ਗੁਰਨਾਮ ਸਿੱਧੂ
ਫਿਰੋਜ਼ਪੁਰ 23 ਅਗਸਤ 2019 : ਪੰਜਾਬ ਅੰਦਰ ਆਏ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਪੂਰਤੀ ਹੋ ਸਕੇਗੀ ? ਇਹੀ ਸੁਵਾਲ ਵਾਰ - ਵਾਰ ਹੜ੍ਹ ਪੀੜਤਾਂ ਦੀ ਜ਼ੁਬਾਨ 'ਤੇ ਆ ਰਿਹਾ ਹੈ। ਇੱਕ ਪਾਸੇ ਰੱਬ ਤੇ ਦੂਜੇ ਪਾਸੇ ਸਰਕਾਰ 'ਤੇ ਨਜ਼ਰਾਂ ਟਿਕਾਈ ਬੈਠੇ ਇਹ ਲੋਕ ਬੇਵੱਸ ਨਜ਼ਰ ਅਾ ਰਹੇ ਹਨ।
ਯਾਦ ਕਰਾ ਦੇਈਏ ਕਿ 1988 ਵਿੱਚ ਆਏ ਹੜ੍ਹਾਂ ਨੇ ਜੋ ਤਬਾਹੀ ਮਚਾਈ ਸੀ, ਉਹ ਇੰਨ ਬਿੰਨ ਅੱਖਾਂ ਮੂਹਰੇ ਘੁੰਮ ਰਹੀ ਹੈ। ਫਸਲਾਂ, ਘਰ ਸਭ ਤਬਾਹ ਹੋ ਗਏ ਸਨ। ਜਾਨਾਂ ਤਾਂ ਗਈਆਂ ਹੀ ਸਨ,ਮਾਲ ਡੰਗਰ ਦਾ ਵੀ ਡਾਢਾ ਨੁਕਸਾਨ ਹੋਇਆ ਸੀ। ਭਾਵ ਮਾਲੀ ਨੁਕਸਾਨ ਦਾ ਤਾਂ ਕੋਈ ਅੰਤ ਹੀ ਨਹੀਂ ਸੀ। ਓਸ ਵੇਲੇ ਵੀ ਸਰਕਾਰਾਂ ਨੇ ਮੁਆਵਜ਼ਿਆਂ ਦੇ ਢੇਰਾਂ ਲਾਰੇ ਲਾਏ ਸਨ ਪਰ ਮੁੜਵਸੇਬੇ ਦੀਆਂ ਟਾਹਰਾਂ ਮਾਰਦੀਆਂ ਸਰਕਾਰਾਂ ਸਿਰਫ਼ ਕਾਗਜ਼ਾਂ ਤੱਕ ਹੀ ਸੀਮਤ ਹੋ ਕੇ ਰਹਿ ਗਈਆਂ ਸਨ। ਹੜ੍ਹਾਂ ਨਾਲ ਨੁਕਸਾਨੇ ਕਿਸਾਨਾਂ ਤੱਕ ਮੁਆਵਜ਼ੇ ਦੀ ਰਕਮ ਸਿਰਫ਼ ਸੈਂਕੜੇ ਰੁਪਿਆਂ ਚ ਹੀ ਪੁੱਜੀ ਸੀ। ਹੜ੍ਹਾਂ ਦੀ ਮਾਰ ਹੇਠ ਆਏ ਲੱਖਾਂ ਲੋਕ ਸਰਕਾਰੀ ਆਸਾਂ ਛੱਡ ਹੌਲੀ ਹੌਲੀ ਆਪਣੇ ਆਪ ਹੀ ਮੁੜ ਪੈਰਾਂ 'ਤੇ ਖੜੋਏ ਸਨ। ਕਿਵੇਂ ਹੌਲੀ ਹੌਲੀ ਜ਼ਿੰਦਗੀ ਪੱਟੜੀ 'ਤੇ ਆਈ, ਅੱਜ ਵੀ ਓਸ ਵੇਲੇ ਨੂੰ ਯਾਦ ਕਰ ਇਹ ਲੋਕ ਅੱਖਾਂ ਭਰ ਆਉਂਦੇ ਹਨ।
ਅੱਜ ਫਿਰ ਓਹੀ ਮੰਜ਼ਰ ਨਜ਼ਰੀਂ ਆ ਰਿਹਾ ਹੈ । ਫਿਰ ਪਾਣੀ ਦੀ ਮਾਰ ਨੇ ਇਹਨਾਂ ਲੋਕਾਂ ਦੇ ਸਾਹ ਸੂਤ ਲੈ ਹਨ। ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਲੋਕ ਸੜਕਾਂ ਤੇ ਰਾਤਾਂ ਕੱਟਣ ਲਈ ਮਜ਼ਬੂਰ ਹਨ। ਪਸ਼ੂਆਂ ਦੇ ਚਾਰੇ ਤੱਕ ਨਹੀ ਬਚਿਆ। ਸਰਕਾਰੀ ਅੰਕੜਿਆਂ ਮੁਤਾਬਿਕ ਹੜ੍ਹਾਂ ਨਾਲ ਕਰੀਬ 10 ਹਜ਼ਾਰ ਏਕੜ ਫਸਲ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਅਤੇ 60 ਹਜ਼ਾਰ ਏਕੜ ਰਕਬਾ ਪਾਣੀ ਵਿਚ ਡੁੱਬਿਆ ਹੋਇਆ ਹੈ। ਕਰਜ਼ੇ ਚ ਡੁੱਬ ਚੁੱਕੀ ਕਿਸਾਨੀ ਨੂੰ ਅਚਨਚੇਤੇ ਆਏ ਇਹਨਾਂ ਹੜ੍ਹਾਂ ਨੇ ਕਈ ਸਾਲ ਹੋਰ ਪਿੱਛੇ ਧੱਕ ਦਿੱਤਾ ਹੈ। ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਆਸਰੇ ਦਿਨ ਲੰਘਾ ਰਹੇ ਇਹਨਾਂ ਲੋਕਾਂ ਦੀਆਂ ਹੁਣ ਰੱਬ ਉੱਤੇ ਹੀ ਟੇਕਾਂ ਹਨ। ਨੌਜਵਾਨ ਪੰਜਾਬ ਸਿੰਘ ਦਾ ਕਹਿਣਾ ਹੈ ਕਿ ਸਾਨੂੰ ਸਰਹੱਦੀ ਲੋਕਾਂ ਨੂੰ ਹਰ ਵੇਲੇ ਮਾਰ ਪੈਂਦੀ ਹੈ। ਕਦੇ ਪਾਣੀ ਅਤੇ ਕਦੇ ਦੇਸ਼ ਉੱਤੇ ਆਉਂਦੀਆਂ ਮੁਸੀਬਤਾਂ ਵੇਲੇ ਹਮੇਸ਼ਾ ਅਸੀਂ ਲੋਕ ਹੀ ਘਿਰਦੇ ਆਏ ਹਾਂ। ਕਿਸਾਨ ਰੇਸ਼ਮ ਸਿੰਘ ਪਿੰਡ ਹਜ਼ਾਰਾ ਸਿੰਘ ਵਾਲਾ ਕਹਿੰਦਾ ਹੈ ਕਿ ਸਰਕਾਰ ਮੁਸੀਬਤ ਵਿੱਚ ਆਉਂਦੀ ਜ਼ਰੂਰ ਹੈ ਪਰ ਆਸ਼ੀਰਵਾਦ ਦੇ ਕੇ ਹੀ ਮੁੜ ਜਾਂਦੀ ਹੈ, ਕਿਸੇ ਨੇ ਬਾਅਦ ਵਿਚ ਸਾਡੀ ਸਾਰ ਤੱਕ ਨਹੀ ਲਈ। ਇਸ ਤਰ੍ਹਾਂ ਦੇ ਕਿੰਨੇ ਹੀ ਲੋਕਾਂ ਨੂੰ ਸਰਕਾਰਾਂ 'ਤੇ ਇਤਬਾਰ ਤੱਕ ਨਹੀਂ ਹੈ ਕਿ ਉਹ ਉਹਨਾਂ ਦਾ ਮੁੜਵਸੇਬਾ ਕਰਨਗੀਆਂ। ਓਧਰ ਭਾਵੇਂ ਸਰਕਾਰ ਨੇ ਸੌ ਕਰੋੜ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ ਪਰ ਹੋਏ ਨੁਕਸਾਨ ਅਨੁਸਾਰ ਏਨੇ ਰੁਪਿਆਂ ਵਿਚ ਸੇਰ ਚੋਂ ਪੂਣੀ ਵੀ ਨਹੀਂ ਕੱਤੀ ਜਾ ਸਕਦੀ। ਜਦਕਿ ਕੇਂਦਰ ਸਰਕਾਰ ਨੇ ਤਾਂ ਹਾਲੇ ਤੱਕ ਵੀ ਹੜ੍ਹ ਪੀੜਤਾਂ ਲਈ ਕਿਸੇ ਪ੍ਰਕਾਰ ਦੀ ਰਾਹਤ ਦਾ ਕੋਈ ਐਲਾਨ ਨਹੀ ਕੀਤਾ।
ਕੀ ਸਰਕਾਰ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਪੂਰਤੀ ਕਰ ਪਾਵੇਗੀ ? ਕੀ ਪਾਣੀ ਦੀ ਮਾਰ ਹੇਠ ਆਏ ਇਹਨਾਂ ਲੋਕਾਂ ਨੂੰ ਕੋਈ ਵੱਡੀ ਰਾਹਤ ਮਿਲ ਸਕੇਗੀ? ਇਹ ਸਮੇਂ ਦੀ ਬੁੱਕਲ ਵਿਚ ਹੈ।