ਚੰਡੀਗੜ੍ਹ, 27 ਅਗਸਤ 2019 - ਪਿਛਲੇ ਕਰੀਬ ਇਕ ਹਫ਼ਤੇ ਤੋਂ ਲੁਧਿਆਣਾ, ਜਲੰਧਰ, ਰੋਪੜ, ਫ਼ਿਰੋਜ਼ਪੁਰ, ਕਪੂਰਥਲਾ ਅਤੇ ਮੋਗਾ ਆਦਿ ਜ਼ਿਲ੍ਹੇ ਹੜ੍ਹ ਦੀ ਮਾਰ ਹੇਠ ਆਏ ਹੋਏ ਹਨ ਤੇ ਲਗਾਤਾਰ ਕਈ ਦਿਨਾਂ ਤੋਂ ਪਾਣੀ 'ਚ ਡੁੱਬੇ ਉਕਤ ਜ਼ਿਲ੍ਹਿਆਂ ਦੇ ਸੈਂਕੜੇ ਪਿੰਡਾਂ 'ਚ ਹਾਲਾਤ ਅਜੇ ਵੀ ਬਦਤਰ ਬਣੇ ਹੋਏ ਹਨ, ਜਿਸ ਕਾਰਨ ਇਨ੍ਹਾਂ ਖੇਤਰਾਂ 'ਚ ਹੁਣ ਮਹਾਂਮਾਰੀ ਫੈਲਣ ਦਾ ਡਰ ਸਤਾਉਣ ਲੱਗਾ ਹੈ। ਇਨ੍ਹਾਂ ਇਲਾਕਿਆਂ 'ਚ ਹੁਣ ਪਾਣੀ ਦਾ ਪੱਧਰ ਤਾਂ ਘਟਣ ਲੱਗ ਗਿਆ ਹੈ ਪਰ ਲੋਕਾਂ ਨੂੰ ਕੁੱਝ ਖਾਸ ਰਾਹਤ ਮਿਲਦੀ ਨਹੀਂ ਨਜ਼ਰ ਆ ਰਹੀ।
ਚਾਰੇ ਹੀ ਪਾਣੇ ਖੜ੍ਹਾ ਹੋਣ ਕਾਰਨ ਗੰਦਗੀ ਅਤੇ ਬਦਬੂ ਫੈਲ ਰਹੀ ਹੈ, ਜਿਸ ਕਾਰਨ ਲੋਕ ਵੱਡੇ ਪੱਧਰ 'ਤੇ ਬਿਮਾਰ ਹੋ ਰਹੇ ਹਨ। ਹੜ੍ਹ ਪ੍ਰਭਾਵਿਤ ਬਹੁਤੇ ਪਿੰਡਾਂ ਦੇ ਲੋਕਾਂ ਵੱਲੋਂ ਦਸਤ ਤੇ ਪੇਟ ਦੀਆਂ ਹੋਰਨਾਂ ਬਿਮਾਰੀਆਂ ਦੇ ਨਾਲ-ਨਾਲ ਚਮੜੀ ਦੇ ਰੋਗਾਂ ਸਬੰਧੀ ਵੀ ਸ਼ਿਕਾਇਤਾਂ ਸਾਹਮਣੇ ਆਉਂਣ ਲੱਗੀਆਂ ਹਨ।
ਸ਼ਾਸਨ ਵੱਲੋਂ ਸਮਾਜ ਸੇਵੀ ਜਥੇਬੰਦੀਆਂ ਦੀ ਮਦਦ ਨਾਲ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ ਪਰ ਹੁੰਮ੍ਹਸ ਅਤੇ ਗੰਦਗੀ ਕਾਰਨ ਲੋਕ ਬਿਮਾਰ ਪੈ ਸਕਦੇ ਹਨ, ਜਿਸ ਦੇ ਮੱਦੇਨਜ਼ਰ ਸਿਹਤ ਮਹਿਕਮੇ ਵੱਲੋਂ ਮਹਾਂਮਾਰੀ ਫੈਲਣ ਦਾ ਡਰ ਪ੍ਰਗਟਾਇਆ ਜਾ ਰਿਹਾ ਹੈ।