ਰਜਨੀਸ਼ ਸਰੀਨ
ਨੂਰਪੁਰ ਬੇਦੀ, 27 ਅਗਸਤ 2019 - ਅੱਜ ਤੜਕਸਾਰ ਡਿਪਟੀ ਕਮਿਸ਼ਨਰ ਰੂਪਨਗਰ ਡਾ. ਸੁਮਿਤ ਜਾਰੰਗਲ ਖੰਡ ਬਠਰੂਲ ਪਿੰਡ ਵਿੱਚ ਪਹੁੰਚੇ ਅਤੇ ਲੋਕਾਂ ਤੋ ਹੜ੍ਹਾਂ ਨਾਲ ਹੋਏ ਨੁਕਸਾਨ ਬਾਰੇ ਜਾਣਕਾਰੀ ਹਾਸਿਲ ਕੀਤੀ। ਬੀਤੀ ਸ਼ਾਮ ਨਾਇਬ ਤਹਿਸੀਲਦਾਰ ਨੂਰਪੁਰ ਬੇਦੀ ਹਰਿੰਦਰਜੀਤ ਸਿੰਘ ਵੀ ਘਰਾਂ ਵਿੱਚ ਜਾ ਕੇ ਲੋਕਾਂ ਦੀਆਂ ਮੁਸ਼ਿਕਲਾਂ ਬਾਰੇ ਵੇਰਵੇ ਇੱਕਤਰ ਕਰ ਰਹੇ ਸਨ। ਅੱਜ ਤੋਂ ਉਪ ਮੰਡਲ ਮੈਜਿਸਟੇ੍ਰਟ ਸ਼੍ਰੀ ਅਨੰਦਪੁਰ ਸਾਹਿਬ ਕੰਨੂ ਗਰਗ ਦੀ ਅਗਵਾਈ ਵਿੱਚ ਲੋਕ ਨਿਰਮਾਣ, ਡਰੇਨੇਜ਼ ਅਤੇ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਲੋਕਾਂ ਨੂੰ ਫੌਰੀ ਰਾਹਤ ਦੇਣ ਅਤੇ ਪਸ਼ੂਆਂ ਦਾ ਟੀਕਾਕਰਨ ਵਿੱਚ ਜੁੱਟ ਰਹੀਆਂ ਹਨ।
ਡਿਪਟੀ ਕਮਿਸ਼ਨਰ ਨੇ ਵਧੀਕ ਡਿਪਟੀ ਕਮਿਸ਼ਨਰ ਅਮਰਦੀਪ ਸਿੰਘ ਗੁਜਰਾਲ ਨੂੰ ਨਾਲ ਲੈ ਕੇ ਸਵੇਰੇ ਪਿੰਡ ਦੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਤੋਂ ਹੋਏ ਨੁਕਸਾਨ ਬਾਰੇ ਜਾਣਕਾਰੀ ਹਾਸਿਲ ਕੀਤੀ। ਪ੍ਰਭਾਵਿਤ ਲੋਕਾਂ ਨੇ ਦੱਸਿਆ ਕਿ ਡਰੇਨ ਜੋ ਪਿੰਡ ਦੇ ਆਲੇ ਦੁਆਲੇ `ਚ ਲੰਘਦੀ ਹੈ ਦੀ ਤੁਰੰਤ ਸਫ਼ਾਈ ਦੀ ਜ਼ਰੂਰਤ ਹੈ। ਜਿਸ `ਤੇ ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗ ਨੂੰ ਅੱਜ ਹੀ ਕੰਮ ਸ਼ੁਰੂ ਕਰਨ ਲਈ ਕਿਹਾ। ਲੋਕਾਂ ਨੇ ਦੱਸਿਆ ਕਿ ਰਸਤੇ ਜਾਮ ਹੋ ਗਏ ਹਨ ਨਾਲ ਲਗਦੇ ਪਹਾੜ੍ਹੀ ਖੇਤਰ ਤੋਂ ਵੱਡੀ ਮਾਤਰਾ ਵਿੱਚ ਮਿੱਟੀ ਆ ਕੇ ਜੰਮ ਗਈ ਹੈ, ਜਿਸ ਨੂੰ ਡਿਪਟੀ ਕਮਿਸ਼ਨਰ ਨੇ ਤੁਰੰਤ ਹਟਾਉਣ ਅਤੇ ਆਮ ਜਨਜੀਵਨ ਬਹਾਲ ਕਰਨ ਲਈ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਡਿਪਟੀ ਕਮਿਸ਼ਨਰ ਨੇ ਪਸ਼ੂ ਪਾਲਣ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਪਸ਼ੁਆਂ ਦਾ ਟੀਕਾਕਰਨ ਸ਼ੁਰੂ ਕਰਨ ਤਾਂ ਜੋ ਕਿਸੇ ਵੀ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਨਸਾਨੀ ਜੀਵਨ ਦੇ ਨਾਲ ਪਸ਼ੂਆਂ ਦਾ ਜੀਵਨ ਵੀ ਉਨ੍ਹਾਂ ਹੀ ਮਹੱਤਵਪੂਰਨ ਹੈ।