Photo : Alberta Govt Twitter
ਕੈਨੇਡਾ ਦੇ ਸੂਬੇ ਐਲਬਰਟਾ ‘ਚ ਕੋਵਿਡ ਦਾ ਕਹਿਰ ਜਾਰੀ, ਲੱਗੀਆਂ ਨਵੀਂਆਂ ਪਾਬੰਦੀਆਂ
ਨਵੇਂ ਵੇਰੀਐਂਟ ਕੇਸਾਂ ਦਾ ਅੰਕੜਾ 14728 ‘ਤੇ ਪੁੱਜਾ
ਕਮਲਜੀਤ ਬੁੱਟਰ
ਕੈਲਗਰੀ, 5 ਮਈ, 2021: ਐਲਬਰਟਾ ਵਿੱਚ ਲੰਘੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ ਨਵੇਂ ਐਕਟਿਵ ਕੇਸਾਂ ਦੀ ਗਿਣਤੀ 1743 ਦਰਜ ਕੀਤੀ ਗਈ ਹੈ ਅਤੇ ਨਵੇਂ ਵੇਰੀਐਂਟ ਦੇ ਮਾਮਲਿਆਂ ਦੀ ਗਿਣਤੀ 876 ਦੱਸੀ ਗਈ ਹੈ। ਕੁਲ ਐਕਟਿਵ ਕੇਸਾਂ ਦਾ ਅੰਕੜਾ ਹੁਣ 23623 ‘ਤੇ ਅਤੇ ਨਵੇਂ ਵੇਰੀਐਂਟ ਦੇ ਐਕਟਿਵ ਕੇਸਾਂ ਦਾ ਅੰਕੜਾ 14728 ‘ਤੇ ਪਹੁੰਚ ਗਿਆ ਹੈ।
ਐਲਬਰਟਾ ਪ੍ਰੀਮੀਅਰ ਜੇਸਨ ਕੈਨੀ ਨੇ ਸੂਬੇ ਵਿੱਚ ਕੋਰੋਨਾ ਵਾਇਰਸ ਅਤੇ ਇਸ ਦੇ ਨਵੇਂ ਵੇਰੀਐਂਟਸ ਦੇ ਤੇਜ਼ੀ ਨਾਲ ਹੋ ਰਹੇ ਫੈਲਾਅ ਨੂੰ ਵੇਖਦਿਆਂ ਸੂਬੇ ਵਿੱਚ ਵਾਧੂ ਪਾਬੰਦੀਆਂ ਲਗਾਉਣ ਦਾ ਐਲਾਨ ਕੀਤਾ ਹੈ। ਬੀਤੀ ਸ਼ਾਮ ਸੂਬਾ ਵਾਸੀਆਂ ਨੂੰ ਸੰਬੋਧਨ ਹੁੰਦਿਆਂ ਪ੍ਰੀਮੀਅਰ ਨੇ ਕਿਹਾ ਕਿ ਸਾਰੀਆਂ ਆਊਟਡੋਰ ਇਕੱਠ ਵਿੱਚ 5 ਤੋਂ ਵੱਧ ਵਿਅਕਤੀ ਸ਼ਾਮਲ ਨਹੀਂ ਹੋ ਸਕਣਗੇ ਅਤੇ ਦੋ ਪਰਿਵਾਰਾਂ ਦੇ ਮੈਂਬਰ ਨਹੀਂ ਇਕੱਠੇ ਹੋ ਸਕਣਗੇ। ਸਾਰੀਆਂ ਇਨਡੋਰ ਫਿਟਨੈਸ, ਵਨ ਔਨ ਵਨ ਟ੍ਰੇਨਿੰਗਜ਼ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਅੰਤਮ ਸਸਕਾਰ ਵਿੱਚ 10 ਤੋਂ ਵੱਧ ਵਿਅਕਤੀ ਸ਼ਾਮਲ ਨਹੀਂ ਹੋ ਸਕਣਗੇ। ਵਿਆਹ-ਸ਼ਾਦੀਆਂ ਅਤੇ ਅੰਤਮ ਸਸਕਾਰਾਂ ਦੀਆਂ ਰਿਸੈਪਸ਼ਨਜ਼ ਰੱਦ ਰਹਿਣਗੀਆਂ। ਰੀਟੇਲ ਸਟੋਰਾਂ ਵਿੱਚ ਅੰਦਰ ਜਾਣ ਵਾਲੇ ਵਿਅਕਤੀਆਂ ਦੀ ਫਾਇਰ ਕੋਡ ਅਨੁਸਾਰ ਉਸ ਦੀ 10 ਫੀਸਦੀ ਗਿਣਤੀ ਨੂੰ ਹੀ ਆਗਿਆ ਹੋਵੇਗੀ। ਧਾਰਮਿਕ ਸਥਾਨਾਂ ਵਿੱਚ ਜਾਣ ਵਾਲੇ ਵਿਅਕਤੀਆਂ ਦੀ ਗਿਣਤੀ 15 ਕਰ ਦਿੱਤੀ ਗਈ ਹੈ। ਹੌਟੈਲਜ਼ ਐਂਡ ਮੌਟੈਲਜ਼ ਵਿੱਚ ਪੂਲਜ਼ ਅਤੇ ਰੈਕ੍ਰਿਏਸ਼ਨਲ ਏਰੀਆਜ਼ ਬੰਦ ਰਹਿਣਗੇ। ਜਿਸ ਕਿਸੇ ਵੀ ਅਦਾਰੇ ਜਾਂ ਸੰਸਥਾਨ ਵਿੱਚ 3 ਜਾਂ ਇਸ ਤੋਂ ਵੱਧ ਕੋਰੋਨਾ ਵਾਇਰਸ ਦੇ ਐਕਟਿਵ ਕੇਸ ਹੋਣਗੇ, ਉਸ ਅਦਾਰੇ ਜਾਂ ਸੰਸਥਾਨ ਨੂੰ 10 ਦਿਨਾਂ ਲਈ ਬੰਦ ਕਰਨ ਨੂੰ ਕਿਹਾ ਗਿਆ ਹੈ। ਇਹ ਸਾਰੀਆਂ ਪਾਬੰਦੀਆਂ ਲਾਗੂ ਹੋ ਗਈਆਂ ਹਨ। ਸ਼ੁੱਕਰਵਾਰ ਤੋਂ 25 ਮਈ ਤੱਕ ਸਾਰੇ ਕਿੰਡਰ-ਗਾਰਟਨ ਤੋਂ ਗ੍ਰੇਡ 12 ਤੱਕ ਅਤੇ ਸਾਰੇ ਪੋਸਟ ਸੈਕੰਡਰੀ ਵਿਦਿਆਰਥੀ ਔਨ-ਲਾਇਨ ਪੜ੍ਹਾਈ ਕਰਨਗੇ। 9 ਮਈ ਦੀ ਅੱਧੀ ਰਾਤ ਤੋਂ ਰੈਸਟੌਰੈਂਟਸ, ਲਾਉਂਜਿਜ਼, ਬਾਰਜ਼, ਪੱਬਜ਼ ਅਤੇ ਕੈਫੇਜ਼ ਦੀ ਆਉਟ-ਡੋਰ ਜਾਂ ਪੈਟੀਓਜ਼ ਡਾਇਨ-ਇਨ ਵੀ ਬੰਦ ਕਰ ਦਿੱਤੀ ਗਈ ਹੈ। ਹੇਅਰ ਸੈਲੋਨਜ਼, ਬਾਰਬਰਜ਼, ਨੇਲ-ਸੈਲੋਨਜ਼, ਐਸਥੇਟੇਸ਼ਿਨਜ਼, ਟੈਟੂਜ਼, ਪੀਅਰਸਿੰਗ 3 ਹਫ਼ਤਿਆਂ ਲਈ ਬੰਦ ਕਰ ਦਿੱਤੇ ਗਏ ਹਨ। ਫੈਮਿਲੀ ਡੌਕਟਰਜ਼, ਡੈਂਟਿਸਟਸ, ਮਸਾਜ ਪਾਰਲਰਜ਼ ਆਦਿ ‘ਤੇ ਐਪੌਂਇੰਟਮੈਂਟ ਬਣਾ ਕੇ ਜਾਇਆ ਜਾ ਸਕੇਗਾ।
ਕਮਲਜੀਤ ਬੁੱਟਰ
ਸੀਨੀਅਰ ਰਿਪੋਰਟਰ,ਐਲਬਰਟਾ (ਕੈਨੇਡਾ)
ਫ਼ੋਨ:-403-708-5465
ਈਮੇਲ-kamaljeetsinghbuttar@gmail.com