ਬਠਿੰਡਾ 'ਚ ਕਰੋਨਾ ਦਾ ਕਹਿਰ - ਦੋ ਸਕੇ ਭਰਾਵਾਂ ਤੇ ਸਮਾਜਸੇਵੀ ਸਣੇ 20 ਮੌਤਾਂ
ਅਸ਼ੋਕ ਵਰਮਾ
ਬਠਿੰਡਾ,4 ਮਈ 2021:ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਕਹਿਰ ਹੁਣ ਗਲੀ ਮੁਹੱਲਿਆਂ ’ਚ ਪੁੱਜਦਾ ਹੋਇਆ ਘਰ-ਘਰ ’ਚ ਲੋਕਾਂ ਨੂੰ ਡੰਗਣ ਲੱਗਿਆ ਹੈ। ਬਠਿੰਡਾ ਜਿਲ੍ਹੇ ’ਚ ਇਸ ਮਹਾਂਮਾਰੀ ਨੇ ਅੱਜ ਦੋ ਸਕੇ ਭਰਾਵਾਂ ਅਤੇ ਇੱਕ ਸਮਾਜਸੇਵੀ ਸਮੇਤ 20 ਜਣਿਆਂ ਨੂੰ ਆਪਣਾ ਸ਼ਿਕਾਰ ਬਣਾ ਲਿਆ ਹੈ। ਵੇਰਵਿਆਂ ਮੁਤਾਬਿਕ ਅੱਜ ਹਰੀ ਸਿੰਘ (72) ਪੁੱਤਰ ਮੇਜਰ ਸਿੰਘ ਵਾਸੀ ਜੰਗੀਰਾਣਾ ਨੂੰ ਆਪਣਾ ਸ਼ਿਕਾਰ ਬਣਾ ਲਿਆ। ਪ੍ਰੀਵਾਰ ਅਜੇ ਇਸ ਮੌਤ ਦਾ ਅਫਸੋਸ ਮਨਾ ਰਿਹਾ ਸੀ ਕਿ ਇੱਕ ਘੰਟਾ ਬਾਅਦ ਉਸ ਦੇ ਛੋਟੇ ਭਰਾ ਮਹਿੰਦਰ ਸਿੰਘ (70) ਪੁੱਤਰ ਮੇਜ਼ਰ ਸਿੰਘ ਵਾਸੀ ਜੰਗੀਰਾਣਾ ਨੇ ਕੋਰੋਨਾ ਦਾ ਕਹਿਰ ਨਾ ਝੱਲਦਿਆਂ ਦਮ ਤੋੜ ਦਿੱਤਾ । ਇਸੇ ਤਰਾਂ ਹੀ ਜਲ ਸੇਵਾ ਸੰਮਤੀ ਦੇ ਪ੍ਰਧਾਨ ਮੋਹਿਤ ਬਾਂਸਲ ਪੁੱਤਰ ਸਵਰਗਵਾਸੀ ਰਮੇਸ਼ ਬਾਂਸਲ ਵਾਸੀ ਪੁਖਰਾਜ ਕਲੋਨੀ ਵੀ ਅੱਜ ਕਰੋਨਾ ਕਾਰਨ ਸਦੀਵੀ ਵਿਛੋੜਾ ਦੇ ਗਿਆ। ਮੋਹਿਤ ਬਾਂਸਲ ਦੀ ਕੁੱਝ ਦਿਨ ਪਹਿਲਾਂ ਤਬੀਅਤ ਖਰਾਬ ਹੋ ਗਈ ਸੀ ।
ਸਾਹ ਦੀ ਤਕਲੀਫ ਕਾਰਨ ਉਸ ਨੂੰ ਡੀਡੀਆਰ ਸੈਂਟਰ ’ਚ ਦਾਖਲ ਕਾਵਾਉਣ ਤੋਂ ਬਾਅਦ ਉਸ ਨੂੰ ਇੱਕ ਪ੍ਰਾਈਵੇਟ ਹਸਪਤਾਲ ’ਚ ਦਾਖਲ ਕਰਵਾਇਆ ਸੀ ਜਿੱਥੇ ਅੱਜ ਉਸ ਦੀ ਮੌਤ ਹੋ ਗਈ। ਦੋਵਾਂ ਭਰਾਵਾਂ ਤੋਂ ਇਲਾਵਾ ਮੋਹਿਤ ਬਾਂਸਲ ਸਮੇਤ ਕੁੱਲ 9 ਜਣਿਆ ਦਾ ਅੰਤਮ ਸਸਕਾਰ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਲੰਟੀਅਰਾਂ ਵੱਲੋਂ ਪੀਪੀਈ ਕਿੱਟਾਂ ਪਹਿਨਕੇ ਕੀਤਾ ਗਿਆ ਹੈ। ਇਸੇ ਤਰਾਂ ਹੀ ਅੱਜ ਸਹਾਰਾ ਜਨਸੇਵਾ ਦੇ ਵਲੰਟੀਅਰਾਂ ਨੇ ਵੀ ਅੱਜ ਕਰੋਨਾ ਕਾਰਨ ਵੱਖ ਥਾਵਾਂ ਤੇ ਹੋਈਆਂ ਮੌਤਾਂ ਨੂੰ ਲੈਕੇ 12 ਜਣਿਆਂ ਦੇ ਅੰਤਮ ਸਸਕਾਰ ਪੀ ਪੀ ਕਿੱਟਾਂ ਪਹਿਨਣ ਉਪਰੰਤ ਪੂਰਾ ਸਾਵਧਾਨੀ ਤਹਿਤ ਕੀਤੇ ਹਨ। ਓਧਰ ਬਠਿੰਡਾ ਜ਼ਿਲ੍ਹੇ ’ਚ ਬੀਤੇ 24 ਘੰਟਿਆਂ ’ਚ ਕੋਰੋਨਾ ਦੇ ਪੌਜਟਿਵ ਮਰੀਜ਼ ਰਿਕਾਰਡ 806 ਆਏ ਹਨ, ਜਦੋਂਕਿ 660 ਜਣੇ ਕਰੋਨਾ ਤੋਂ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਗਏ ਹੁਣ ਜ਼ਿਲ੍ਹੇ ’ਚ ਕੋਰੋਨਾ ਦੇ ਐਕਟਿਵ ਕੇਸ 5376 ਹਨ।