ਆਪ ਆਗੂ ਡਾ. ਰਮਨਦੀਪ ਨੇ ਜੈਤੋ ਵਿਖੇ ਆਈਸੋਲੇਸ਼ਨ ਵਾਰਡ ਬਣਾਉਣ ਲਈ ਡੀ.ਸੀ. ਫਰੀਦਕੋਟ ਨੂੰ ਲਿਖੀ ਚਿੱਠੀ
ਮਨਿੰਦਰਜੀਤ ਸਿੱਧੂ
- ਔਰਤਾਂ ਦੇ ਮਾਹਿਰ ਡਾਕਟਰ ਦੀ ਪੱਕੀ ਤੈਨਾਤੀ ਦਾ ਵੀ ਰੱਖੀ ਮੰਗ
ਜੈਤੋ, 4 ਮਈ, 2021 - ਪੇਸ਼ੇ ਵਜੋਂ ਫਿਜ਼ਿਓਥਰੈਪਿਸਟ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ. ਰਮਨਦੀਪ ਸਿੰਘ ਵੱਲੋਂ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਲਿਖੀ ਚਿੱਠੀ ਸੋਸ਼ਲ ਮੀਡੀਆ ਉੱਪਰ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।ਸੋਸ਼ਲ ਮੀਡੀਆ ਉੱਪਰ ਪੋਸਟ ਕੀਤੀ ਇਸ ਚਿੱਠੀ ਵਿੱਚ ਡਾ. ਰਮਨਦੀਪ ਨੇ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਨੂੰ ਜੈਤੋ ਹਲਕੇ ਦੇ ਲੋਕਾਂ ਨੂੰ ਇਸ ਕਰੋਨਾ ਕਾਲ ਵਿੱਚ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਲਿਖਿਆ ਹੈ।ਉਨਾਂ ਜੈਤੋ ਸਬ ਡਵੀਜ਼ਨ ਵਿਖੇ ਇੱਕ ਕਰੋਨਾ ਆਈਸੋਲੇਸ਼ਨ ਵਾਰਡ ਸਥਾਪਤ ਕਰਨ ਦੀ ਮੰਗ ਕੀਤੀ।
ਉਹਨਾਂ ਚਿੱਠੀ ਵਿੱਚ ਇਹ ਵੀ ਲਿਖਿਆ ਕਿ ਜੈਤੋ ਅਤੇ ਇਸਦੇ ਨਾਲ ਲਗਦੇ ਪਿੰਡਾਂ ਨੂੰ ਮਜਬੂਰੀ ਵੱਸ ਇਲਾਜ ਲਈ ਸ਼੍ਰੀ ਗੁਰੁ ਗੋਬਿੰਦ ਸਿੰਘ ਮੈਡੀਕਲ ਕਾਲਜ਼ ਫ਼ਰੀਦਕੋਟ ਜਾਣਾ ਹੈ ਪੈਂਦਾ ਹੈ, ਜੋ ਕਿ ਪਹਿਲਾਂ ਹੀ ਆਪਣੀ ਸਮਰੱਥਾ ਤੋਂ ਜਿਆਦਾ ਮਰੀਜਾਂ ਨੂੰ ਸਾਂਭ ਰਿਹਾ ਹੈ।ਜਿਸ ਕਾਰਨ ਉੱਥੇ ਮਰੀਜਾਂ ਦੇ ਇਲਾਜ ਦੇ ਪੱਧਰ ਦੀ ਗੁਣਵਤਾ ਉਸ ਦਰਜੇ ਦੀ ਨਹੀਂ ਹੁੰਦੀ ਜੋ ਹੋਣੀ ਚਾਹੀਦੀ ਹੁੰਦੀ ਹੈ।ਇਸ ਤੋਂ ਇਲਾਵਾ ਉਹਨਾਂ ਜੈਤੋ ਦੇ ਸਿਵਲ ਹਸਪਤਾਲ ਵਿਖੇ ਔਰਤਾਂ ਦੇ ਮਾਹਿਰ ਡਾਕਟਰ ਦੀ ਪੱਕੀ ਤੈਨਾਤੀ ਦੀ ਮੰਗ ਵੀ ਕੀਤੀ। ਉਹਨਾਂ ਲਿਖਿਆ ਕਿ ਜੈਤੋ ਵਿਖੇ ਗਾਇਨੀਲੋਜ਼ਟ ਹਫਤੇ ਵਿੱਚ ਦੋ ਜਾਂ ਤਿੰਨ ਦਿਨ ਆਉਂਦੇ ਹਨ ਜੋ ਕਿ ਨਾਕਾਫੀ ਹੈ।
ਜਿਕਰਯੋਗ ਹੈ ਕਿ ਡਾਕਟਰ ਰਮਨਦੀਪ ਸਿੰਘ ਬਾਰੇ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਜੈਤੋ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋ ਸਕਦੇ ਹਨ। ਜੈਤੋ ਦੇ ਲੋਕਲ ਹੋਣ ਅਤੇ ਅਜੇ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਦਾਗ ਨਾ ਹੋਣਾ ਉਹਨਾਂ ਦੀ ਦਾਅਵੇਦਾਰੀ ਨੂੰ ਹੋਰ ਮਜਬੂਤ ਕਰਦਾ ਹੈ।ਉੇਹਨਾਂ ਦੀਆਂ ਸਰਗਰਮੀਆਂ ਨੇ ਜੈਤੋ ਹਲਕੇ ਤੋਂ ਆਪ ਦੇ ਹੋਰ ਦਾਅਵੇਦਾਰਾਂ ਨੂੰ ਫਿਕਰਮੰਦ ਕੀਤਾ ਹੋਇਆ ਹੈ।