'ਵੇਰਕਾ' ਫ਼ਿਰੋਜ਼ਪੁਰ ਡੇਅਰੀ ਨੇ ਦੁੱਧ ਖਰੀਦ ਭਾਅ 'ਚ 25 ਰੁਪਏ ਪ੍ਰਤੀ ਕਿੱਲੋ ਫੈਟ ਕੀਤਾ ਵਾਧਾ
ਹਰੀਸ਼ ਮੌਂਗਾ
ਫਿਰੋਜ਼ਪੁਰ, 11 ਅਪ੍ਰੈਲ 2025- 'ਵੇਰਕਾ' ਵੱਲੋਂ ਦੁੱਧ ਉਤਪਾਦਕਾਂ ਦੇ ਹਿੱਤ ਵਿੱਚ ਇਕ ਮਹੱਤਵਪੂਰਨ ਫੈਸਲਾ ਲਿਆ ਗਿਆ ਹੈ। ਵੇਰਕਾ ਨੇ ਦੁੱਧ ਦੀ ਖਰੀਦ ਦਰ ਵਿੱਚ 25 ਰੁਪਏ ਪ੍ਰਤੀ ਕਿਲੋ ਫੈਟ ਦਾ ਵਾਧਾ ਕੀਤਾ ਹੈ। ਇਹ ਫੈਸਲਾ ਮਿਲਕਫੈਡ ਪੰਜਾਬ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਅਤੇ ਮੈਨੇਜਿੰਗ ਡਾਇਰੈਕਟਰ ਰਾਹੁਲ ਗੁਪਤਾ (ਆਈ.ਏ.ਐਸ.) ਦੀ ਅਗਵਾਈ ਹੇਠ ਮਿਲਕ ਯੂਨੀਅਨ ਫਿਰੋਜ਼ਪੁਰ ਦੇ ਬੋਰਡ ਆਫ ਡਾਇਰੈਕਟਰਜ਼ ਦੀ ਸਿਫਾਰਸ਼ 'ਤੇ ਲਿਆ ਗਿਆ ਹੈ।
ਵਾਧੇ ਦੀ ਘੋਸ਼ਣਾ ਮਿਲਕ ਯੂਨੀਅਨ ਫਿਰੋਜ਼ਪੁਰ ਦੇ ਚੇਅਰਮੈਨ ਗੁਰਭੇਜ ਸਿੰਘ ਟਿੱਬੀ ਨੇ ਜਨਰਲ ਮੈਨੇਜਰ ਸੁਗਯਾਨ ਪ੍ਰਸਾਦ ਸਿੰਘ, ਬੋਰਡ ਮੈਂਬਰਾਂ ਅਤੇ ਅਸਿਸਟੈਂਟ ਰਜਿਸਟ੍ਰਾਰ ਸੁਖਜੀਤ ਸਿੰਘ ਬਰਾੜ ਦੀ ਮੌਜੂਦਗੀ ਵਿੱਚ ਕੀਤੀ। ਉਹਨਾਂ ਦੱਸਿਆ ਕਿ ਇਹ ਵਾਧਾ ਨਾ ਸਿਰਫ਼ ਦੁੱਧ ਉਤਪਾਦਕਾਂ ਦੀ ਆਮਦਨ ਵਿੱਚ ਇਜਾਫਾ ਕਰੇਗਾ, ਸਗੋਂ ਉਨ੍ਹਾਂ ਦੇ ਮਨੋਬਲ ਨੂੰ ਵੀ ਵਧਾਏਗਾ। ਵੇਰਕਾ ਦੇ ਇਸ ਕਦਮ ਨਾਲ ਕਿਸਾਨਾਂ ਨੂੰ ਉਚਿਤ ਮੁੱਲ ਮਿਲੇਗਾ ਅਤੇ ਉਹ ਨਵੀਨਤਮ ਤਕਨੀਕਾਂ, ਪਸ਼ੂ ਪਾਲਣ ਅਤੇ ਗੁਣਵੱਤਾ ਵਾਲੇ ਚਾਰੇ ਦੀ ਵਰਤੋਂ ਵੱਲ ਉਤਸ਼ਾਹਤ ਹੋਣਗੇ। ਬੋਰਡ ਵੱਲੋਂ ਇਹ ਵੀ ਫੈਸਲਾ ਕੀਤਾ ਗਏ ਕਿ ਜਿਹੜੇ ਕਿਸਾਨ ਵੇਰਕਾ ਨਾਲ ਲੰਬੇ ਸਮੇ ਤੋ ਜੁੜੇ ਹਨ ਉਹਨਾਂ ਨੂੰ ਮਲੱਪਾ ਦੀਆਂ ਗੋਲੀਆਂ ਅਤੇ ਧਾਤਾਂ ਦਾ ਚੂਰਾ ਮੁਹਈਆ ਮੁਫ਼ਤ ਵਿੱਚ ਕਰਵਾਇਆ ਜਾਵੇਗਾ।
ਇਸ ਵਾਧੇ ਦੇ ਨਾਲ ਹੀ ਵੇਰਕਾ ਨੇ ਇਹ ਵੀ ਐਲਾਨ ਕੀਤਾ ਹੈ ਕਿ ਦੁੱਧ ਦੀ ਵਿਕਰੀ ਦਰਾਂ ਵਿੱਚ ਕਿਸੇ ਵੀ ਵਾਧੇ ਨੂੰ ਟਾਲਿਆ ਜਾਵੇਗਾ, ਤਾਂ ਜੋ ਖਪਤਕਾਰਾਂ ਨੂੰ ਵਾਧੂ ਆਰਥਿਕ ਬੋਝ ਨਾ ਸਹਿਣਾ ਪਵੇ। ਇਹ ਫੈਸਲਾ ਵੇਰਕਾ ਦੀ ਖਪਤਕਾਰ-ਮਿੱਤਰ ਨੀਤੀ ਨੂੰ ਦਰਸਾਉਂਦਾ ਹੈ। ਇਸ ਮੌਕੇ 'ਤੇ ਵੇਰਕਾ ਵੱਲੋਂ ਆਪਣਾ ਨਵਾਂ ਮਸਕੌਟ "ਵੀਰਾ" ਵੀ ਲਾਂਚ ਕੀਤਾ ਗਿਆ, ਜੋ ਵੇਰਕਾ ਦੀ ਗੁਣਵੱਤਾ, ਭਰੋਸੇ ਅਤੇ ਖੁਸ਼ਹਾਲ ਭਵਿੱਖ ਦੀ ਪਹਿਚਾਣ ਬਣੇਗਾ। "ਵੀਰਾ" ਨੌਜਵਾਨ ਪੀੜ੍ਹੀ ਨੂੰ ਵੇਰਕਾ ਨਾਲ ਜੋੜਨ ਵਿੱਚ ਇੱਕ ਪ੍ਰਭਾਵਸ਼ਾਲੀ ਕਦਮ ਸਾਬਤ ਹੋਵੇਗਾ।
ਵੇਰਕਾ ਨੇ ਸਾਰੇ ਦੁੱਧ ਉਤਪਾਦਕਾਂ, ਸਹਿਕਾਰੀ ਸਭਾਵਾਂ ਅਤੇ ਖਪਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੇਰਕਾ ਨਾਲ ਜੁੜੇ ਰਹਿਣ ਅਤੇ ਇਸ ਸਹਿਕਾਰੀ ਅੰਦੋਲਨ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ। ਵੇਰਕਾ ਹਮੇਸ਼ਾਂ ਦੁੱਧ ਉਤਪਾਦਕਾਂ ਦੀ ਖੁਸ਼ਹਾਲੀ, ਗੁਣਵੱਤਾ ਵਾਲੀ ਉਤਪਾਦਨ ਪ੍ਰਣਾਲੀ ਅਤੇ ਖਪਤਕਾਰਾਂ ਦੀ ਸੰਤੁਸ਼ਟੀ ਲਈ ਵਚਨਬੱਧ ਰਹੇਗੀ। ਇਸ ਮੌਕੇ ਗੁਰਦੀਪ ਸਿੰਘ ਗੁਰਾਲੀ, ਰੂਬਾਸ਼ ਸਿੰਘ ਜਾਖੜ, ਮਿਲਖਾ ਸਿੰਘ, ਰਣਦੀਪ ਹਾਂਡਾ (ਡਿਪਟੀ ਡਾਇਰੈਕਟਰ ਡੇਅਰੀ), ਜੋਗਿੰਦਰ ਸਿੰਘ ਅਤੇ ਸ਼੍ਰੀਮਤੀ ਚਾਂਦ ਰਾਣੀ ਆਦਿ ਹਾਜ਼ਰ ਸਨ।