ਗੁਰਨਾਮ ਸਿੱਧੂ
ਫ਼ਿਰੋਜ਼ਪੁਰ 24 ਅਗਸਤ 2019 : ਫ਼ਿਰੋਜ਼ਪੁਰ ਜ਼ਿਲ੍ਹੇ ਚ ਕੌਮੀ ਸਰਹੱਦ ਅਤੇ ਸਤਲੁਜ ਦਰਿਆ ਦੇ ਕੰਢੇ 'ਤੇ ਵੱਸੇ ਪਿੰਡ ਟੇਂਡੀ ਵਾਲਾ ਵਿਖੇ ਬੰਨ੍ਹ ਟੁੱਟਣ ਲੱਗ ਪਿਆ ਹੈ ਅਤੇ ਕਿਸੇ ਵੇਲੇ ਵੀ ਵੱਡੀ ਆਫ਼ਤ ਆ ਸਕਦੀ ਹੈ। ਜਦਕਿ ਰਾਤ ਆਏ ਪਾਣੀ ਨੇ ਭਾਰਤੀ ਫੌਜ ਦੇ ਮੋਰਚੇ ਪੂਰੀ ਤਰ੍ਹਾਂ ਡੋਬ ਦਿੱਤੇ ਹਨ।
ਜ਼ਿਲ੍ਹਾ ਡੀਸੀ ਚੰਦਰ ਗੈਂਦ ਨੇ ਬਾਬੂਸ਼ਾਹੀ ਨਾਲ ਗੱਲ ਕਰਦਿਆਂ ਦੱਸਿਆ ਕਿ ਉਕਤ ਬੰਨ੍ਹ ਦੇ ਟੁੱਟਣ ਦਾ ਖਤਰਾ ਵਾਕਿਆ ਹੀ ਬਣਿਆ ਹੋਇਆ ਹੈ ਪਰ ਉਨ੍ਹਾਂ ਵੱਲੋਂ ਸਥਾਨਕ ਲੋਕ ਅਤੇ ਫੌਜ ਦੀ ਮਦਦ ਨਾਲ ਇਸਨੂੰ ਦਰੁਸਤ ਕਰਨ ਦੇ ਕੰਮ ਜ਼ੋਰਾਂ 'ਤੇ ਵਿੱਢੇ ਜਾ ਚੁੱਕੇ ਹਨ। ਐਸ.ਐਸ.ਪੀ ਸਣੇ ਡੀ.ਸੀ ਨੇ ਖੁਦ ਮੌਕੇ 'ਤੇ ਪਹੁੰਚ ਕੇ ਬੰਨ੍ਹ ਦਾ ਜਾਇਜ਼ਾ ਲਿਆ ਅਤੇ ਬਚਾਅ ਕਾਰਜ ਵਿੱਢ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਬੰਨ੍ਹ ਪੂਰੀ ਤਰ੍ਹਾਂ ਟੁੱਟਦੇ ਸਾਰ ਹੀ 10 ਤੋਂ 12 ਪਿੰਡ ਡੁੱਬ ਜਾਣਗੇ। ਜਦਕਿ ਬੀ ਐੱਸ ਐੱਫ ਦੀਆਂ ਕਈ ਹੋਰ ਚੌਕੀਆਂ ਵੀ ਪਾਣੀ ਦੀ ਲਪੇਟ ਵਿਚ ਆ ਜਾਣਗੀਆਂ। ਓਧਰ ਹਰੀਕੇ ਤੋਂ 96 ਹਜ਼ਾਰ ਕਿਓਸਿਕ ਪਾਣੀ ਹੋਰ ਛੱਡਿਆ ਗਿਆ ਹੈ। ਸਥਾਨਕ ਲੋਕਾਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।