ ਰਾਸ਼ੀ ਮੁਹੱਈਆ ਕਰਵਾਈ ਜਾ ਸਕੇ। ਉਨ੍ਹਾਂ ਉਕਤ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਰੋਜ਼ਾਨਾ ਤਹਿਸੀਲਵਾਰ ਵੇਰਵਾ ਰਿਪੋਰਟ ਈਮੇਲ drabranch੧੧੫0yahoo.com 'ਤੇ ਜਾਂ ਵਟਸਐਪ ਨੰਬਰ 9417100786 'ਤੇ ਭੇਜਣਾ ਯਕੀਨੀ ਬਣਾਉਣ।