ਕੁਲਵੰਤ ਸਿੰਘ ਬੱਬੂ
ਘਨੌਰ, 20 ਅਗਸਤ 2019 - ਘੱਗਰ ਦਰਿਆ ਨਾਲ ਲੱਗਦੇ ਪਿੰਡਾਂ ਵਿਚ ਪਾਣੀ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਪਿੰਡ ਕਾਮੀ ਖੁਰਦ, ਜੰਡ ਮੰਗੌਲੀ, ਚਮਾਰੂ, ਰਾਏਪੁਰ ਨਨਹੇੜੀ, ਉਂਟਸਰ, ਸੰਜਰਪੁਰ, ਗਦਾਪੁਰ, ਬੱਲੋਪੁਰ ਆਪ ਦਾ ਦੌਰਾ ਕੀਤਾ ਅਤੇ ਕਿਸਾਨਾਂ ਸਮੇਤ ਆਮ ਲੋਕਾਂ ਦੀਆਂ ਪ੍ਰੇਸ਼ਾਨੀਆਂ ਸੁਣੀਆਂ। ਇਸ ਮੌਕੇ ਉਨ੍ਹਾਂ ਨਾਲ ਪ੍ਰਧਾਨ ਜੱਟ ਮਹਾਂਸਭਾ ਬਲਜੀਤ ਸਿੰਘ ਗਿੱਲ, ਸੀਨੀਅਰ ਕਾਂਗਰਸੀ ਆਗੂ ਸੁਰਿੰਦਰ ਸਿੰਘ ਸਰਵਾਰਾ, ਹਰਵਿੰਦਰ ਸਿੰਘ ਕਾਮੀ, ਮੰਗਤ ਸਿੰਘ ਜੰਗਪੁਰਾ, ਕੁਲਦੀਪ ਸਿੰਘ ਮੰਜੋਲੀ, ਰਣਧੀਰ ਸਿੰਘ ਕਾਮੀ ਖੁਰਦ ਅਤੇ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਰਹੇ।
ਇਸ ਮੌਕੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਹਲਕੇ ਵਿਚ ਪੁਖਤਾ ਪ੍ਰਬੰਧਾਂ ਦੀ ਘਾਟ ਲਈ ਆਪਣੀ ਬੇਬੱਸੀ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਦਾਅਵਾ ਕੀਤਾ ਕਿ ਉਨ੍ਹਾਂ ਵੱਲੋਂ ਡੀ ਸੀ ਪਟਿਆਲਾ ਤੇ ਹੋਰ ਸਬੰਧਿਤ ਉੱਚ ਅਧਿਕਾਰੀਆਂ ਨਾਲ ਮਿਲ ਕੇ ਖਾਕਾ ਤਾਂ ਤਿਆਰ ਕਰ ਲਿਆ ਗਿਆ ਹੈ ਪਰ ਸਮਾਂ ਰਹਿੰਦੇ ਇਸ ਨੂੰ ਜ਼ਮੀਨ ਉੱਤੇ ਲਾਗੂ ਕਰਾਉਣ ਵਿਚ ਕਿਤੇ ਨਾ ਕਿਤੇ ਕੁਤਾਹੀ ਰਹਿ ਗਈ ਹੈ। ਪਰ ਉਹ (ਜਲਾਲਪੁਰ) ਆਸਵੰਦ ਹਨ ਕਿ ਜਲਦ ਤੋਂ ਜਲਦ ਮੁੱਖ ਮੰਤਰੀ ਨੂੰ ਮਿਲ ਕੇ ਸਥਿਤੀ ਦੀ ਜਾਣਕਾਰੀ ਦਿੱਤੀ ਜਾਵੇਗੀ ਤੇ ਸਬੰਧਿਤ ਵਿਭਾਗ ਦੇ ਮੰਤਰੀ ਨੂੰ ਘਨੌਰ ਹਲਕੇ ਦੇ ਡੇ੍ਨਿੰਗ ਤੰਤਰ ਦੀ ਮੌਜੂਦਾ ਸਥਿਤੀ ਦਿਖਾਉਣ ਲਈ ਦੌਰਾ ਕਰਵਾਇਆ ਜਾਵੇਗਾ। ਜਿਸ ਉਪਰੰਤ ਜਲਾਲਪੁਰ ਨੇ ਆਸ ਪ੍ਰਗਟਾਈ ਕਿ ਹਲਕੇ ਘਨੌਰ ਨੂੰ ਬਰਸਾਤੀ ਪਾਣੀ ਦੇ ਹੜ ਰੂਪ ਧਾਰਨ ਦੀ ਮਾਰ ਤੋਂ ਹਮੇਸ਼ਾ ਹਮੇਸ਼ਾ ਲਈ ਉਭਾਰਿਆ ਜਾ ਸਕੇਗਾ।
ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਵਿਸ਼ਵਾਸ ਦੁਆਇਆ ਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਉਨ੍ਹਾਂ ਨਾਲ ਹੈ ਅਤੇ ਹਰ ਪ੍ਰਕਾਰ ਦੀ ਸਥਿਤੀ ਨਾਲ ਨਜਿੱਠਣ ਲਈ ਸਰਕਾਰ ਵੱਲੋਂ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਜ਼ਿਆਦਾ ਨੁਕਸਾਨ ਨਾ ਹੋਣ ਦਾ ਤਰਕ ਦਿੰਦੇ ਹੋਏ ਪ੍ਰਭਾਵਿਤ ਵਰਗ ਦੀ ਹਰ ਸੰਭਵ ਸਹਾਇਤਾ ਦਾ ਭਰੋਸਾ ਵੀ ਦਿਵਾਇਆ। ਦੱਸਣਯੋਗ ਹੈ ਕਿ ਕੁਦਰਤੀ ਆਫਤ ਦੇ ਨਾਮ 'ਤੇ ਪੀੜਤ ਪਰਿਵਾਰਾਂ ਦੇ ਦਰਦ ਨੂੰ ਮਹਿਸੂਸ ਕਰਨ ਲਈ ਦੌਰੇ ਅਤੇ ਦਾਅਵੇ ਤਾਂ ਹਜ਼ਾਰਾਂ ਕੀਤੇ ਜਾਂਦੇ ਹਨ ਪਰ ਸਥਿਤੀ ਦੇ ਸੁਧਾਰ ਲਈ ਅਮਲੀ ਜਾਮਾ ਨਹੀਂ ਪਹਿਨਾਇਆ ਜਾਂਦਾ। ਜਿਸ ਲਈ ਪ੍ਰਸ਼ਾਸਨਿਕ ਤੇ ਸਰਕਾਰੀ ਤੰਤਰ ਵਿਚ ਤਾਲਮੇਲ ਦੀ ਘਾਟ ਸਿੱਧੇ ਤੌਰ 'ਤੇ ਦਿਖਾਈ ਪੈਂਦੀ ਹੈ।
ਅਜਿਹਾ ਹੀ ਹਲਕੇ ਘਨੌਰ ਨਾਲ ਹੋਇਆ ਜਾਪਦਾ ਹੈ ਕਿਉਂ ਜੋ ਪਿਛਲੇ ਦਿਨੀ ਆਏ ਹੜ੍ਹਾਂ ਤੋਂ ਸਬਕ ਲੈਂਦੇ ਹੋਏ ਜਿੱਥੇ ਸਰਕਾਰ ਤੇ ਪ੍ਰਸ਼ਾਸਨ ਨੂੰ ਹਲਕੇ ਵਿਚ ਨਵੀਆਂ ਪੁਲੀਆਂ ਦੀ ਉਸਾਰੀ ਅਤੇ ਮੁਰੰਮਤ ਕੀਤੀ ਜਾਣੀ ਚਾਹੀਦੀ ਸੀ, ਘੱਗਰ ਦਰਿਆ ਵਿਚੋਂ ਮਿੱਟੀ, ਜੰਗਲੀ ਬੂਟੀ ਤੇ ਡਿੱਗੇ ਹੋਏ ਦਰੱਖਤਾਂ ਨੂੰ ਕੱਢਿਆ ਜਾਣਾ ਚਾਹੀਦਾ ਸੀ। ਉੱਥੇ ਹੀ ਐੱਸ. ਵਾਈ. ਐੱਲ. ਨਹਿਰ ਤੇ ਪੱਚੀ ਦਰੇ ਦੀ ਸਫ਼ਾਈ ਦੇ ਨਾਲ-ਨਾਲ ਸਾਇਫ਼ਨਾਂ, ਬੰਨ੍ਹਾਂ ਅਤੇ ਭਾਗਨਾ ਡ੍ਰੇਨ ਦੀ ਸਫ਼ਾਈ ਕਰਵਾ ਬਰਸਾਤੀ ਪਾਣੀ ਦੀ ਨਿਕਾਸੀ ਦਾ ਪੁਖਤਾ ਪ੍ਰਬੰਧ ਕਰ ਲਿਆ ਜਾਣਾ ਚਾਹੀਦਾ ਸੀ, ਉੱਥੇ ਪਰਨਾਲੇ ਵਾਂਗ ਇਹ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਇਸ ਪੱਖ ਤੋਂ ਯਤਨ ਕਰਨ ਲਈ ਕਿਸੇ ਦੇ ਕੰਨ 'ਤੇ ਜੂੰ ਨਾ ਸਰਕੀ ਜਿਸ ਦਾ ਖ਼ਮਿਆਜ਼ਾ ਇਕ ਵਾਰ ਫੇਰ ਕਿਸਾਨਾਂ ਨੂੰ ਫ਼ਸਲ ਰੂਪੀ ਅਤੇ ਗਰੀਬ ਪਰਿਵਾਰਾਂ ਨੂੰ ਮਕਾਨਾਂ ਰੂਪੀ ਨੁਕਸਾਨ ਦੇ ਰੂਪ 'ਚ ਮਾਲੀ ਨੁਕਸਾਨ ਝੱਲਣਾ ਪਿਆ ਹੈ। ਭਾਵੇਂ ਕਿ ਸਥਿਤੀ ਪਹਿਲਾਂ ਵਾਂਗ ਗੰਭੀਰ ਤਾਂ ਨਹੀਂ ਜਾਪਦੀ ਅਤੇ ਹਲਕਾ ਵਿਧਾਇਕ ਮਦਨ ਲਾਲ ਜਲਾਲਪੁਰ ਸਮੇਤ ਪ੍ਰਸ਼ਾਸਨਿਕ ਅਮਲਾ ਲਗਾਤਾਰ ਸਥਿਤੀ 'ਤੇ ਤਿੱਖੀ ਨਜ਼ਰ ਬਣਾਈ ਬੈਠਾ ਹੈ ਪਰ ਇਸ ਸਮੱਸਿਆ ਦੀ ਜੜ੍ਹ ਖਤਮ ਕਰਨ ਵਿਚ ਹੋਈ ਕੋਤਾਹੀ ਲਈ ਜਿੰਮੇਵਾਰੀ ਕਿਸੇ ਨਾ ਕਿਸੇ ਦੀ ਤਾਂ ਬਣਦੀ ਹੀ ਹੈ?