ਗੁਰਨਾਮ ਸਿੱਧੂ
ਫ਼ਿਰੋਜ਼ਪੁਰ 26 ਅਗਸਤ 2019 : ਫ਼ਿਰੋਜ਼ਪੁਰ ਦੇ ਪਿੰਡ ਟੇਂਡੀ ਵਾਲਾ ਵਿਖੇ ਸਤਲੁਜ ਦੇ ਬੰਨ੍ਹ ਟੁੱਟਣ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਜਿਸ ਨੂੰ ਚਲਦੇ ਕੁਝ ਚੈਨਲਾਂ ਨੇ ਵੀ ਨਿਊਜ਼ ਬ੍ਰੇਕਿੰਗ ਕਰ ਦਿੱਤੀ ਪਰ ਅਜਿਹਾ ਕੁਝ ਵੀ ਨਹੀਂ ਹੋਇਆ। ਸਗੋਂ ਪਾਣੀ ਦਾ ਸਤਰ ਘਟਣ ਨਾਲ ਖਤਰਾ ਟਲਦਾ ਨਜਰ ਅਾ ਰਿਹਾ ਹੈ।
ਅੱਜ ਸਵੇਰੇ ਸਵੇਰੇ ਹੀ ਇਹ ਰੌਲਾ ਪੈ ਗਿਆ ਕਿ ਟੇਂਡੀ ਵਾਲਾ ਬੰਨ੍ਹ ਟੁੱਟ ਗਿਆ ਹੈ। ਲੋਕ ਇੱਕ ਦੂਸਰੇ ਨੂੰ ਫੋਨ ਕਰਦੇ ਰਹੇ। ਸਰਹੱਦੀ ਪਿੰਡ ਹੋਣ ਕਰਕੇ ਉੱਥੇ ਫੋਨ ਦੀ ਰੇਂਜ ਨਾ ਹੋਣ ਕਰਕੇ ਪੂਰੀ ਜਾਣਕਾਰੀ ਨਹੀਂ ਮਿਲ ਰਹੀ ਸੀ। ਪਰ ਕੁਝ ਚੈਨਲਾਂ ਵੱਲੋਂ ਵੀ ਜਦੋਂ ਬੰਨ੍ਹ ਟੁੱਟਣ ਦੀ ਖਬਰ ਨਸ਼ਰ ਹੋ ਗਈ ਤਾਂ ਇਹ ਸਭ ਯਕੀਨ ਵਿਚ ਬਦਲ ਗਿਆ । ਜਦ ਬਾਬੂਸ਼ਾਹੀ ਦੀ ਟੀਮ ਨੇ ਮੌਕੇ 'ਤੇ ਜਾ ਕੇ ਵੇਖਿਆ ਤਾਂ ਅਜਿਹਾ ਕੁਝ ਵੀ ਵੇਖਣ ਨੂੰ ਨਹੀਂ ਮਿਲਿਆ, ਸਗੋਂ ਪਾਣੀ ਦਾ ਸਤਰ ਫਸਲਾਂ ਦੇ ਬਰਾਬਰ ਹੋਇਆ ਨਜ਼ਰੀਂ ਪਿਆ। ਦੱਸਣਾ ਬਣਦਾ ਹੈ ਕਿ ਪਿਛਲੇ ਤਿੰਨ ਦਿਨਾਂ ਆਰਮੀ , ਐਨ ਡੀ ਆਰ ਐਫ ਅਤੇ ਪਿੰਡਾਂ ਦੇ ਲੋਕ ਬੰਨ੍ਹ ਦੀ ਮਜ਼ਬੂਤੀ ਕਰਨ ਵਿੱਚ ਜੁਟੇ ਹੋਏ ਹਨ। ਡਿਪਟੀ ਕਮਿਸ਼ਨਰ ਚੰਦਰ ਗੈਂਦ ਅਤੇ ਐਸਐਸ ਪੀ ਵਿਵੇਸ਼ੀਲ ਸੋਨੀ ਖੁਦ ਅਗਵਾਈ ਕਰ ਰਹੇ ਹਨ। ਸ਼ਾਇਦ ਇਹ ਮੇਹਨਤ ਰੰਗ ਵੀ ਲਿਆਈ ਹੈ ਕਿ ਦੋ ਦਿਨ ਤੱਕ ਬੰਨ੍ਹ ਨੂੰ ਟੁੱਟਣ ਤੋਂ ਬਚਾਅ ਲੈਣ ਕਰਕੇ ਨੁਕਸਾਨ ਹੋਣੋਂ ਟਲ ਗਿਆ। ਕੱਲ੍ਹ ਸ਼ਾਮ ਦਾ ਸਤਲੁਜ ਵਿਚ ਪਾਣੀ ਦਾ ਸਤਰ ਕਰੀਬ ਤਿੰਨ ਤੋਂ ਚਾਰ ਫੁੱਟ ਘੱਟ ਹੋ ਗਿਆ ਜਿਸ ਨਾਲ ਕਿਸੇ ਵੱਡੇ ਨੁਕਸਾਨ ਤੋਂ ਰਾਹਤ ਮਿਲ ਗਈ ਜਾਪਦੀ ਹੈ। ਹਾਲ ਦੀ ਘੜੀ ਬੰਨ੍ਹ ਟੁੱਟਣ ਦੇ ਖਤਰੇ ਤੋਂ ਰਾਹਤ ਮਿਲੀ ਲਗਦੀ ਹੈ ਪਰ ਅਗਰ ਬਾਰਿਸ਼ ਹੁੰਦੀ ਹੈ ਤਾਂ ਕਿਸੇ ਵੀ ਭਿਆਨਕ ਖਤਰੇ ਤੋਂ ਮੁਨੱਕਰ ਨਹੀ ਹੋਇਆ ਜਾ ਸਕਦਾ।