ਪੰਜਾਬ ਐਂਡ ਸਿੰਧ ਬੈਂਕ 'ਚ ਲਾਇਆ ਕੋਰੋਨਾ ਤੋਂ ਬਚਾਅ ਸਬੰਧੀ ਟੀਕਾਕਰਨ ਕੈਂਪ
ਪਰਵਿੰਦਰ ਸਿੰਘ ਕੰਧਾਰੀ
- ਜ਼ਿਲ੍ਹੇ ਦੇ 8 ਬੈਂਕਾਂ ਦੇ 183 ਅਧਿਕਾਰੀਆਂ/ਕਰਮਚਾਰੀਆਂ ਦਾ ਹੋਇਆ ਟੀਕਾਕਰਣ
ਫਰੀਦਕੋਟ , 4 ਮਈ - ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਕਰੋਨਾ ਤੋਂ ਬਚਾਅ ਲਈ ਵੱਧ ਤੋਂ ਵੱਧ ਕਰੋਨਾ ਵੈਕਸੀਨ ਲਗਵਾਉਣ ਦੀਆਂ ਜਾਰੀ ਕੀਤੀਆਂ ਹਦਾਇਤਾਂ ਤੇ ਅਮਲ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਦੀ ਯੋਗ ਅਗਵਾਈ ਹੇਠ ਸਥਾਨਕ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਰੈਡ ਕਰਾਸ ਭਵਨ ਵਿਖੇ ਕਰੋਨਾ ਤੋਂ ਬਚਾਅ ਲਈ ਟੀਕਾਕਰਣ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦਾ ਉਦਘਾਟਨ ਸਿਵਲ ਸਰਜਨ ਡਾ. ਸੰਜੇ ਕਪੂਰ ਨੇ ਕੀਤਾ। ਇਸ ਮੌਕੇ ਪੰਜਾਬ ਐਂਡ ਸਿੰਘ ਸਿੰਧ ਬੈਂਕ ਦੇ ਖੇਤਰੀ ਮੈਨੇਜਰ ਕੁਲਦੀਪ ਸਿੰਘ ਗਿੱਲ ਵੀ ਹਾਜ਼ਰ ਸਨ।
ਸਿਵਲ ਸਰਜਨ ਡਾ. ਸੰਜੇ ਕਪੂਰ ਨੇ ਦੱਸਿਆ ਕਿ ਇਹ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਅਫ਼ਵਾਹਾਂ ਤੋਂ ਸੁਚੇਤ ਕਰਦਿਆਂ ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਇਹ ਟੀਕਾ ਲਗਵਾਉਣਾ ਚਾਹੀਦਾ ਹੈ ਤਾਂ ਹੀ ਅਸੀਂ ਕਰੋਨਾ ਤੇ ਜਿੱਤ ਪ੍ਰਾਪਤ ਕਰ ਸਕਾਂਗੇ। ਉਨਾਂ ਅੱਗੇ ਦੱਸਿਆ ਕਿ ਸਰਕਾਰੀ ਸਿਹਤ ਸਹੂਲਤਾਂ ਵਿਚ ਹਫਤੇ ਦੇ ਸਾਰੇ ਦਿਨਾਂ ਦੌਰਾਨ ਟੀਕਾਕਰਨ ਕੀਤਾ ਜਾ ਰਿਹਾ ਹੈ ਅਤੇ ਇੱਥੇ ਇਹ ਪੂਰੀ ਤਰਾਂ ਮੁਫਤ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਦਿਸਾ-ਨਿਰਦੇਸਾਂ ਜਿਵੇਂ ਇੱਕ ਦੂਜੇ ਤੋਂ ਸਮਜਿਕ ਦੂਰੀ ਬਣਾ ਕੇ ਰੱਖਣਾ, ਮਾਸਕ ਪਾਉਣਾ ਅਤੇ ਸਾਫ-ਸਫਾਈ ਤੇ ਸਵੱਛਤਾ ਬਣਾ ਕੇ ਰੱਖਣਾ ਆਦਿ ਦੀ ਪੂਰੀ ਤਰ੍ਹਾਂ ਪਾਲਣਾ ਬਹੁਤ ਜਰੂਰੀ ਹੈ। ਉਨ੍ਹਾਂ ਦੱਸਿਆ ਕਿ ਟੈਸਟਿੰਗ, ਟੀਕਾਕਰਨ ਅਤੇ ਮੈਡੀਕਲ ਸਹਾਇਤਾ ਅਤੇ ਹੋਰ ਕਿਸੇ ਵੀ ਸਿਹਤ ਸਹੂਲਤ-ਸੇਵਾਵਾਂ ਸਬੰਧੀ ਜਾਣਕਾਰੀ ਹੈਲਪ ਲਾਈਨ ਨੰਬਰ 104 ਤੋਂ ਲਈ ਜਾ ਸਕਦੀ ਹੈ।
ਇਸ ਮੌਕੇ ਖੇਤਰੀ ਮੈਨੇਜਰ ਸ੍ਰੀ ਕੁਲਦੀਪ ਸਿੰਘ ਗਿੱਲ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਲਗਾਏ ਗਏ ਇਸ ਟੀਕਾਕਰਣ ਕੈਂਪ ਵਿਚ ਜ਼ਿਲ੍ਹੇ ਦੇ 8 ਬੈਂਕ ਜਿਸ ਵਿਚ ਪੰਜਾਬ ਐਂਡ ਸਿੰਧ ਬੈਂਕ, ਸਟੇਟ ਬੈਂਕ ਆਫ਼ ਇੰਡੀਆ, ਪੰਜਾਬ ਨੈਸ਼ਨਲ ਬੈਂਕ, ਐਚ.ਡੀ.ਐਫ.ਸੀ, ਡੀ.ਸੀ.ਬੀ, ਇੰਡੀਅਨ ਬੈਂਕ, ਯੂਨੀਅਨ ਬੈਂਕ ਅਤੇ ਕੈਪੀਟਲ ਸਮਾਲ ਫਾਈਨੈਂਸ ਬੈਂਕ ਆਦਿ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਕੁੱਲ 183 ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਟੀਕਾਕਰਣ ਕਰਵਾਇਆ ਗਿਆ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਚੰਦਰ ਸ਼ੇਖਰ ਕੱਕੜ, ਚੀਫ਼ ਮੈਨੇਜਰ ਨਿਲੇਸ਼ ਕਨਡੜੇ, ਚੀਫ਼ ਮੈਨੇਜਰ ਅਨਿਲ ਕੁਮਾਰ, ਆਰ.ਸੈੱਟੀ ਡਾਇਰੈਕਟਰ ਅਮਨ ਆਨੰਦ, ਜ਼ਿਲ੍ਹਾ ਲੀਡ ਮੈਨੇਜਰ ਹਿਤੇਸ਼ ਅਰੋੜਾ, ਡਿਪਟੀ ਜ਼ਿਲ੍ਹਾ ਲੀਡ ਮੈਨੇਜਰ ਹਰਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।