ਹਜ਼ਾਰਾਂ ਕਿਸਾਨਾਂ,ਮਜ਼ਦੂਰਾਂ ਦਾ ਜਥਾ ਬਿਆਸ ਪੁਲ ਤੋਂ ਦਿੱਲੀ ਮੋਰਚੇ ਲਈ ਰਵਾਨਾ।
ਕੁਲਵਿੰਦਰ ਸਿੰਘ
ਅੰਮ੍ਰਿਤਸਰ, 5 ਅਪ੍ਰੈਲ 2021 - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ,ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ, ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਵਰਿਆਮ,ਰਣਜੀਤ ਸਿੰਘ ਕਲੇਰ ਬਾਲਾ ਦੀ ਅਗਵਾਈ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਹਜਾਰਾਂ ਕਿਸਾਨਾਂ,ਮਜਦੂਰਾਂ,ਬੀਬੀਆਂ, ਨੌਜਵਾਨਾਂ ਦਾ ਜੱਥਾ ਅੱਜ ਬਿਆਸ ਪੁਲ ਤੋਂ ਦਿੱਲੀ ਮੋਰਚੇ ਲਈ ਰਵਾਨਾ ਕੀਤਾ ਗਿਆ।
ਆਗੂਆਂ ਨੇ ਦੱਸਿਆ ਕਿ ਕਈ ਕਿਲੋਮੀਟਰ ਲੰਮੇ ਹਜਾਰਾਂ ਟਰੈਕਟਰ ਟਰਾਲੀਆਂ ਦੇ ਇਸ ਕਾਫਲੇ ਵਿੱਚ ਬੀਬੀਆਂ ਦੀ ਭਰਵੀਂ ਸ਼ਮੂਲੀਅਤ ਰਹੀ। ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਕਰੋਨਾ ਦੀ ਆੜ ਵਿੱਚ ਦਿੱਲੀ ਮੋਰਚੇ ਨੂੰ ਤਾਰਪੀਡੋ ਕਰਨਾ ਚਾਹੁੰਦੀ ਹੈ,ਪਰ ਦੇਸ਼ ਦੇ ਕਿਸਾਨ ਮਜ਼ਦੂਰ ਕੇਂਦਰ ਦੇ ਇਸ ਮਨਸੂਬੇ ਨੂੰ ਸਫ਼ਲ ਨਹੀਂ ਹੋਣ ਦੇਣਗੇ। ਮੋਰਚੇ ਦੀ ਮਜਬੂਤੀ ਲਈ ਜਥੇਬੰਦੀ ਵੱਲੋਂ ਲਗਾਤਾਰ ਕਾਫਲੇ ਭੇਜੇ ਜਾ ਰਹੇ ਹਨ।ਇਹ ਅੰਦੋਲਨ ਕਾਲੇ ਕਾਨੂੰਨਾਂ ਦੀ ਵਾਪਸੀ ਅਤੇ ਸਾਰੀਆਂ ਫ਼ਸਲਾਂ ਦੀ ਸਰਕਾਰੀ ਖਰੀਦ ਦੀ ਗਰੰਟੀ ਵਾਲਾ ਕਾਨੂੰਨ ਲਾਗੂ ਕਰਾਉਣ ਤਕ ਜਾਰੀ ਰਹੇਗਾ।
ਇਸ ਮੌਕੇ ਸਕੱਤਰ ਸਿੰਘ ਕੋਟਲਾ,ਕੁਲਵੰਤ ਸਿੰਘ ਰਾਜਾਤਾਲ, ਬਾਜ ਸਿੰਘ ਸਾਰੰਗੜਾ,ਬਲਦੇਵ ਸਿੰਘ ਬੱਗਾ,ਚਰਨਜੀਤ ਸਿੰਘ ਸਫੀਪੁਰ, ਮੁਖਤਾਰ ਸਿੰਘ ਭੰਗਵਾਂ, ਅਮੋਲਕਜੀਤ ਸਿੰਘ,ਮੰਗਜੀਤ ਸਿੰਘ ਸਿੱਧਵਾਂ, ਅਮਰਦੀਪ ਸਿੰਘ ਗੋਪੀ ਆਦਿ ਆਗੂ ਵੀ ਹਾਜ਼ਰ ਸਨ।