ਚੰਡੀਗੜ੍ਹ, 26 ਅਗਸਤ 2019 - ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਟੇਂਡੀਵਾਲਾ ਵਿਖੇ ਪਾਕਿਸਤਾਨ ਵਾਲੇ ਪਾਸਿਓਂ ਭਾਰੀ ਮਾਤਰਾ ਵਿਚ ਪਾਣੀ ਛੱਡਣ ਕਰਕੇ ਮੌਜੂਦਾ ਬੰਨ੍ਹ ਨੂੰ ਹੋਏ ਨੁਕਸਾਨ ਦੇ ਮੱਦੇਨਜ਼ਰ ਨਵੇਂ ਰਿੰਗ ਬੰਨ੍ਹ ਦੀ ਉਸਾਰੀ ਨਾਲ ਮੌਜੂਦਾ ਬੰਨ੍ਹ ਨੂੰ ਮਜ਼ਬੂਤੀ ਦਿੱਤੀ ਗਈ ਹੈ। ਇਹ ਜਾਣਕਾਰੀ ਪੰਜਾਬ ਸਰਕਾਰ ਦੇ ਬੁਲਾਰੇ ਨੇ ਦਿੱਤੀ।
ਉਹਨਾਂ ਦੱਸਿਆ ਕਿ ਡਰੇਨੇਜ ਵਿਭਾਗ ਵਲੋਂ ਨਵੇਂ ਰਿੰਗ ਬੰਨ੍ਹ ਦੀ ਉਸਾਰੀ ਕੀਤੀ ਗਈ ਹੈ ਜਿਸ ਨਾਲ ਮੌਜੂਦਾ ਬੰਨ੍ਹ ਨੂੰ ਹੋਰ ਮਜਬੂਤੀ ਤੇ ਸੁਰੱਖਿਆ ਮਿਲੇਗੀ ਅਤੇ ਪਾਕਿਸਤਾਨ ਤੋਂ ਫਿਰੋਜ਼ਪੁਰ ਵੱਲ ਛੱਡੇ ਜਾਂਦੇ ਵਾਧੂ ਪਾਣੀ ਤੋਂ ਹੋਣ ਵਾਲੇ ਨੁਕਸਾਨ ਤੋਂ ਵੀ ਨਿਜਾਤ ਮਿਲੇਗੀ।
ਉਹਨਾਂ ਅੱਗੇ ਕਿਹਾ ਕਿ ਇਸ ਖੇਤਰ ਵਿਚ ਆਏ ਹੜ੍ਹਾਂ ਕਾਰਨ ਵਧੇਰੇ ਮਿੱਟੀ ਦੇ ਖੁਰਨ ਦੇ ਨਤੀਜੇ ਵਜੋਂ ਮੌਜੂਦਾ ਬੰਨ੍ਹ ਕਮਜ਼ੋਰ ਹੋ ਗਿਆ। ਫੌਜ ਅਤੇ ਨੈਸ਼ਨਲ ਡਿਜਾਸਟਰ ਰਿਸਪਾਂਸ ਫੋਰਸ (ਐਨ.ਡੀ.ਆਰ.ਐਫ.)ਤਾਇਨਾਤ ਕੀਤੀਆਂ ਗਈਆਂ ਜਿਹਨਾਂ ਨੇ ਸਥਾਨਕ ਲੋਕਾਂ ਦੇ ਸਰਗਰਮ ਸਹਿਯੋਗ ਨਾਲ ਬੰਨ੍ਹ ਨੂੰ ਮਜ਼ਬੂਤੀ ਦਿੱਤੀ। ਪਰ ਆਉਣ ਵਾਲੇ ਦਿਨਾਂ ਵਿਚ ਮੀਂਹ ਦੀ ਸੰਭਾਵਨਾ ਦੇ ਮੱਦੇਨਜ਼ਰ ਪਾਣੀ ਦੀ ਮਾਤਰਾ ਵੱਧ ਸਕਦੀ ਹੈ ਇਸ ਲਈ ਡਰੇਨੇਜ ਵਿਭਾਗ ਨੇ ਮੌਜੂਦਾ ਬੰਨ੍ਹ ਦੇ ਨਜਦੀਕ ਵਿੱਚ ਇੱਕ ਨਵਾਂ ਰਿੰਗ ਬੰਨ੍ਹ ਬਣਾਇਆ ਹੈ। ਇਹ ਬੰਨ੍ਹ ਤਕਰੀਬਨ ੪x੧੦ ਫੁੱਟ ਉੱਚਾ ਅਤੇ 400 ਫੁੱਟ ਲੰਮਾ ਹੈ। ਇਹ ਰਿੰਗ ਬੰਨ੍ਹ ਮੌਜੂਦਾ ਬੰਨ੍ਹ ਨਾਲੋਂ ਕਾਫੀ ਉੱਚਾ ਹੈ ਜੋ ਦਰਿਆ ਵਿਚ ਅਚਾਨਕ ਛੱਡੇ ਜਾਂਦੇ ਪਾਣੀ ਤੋਂ ਸੁਰੱਖਿਆ ਪ੍ਰਦਾਨ ਕਰੇਗਾ।
ਜ਼ਿਕਰਯੋਗ ਹੈ ਕਿ ਨਵੇਂ ਰਿੰਗ ਬੰਨ੍ਹ ਨੂੰ 24 ਘੰਟੇ ਦੇ ਰਿਕਾਰਡ ਸਮੇਂ ਵਿਚ ਤਿਆਰ ਕੀਤਾ ਗਿਆ ਹੈ।