ਕੋਰੋਨਾ ਕਹਿਰ: ਮਾਨਸਾ ਵਿੱਚ 9 ਮੌਤਾਂ, ਬਹੁਤੀਆਂ ਮੌਤਾਂ ਦਾ ਨਹੀਂ ਮਿਲਦਾ ਰਿਕਾਰਡ
ਸੰਜੀਵ ਜਿੰਦਲ
- ਕੋਰੋਨਾ ਮਰੀਜ਼ ਹੋ ਰਹੇ ਨੇ ਹਸਪਤਾਲ ਵਿਚ ਖੱਜਲ , ਕੋਈ ਨਹੀਂ ਹੈ ਉਨ੍ਹਾਂ ਦੀ ਸਾਰ ਲੈਣ ਵਾਲਾ
ਮਾਨਸਾ, 4 ਮਈ 2021 : ਮਾਨਸਾ ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਜ਼ਿਲ੍ਹੇ ਵਿੱਚ ਲਗਾਤਾਰ ਕੋਰੋਨਾ ਮਰੀਜਾਂ ਦੀਆਂ ਮੌਤਾਂ ਹੋ ਰਹੀਆਂ ਹਨ, ਪਰ ਬਹੁਤੀਆਂ ਮੌਤਾਂ ਦਾ ਰਿਕਾਰਡ ਸਿਹਤ ਵਿਭਾਗ ਕੋਲ ਨਹੀਂ ਪੁੱਜਦਾ, ਜਿਸ ਵਜੋਂ ਸਾਰੀਆਂ ਮੌਤਾਂ ਦੀ ਪੁਸ਼ਟੀ ਨਹੀਂ ਕੀਤੀ ਜਾਂਦੀ। ਮਾਨਸਾ ਵਿੱਚ ਐਤਵਾਰ ਨੂੰ 9 ਮੌਤਾਂ ਹੋ ਜਾਣ ਦੀ ਸੂਚਨਾ ਮਿਲੀ, ਪਰ ਸਿਹਤ ਵਿਭਾਗ ਨੇ 3 ਔਰਤਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਇਹ ਔਰਤਾਂ ਫਰੀਦਕੋਟ ਤੇ ਪਟਿਆਲਾ ਵਿਖੇ ਆਪਣਾ ਇਲਾਜ ਕਰਵਾ ਰਹੀਆਂ ਸਨ। ਮਿਲੇ ਵੇਰਵਿਆਂ ਅਨੁਸਾਰ ਮਾਨਸਾ ਵਿੱਚ ਅਨੇਕਾਂ ਮਰੀਜ਼ ਗੰਭੀਰ ਹਾਲਤ ਚ ਹਸਪਤਾਲ ਵਿਖੇ ਦਾਖਲ ਹਨ, ਜਿੰਨਾਂ ਨੂੰ ਇਲਾਜ ਦੀ ਜਰੂਰਤ ਹੈ, ਪਰ ਮਰੀਜ਼ਾਂ ਨੂੰ ਆਕਸੀਮੀਟਰ ਅਤੇ ਫਤਿਹ ਕਿੱਟਾਂ ਨਹੀਂ ਮਿਲ ਰਹੀਆਂ।
ਇਸ ਦੇ ਇਲਾਵਾ ਧੜੱਲੇ ਨਾਲ ਕੀਤੇ ਜਾ ਰਹੇ ਕੋਰੋਨਾ ਟੈਸਟਾਂ ਦੀ ਤਦਾਦ ਦੇ ਅਨੁਸਾਰ ਮਰੀਜ਼ਾਂ ਨੂੰ ਕੋਈ ਗਾਈਡਲਾਇਨ ਦੇਣ ਵਾਲਾ ਵੀ ਨਜਰ ਨਹੀਂ ਆ ਰਿਹਾ। ਸਿਵਲ ਹਸਪਤਾਲ ਕੋਰੋਨਾ ਦੀ ਮਾਰ ਕਾਰਨ ਸਟਾਫ ਦੇ ਕਈ ਮੈਂਬਰਾਂ ਦੇ ਡਾਕਟਰਾਂ ਨੂੰ ਕੋਰੋਨਾ ਹੋ ਚੁੱਕਿਆ ਹੈ। ਅਜਿਹੀ ਸਥਿਤੀ ਵਿੱਚ ਮਰੀਜ਼ਾਂ ਦੀ ਦੇਖਭਾਲ, ਕੋਰੋਨਾ ਪਾਜੇਟਿਵ ਆਉਣ ਤੇ ਉਨ੍ਹਾਂ ਵੱਲੋਂ ਕੀ ਸਾਵਧਾਨੀਆਂ ਵਰਤੀਆਂ ਜਾਣ, ਇਹ ਵੀ ਦੱਸਣ ਵਾਲਾ ਕੋਈ ਨਹੀਂ ਹੈ। ਸਿਵਲ ਅਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਕੈਂਪ ਲਾ ਕੇ ਲੋਕਾਂ ਦੇ ਟੈਸਟ ਕੀਤੇ ਜਾ ਰਹੇ ਹਨ ਅਤੇ ਪਾਜੇਟਿਵ ਆਉਣ ਤੇ ਉਨ੍ਹਾਂ ਨੂੰ ਘਰ ਬੈਠਣ ਦੀ ਸਲਾਹ ਦਿੱਤੀ ਜਾ ਰਹੀ ਹੈ, ਪਰ ਇਹ ਨਹੀਂ ਦੱਸਿਆ ਜਾ ਰਿਹਾ ਕਿ ਮਰੀਜ ਹੁਣ ਕੀ ਕਰੇ ਤੇ ਕਿਹੜੀ ਦਵਾਈ ਲਵੇ।
ਮਾਨਸਾ ਵਿਖੇ ਇਸ ਵੇਲੇ ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ 78 ਵਿਅਕਤੀਆਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ ਅਤੇ ਇਸ ਵੇਲੇ ਜਿਲ੍ਹੇ ਚ 2278 ਕੋਰੋਨਾ ਮਰੀਜ਼ ਐਕਟਿਵ ਹਨ, ਜਿੰਨਾਂ ਦਾ ਘਰਾਂ ਤੇ ਹਸਪਤਾਲਾਂ ਚ ਇਲਾਜ ਹੋ ਰਿਹਾ ਹੈ। ਐਤਵਾਰ ਨੂੰ ਸਿਹਤ ਵਿਭਾਗ ਨੇ 3 ਔਰਤਾਂ ਮਰੀਜ਼ਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ, ਜਦਕਿ ਸੂਤਰਾਂ ਅਨੁਸਾਰ ਪਿੰਡ ਝੰਡੂਕੇ ਦਾ ਇੱਕ ਨੌਜਵਾਨ ਤੇ ਇੱਕ ਬਜੁਰਗ ਔਰਤ ਤੋਂ ਇਲਾਵਾ ਮਾਨਸਾ ਦੀ ਇੱਕ ਸੇਵਾ ਮੁਕਤ ਨਗਰ ਕੌਂਸਲ ਮੁਲਾਜਮ ਦੀ ਮੌਤ ਹੋ ਚੁੱਕੀ ਹੈ। ਜਿਸ ਦੀ ਵਿਭਾਗ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ। ਸਿਹਤ ਵਿਭਾਗ ਨੇ ਪਿੰਡ ਖਿਆਲਾ ਕਲਾਂ ਦੀ 60 ਸਾਲਾ ਇੱਕ ਔਰਤ ਅਤੇ 31 ਸਾਲਾ ਇੱਕ ਔਰਤ ਸਮੇਤ ਬੁਢਲਾਡਾ ਦੀ ਇੱਕ 50 ਸਾਲਾ ਕੋਰੋਨਾ ਮਰੀਜ਼ ਔਰਤ ਦੀ ਮੌਤ ਹੋਣ ਦੀ ਜਾਣਕਾਰੀ ਦਿੱਤੀ ਹੈ। ਸੀਐਚਸੀ ਖਿਆਲਾ ਕਲਾਂ ਦਾ ਇੱਕ ਲੇਖਾਕਾਰ ਵੀ ਕੋਰੋਨਾ ਪਾਜੇਟਿਵ ਪਾਇਆ ਗਿਆ ਹੈ।
ਸਿਵਲ ਸਰਜਨ ਦਫਰਤ ਦੀ ਮਹਿਲਾ ਡਾਕਟਰ ਵੀ ਪਾਜੇਟਿਵ ਪਾਈ ਗਈ ਹੈ। ਫਰੀਦਕੋਟ ਵਿਖੇ ਮਾਨਸਾ ਦੇ 3 ਵਿਅਕਤੀਆਂ, ਸਿਵਲ ਹਸਪਤਾਲ ਮਾਨਸਾ ਵਿਖੇ 3 ਵਿਅਕਤੀਆਂ ਤੇ 3 ਦੀ ਪਟਿਆਲਾ ਵਿਖੇ ਮੌਤ ਹੋ ਚੁੱਕੀ ਹੈ। ਪਿੰਡ ਨੰਗਲ ਵਿਖੇ ਏਕਾਂਤਵਾਸ ਇੱਕ ਵਿਅਕਤੀ ਦੀ ਘਰ ਵਿਖੇ ਹੀ ਮੌਤ ਹੋ ਗਈ ਹੈ, ਇਹ ਪਿੰਡ ਦਾ ਗ੍ੰਥੀ ਦੱਸਿਆ ਜਾ ਰਿਹਾ ਹੈ, ਪਰ ਸਿਹਤ ਵਿਭਾਗ ਵੱਲੋਂ 3 ਮੌਤਾਂ ਦੀ ਪੁਸ਼ਟੀ ਕਰਨ ਤੋਂ ਇਲਾਵਾ ਕੋਰੋਨਾ ਤੋਂ ਪ੍ਰਭਾਵਿਤ ਹੋਏ ਮੌਤ ਦੇ ਮੂੰਹ ਚ ਗਏ ਵਿਅਕਤੀਆਂ ਦੇ ਕੋਈ ਵੇਰਵੇ ਨਹੀਂ ਦਿੱਤੇ ਗਏ ਹਨ। 6 ਮੌਤਾਂ ਦੇ ਮਾਮਲੇ ਚ ਸਿਹਤ ਵਿਭਾਗ ਕੋਲ ਕੋਈ ਵੀ ਰਿਕਾਰਡ ਮੌਜੂਦ ਨਹੀਂ ਹੈ।
ਆਮ ਲੋਕਾਂ ਦਾ ਮੰਨਣਾ ਹੈ ਕਿ ਸਿਹਤ ਵਿਭਾਗ ਕੁੱਝ ਮੌਤਾਂ ਦੀ ਪੁਸ਼ਟੀ ਕਰਦਾ ਹੈ, ਜਦਕਿ ਬਹੁਤੀਆਂ ਮੌਤਾਂ ਦੇ ਮਾਮਲੇ ਚ ਗੱਲ ਵਿਚਕਾਰ ਹੀ ਲਟਕ ਕੇ ਰਹਿ ਜਾਂਦੀ ਹੈ। ਪਿੰਡ ਖਿਆਲਾ ਕਲਾਂ ਤੇ ਬੁਢਲਾਡਾ ਦੀਆਂ 3 ਔਰਤਾਂ ਤੋਂ ਇਲਾਵਾ ਬਾਕੀ ਮੌਤਾਂ ਬਾਰੇ ਪੁੱਛਣ ਤੇ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਮੌਤਾਂ ਨੂੰ ਕੋਰੋਨਾ ਕਾਰਨ ਮੰਨਣਾ ਜਲਦਬਾਜੀ ਹੋਵੇਗੀ। ਡਾਕਟਰਾਂ ਦਾ ਇੱਕ ਪੈਨਲ ਇਸ ਦੀ ਗੰਭੀਰਤਾ ਨਾਲ ਜਾਂਚ ਕਰਨ ਤੋਂ ਬਾਅਦ ਪੁਸ਼ਟੀ ਕਰਦਾ ਹੈ, ਪਰ ਬਹੁਤੇ ਵਿਅਕਤੀਆਂ ਅਤੇ ਮੌਤ ਦੇ ਮੂੰਹ ਚ ਜਾ ਚੁੱਕੇ ਵਿਅਕਤੀਆਂ ਦੇ ਵਾਰਿਸਾਂ ਦਾ ਕਹਿਣਾ ਹੈ ਕਿ ਕੋਰੋਨਾ ਤੋਂ ਟੈਸਟ ਅਤੇ ਸਾਵਧਾਨੀਆਂ ਲਗਾਤਾਰ ਦੱਸੀਆਂ ਜਾ ਰਹੀਆਂ ਹਨ, ਪਰ ਸਰਕਾਰੀ ਹਸਪਤਾਲਾਂ ਚ ਮਰੀਜ਼ਾਂ ਨੂੰ ਸੰਭਾਲਣ ਵਾਲਾ ਕੋਈ ਨਹੀਂ ਹੈ, ਨਾ ਕਿਸੇ ਨੂੰ ਇਲਾਜ ਮਿਲ ਰਿਹਾ ਹੈ ਅਤੇ ਨਾ ਹੀ ਦਵਾਈਆਂ ਤੇ ਹੋਰ ਸਾਧਨ। ਕੋਰੋਨਾ ਕਿੱਟਾਂ ਲੈਣ ਵਾਸਤੇ ਵੀ ਲੋਕਾਂ ਨੂੰ ਸਿਫਾਰਿਸ਼ਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ।
ਐਸਐਸਪੀ ਮਾਨਸਾ ਸੁਰੇਂਦਰ ਲਾਂਬਾ ਨੇ ਲੋਕਾਂ ਨਾਲ ਮੀਟਿੰਗ ਕਰਕੇ ਅਪੀਲ ਕੀਤੀ ਹੈ ਕਿ ਜਿਹੜੇ ਵਿਅਕਤੀ ਪਹਿਲੇ ਸਮੇਂ ਦੌਰਾਨ ਕੋਰੋਨਾ ਤੋਂ ਪ੍ਰਭਾਵਿਤ ਹੋ ਚੁੱਕੇ ਹਨ, ਕੋਲ ਆਕਸੀਮੀਟਰ ਤੇ ਫਤਿਹ ਕਿੱਟਾਂ ਮੌਜੂਦ ਹਨ, ਉਹ ਆਕਸੀਮੀਟਰ ਜਰੂਰਤਮੰਦ ਮਰੀਜ਼ਾਂ ਨੂੰ ਮੁਹੱਈਆ ਕਰਵਾਉਣ ਤਾਂ ਜੋ ਉਨ੍ਹਾਂ ਦੀ ਥੁੜ ਕਾਰਨ ਕੋਈ ਮੌਤ ਦੇ ਮੂੰਹ ਵਿੱਚ ਨਾ ਜਾਵੇ। ਸੂਤਰਾਂ ਅਨੁਸਾਰ ਸਿਵਲ ਹਸਪਤਾਲ ਮਾਨਸਾ ਦੇ ਐਸਐਮਓ ਸਮੇਤ ਹੋਰ ਵਿਅਕਤੀ ਦੀ ਕੋਰੋਨਾ ਦੀ ਲਪੇਟ ਚ ਆ ਚੁੱਕੇ ਹਨ ਅਤੇ ਉਹ ਲੰਮੀ ਛੁੱਟੀ ਦੇ ਚਲੇ ਗਏ ਹਨ। ਸਿਵਲ ਹਸਪਤਾਲ ਵਿਖੇ ਆਉਣ ਵਾਲੇ ਮਰੀਜ਼ਾਂ ਨੂੰ ਸਟਾਫ ਨਾਲ ਮਿਲਣ ਕਾਰਨ ਲੋੜੀਦੀਆਂ ਚੀਜ਼ਾਂ ਉਪਲੱਬਧ ਨਹੀਂ ਹੋ ਰਹੀਆਂ, ਉਨ੍ਹਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਕਈ ਮਰੀਜ਼ ਇਲਾਜ ਲਈ ਹਸਪਤਾਲ ਆਉਂਦੇ ਹਨ, ਪਰ ਉਹ ਉਥੇ ਗਾਰਡਨ ਚ ਬੈਠਣ ਤੋਂ ਬਾਅਦ ਨਿਰਾਸ਼ ਹੋ ਕੇ ਘਰਾਂ ਨੂੰ ਮੁੜ ਰਹੇ ਹਨ।
ਦੇਖਿਆ ਗਿਆ ਕਿ ਸੈਂਪਲ ਰਿਪੋਰਟਾਂ ਤੇ ਕਿੱਟਾਂ ਲੈਣ ਲਈ ਲੋਕ ਕਤਾਰਾਂ ਵਿੱਚ ਲੱਗੇ ਹੋਏ ਸਨ ਅਤੇ ਮੰਗੇ ਤੋਂ ਵੀ ਲੋਕਾਂ ਨੂੰ ਫਤਿਹ ਕਿੱਟਾਂ ਨਹੀਂ ਮਿਲ ਰਹੀਆਂ, ਜੋ ਫਤਿਹ ਕਿੱਟਾਂ ਉਪਲੱਬਧ ਹਨ, ਚੋਂ ਵੀ ਆਕਸੀਮੀਟਰ ਤੇ ਹੋਰ ਜਰੂਰਤ ਦਾ ਸਮਾਨ ਗਾਇਬ ਹੈ, ਜਿਸ ਕਰਕੇ ਮਰੀਜ਼ਾਂ ਨੂੰ ਆਪਣਾ ਆਕਸੀਜਨ ਲੈਬਲ ਨਾਪਣ ਅਤੇ ਉਸ ਦੀ ਰਿਪੋਰਟ ਦੇਣ ਦੀ ਕੋਈ ਵੀ ਸਹੂਲਤ ਨਹੀਂ ਮਿਲ ਰਹੀ ਹੈ। ਅਜਿਹੀ ਸਥਿਤੀ ਚ ਮਰੀਜ਼ਾਂ ਨੂੰ ਸਹੂਲਤਾਂ ਨਾ ਮਿਲਣ ਕਾਰਨ ਚਾਰੇ ਪਾਸਿਉਂ ਘਿਰੇ ਹੋਏ ਹਨ। ਇੱਕ ਕੋਰੋਨਾ ਮਰੀਜ਼ਾਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਜਦ ਉਹ ਹਸਪਤਾਲ ਗਏ ਤਾਂ ਉਨ੍ਹਾਂ ਨੂੰ ਇੱਕ ਮਹਿਲਾ ਸਿਹਤ ਕਰਮਚਾਰੀ ਤੋਂ ਆਪਣੀ ਬਿਮਾਰੀ ਪ੍ਰਤੀ ਦਵਾਈਆਂ ਤੇ ਹੋਰ ਜਾਣਕਾਰੀ ਲੈਣੀ ਚਾਹੀ ਤਾਂ ਜਵਾਬ ਮਿਲਿਆ ਕਿ ਤੁਸੀਂ ਚੁੱਪ ਕਰਕੇ ਘਰ ਬੈਠੋ, ਬਿਮਾਰੀ ਆਪਣੇ ਆਪ ਠੀਕ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਹਸਪਤਾਲ ਦੇ ਐਮਰਜੈਂਸੀ ਵਾਰਡ, ਓਪੀਡੀ ਅਤੇ ਵਿਹੜੇ ਚ ਮਰੀਜ਼ਾਂ ਨੂੰ ਪ੍ਰਰੇਸ਼ਾਨ ਹੋ ਰਹੇ ਸਨ, ਜਿੰਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਹੈ।
ਮੌਤਾਂ ਦਾ ਰਿਕਾਰਡ ਮਿਲਣ ਦੇ ਹੀ ਕੋਰੋਨਾ ਦੀ ਹੁੰਦੀ ਹੈ ਪੁਸ਼ਟੀ-ਸਿਵਲ ਸਰਜਨ
ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਦੌਰਾਨ ਮੌਤਾਂ ਲਗਾਤਾਰ ਹੋ ਰਹੀਆਂ ਹਨ, ਪਰ ਜਰੂਰੀ ਨਹੀਂ ਕਿ ਸਾਰੀਆਂ ਮੌਤਾਂ ਦਾ ਕਾਰਨ ਕੋਰੋਨਾ ਦੀ ਬਿਮਾਰੀ ਹੀ ਹੋਵੇ। ਉਨ੍ਹਾਂ ਕਿਹਾ ਕਿ ਇਸ ਦੀ ਵਿਸ਼ੇਸ਼ ਤੌਰ ਤੇ ਇੱਕ ਡਾਕਟਰੀ ਟੀਮ ਜਾਂਚ ਕਰਦੀ ਹੈ, ਜਿਸ ਤੋਂ ਬਾਅਦ ਕੋਰੋਨਾ ਨਾਲ ਹੋਈ ਮੌਤ ਦੇ ਵੇਰਵੇ ਇਕੱਤਰ ਕੀਤੇ ਜਾਂਦੇ ਹਨ ਤੇ ਇਸ ਦੀ ਜਾਣਕਾਰੀ ਜਨਤਕ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਮੌਤ ਦਾ ਰਿਕਾਰਡ ਲੁਕਾਇਆ ਨਹੀਂ ਜਾਂਦਾ, ਸਿਰਫ ਜਾਂਚ ਵਿੱਚ ਹੀ ਦੇਰੀ ਹੋ ਜਾਂਦੀ ਹੈ।