ਕੁਲਤਾਰ ਸੰਧਵਾਂ ਵੱਲੋਂ ਆਪਣੀ ਤਨਖਾਹ ਅਤੇ ਭੱਤੇ ਕਰੋਨਾ ਮਰੀਜ਼ਾਂ ਦੀ ਭਲਾਈ ਲਈ ਖਰਚਣ ਦਾ ਐਲਾਨ
ਕੋਟਕਪੂਰਾ, 4 ਮਈ 2021 - ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਬਤੌਰ ਵਿਧਾਇਕ ਮਿਲਣ ਵਾਲੀ ਤਨਖਾਹ ਅਤੇ ਭੱਤੇ ਕਰੋਨਾ ਮਰੀਜਾਂ ਦੀ ਭਲਾਈ ਲਈ ਸਿੱਧੇ ਤੌਰ ਤੇ ਖਰਚਣ ਦਾ ਐਲਾਨ ਕੀਤਾ ਹੈ।
ਸੰਧਵਾਂ ਨੇ ਪੰਜਾਬ ਸਰਕਾਰ ਤੇ ਸਰਕਾਰੀ ਹਸਪਤਾਲਾਂ ਦੀ ਬਿਹਤਰੀ ਲਈ ਉਚਿਤ ਕਦਮ ਨਾ ਚੁੱਕਣ ਦਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਸਰਕਾਰੀ ਹਸਪਤਾਲਾਂ ਚ ਸਟਾਫ ਅਤੇ ਦਵਾਈਆਂ ਦੀ ਘਾਟ ਹੋਣ ਸਦਕਾ ਲੋਕ ਮਹਿੰਗੇ ਭਾਅ ਦੇ ਪ੍ਰਾਈਵੇਟ ਹਸਪਤਾਲਾਂ ਚ ਇਲਾਜ ਕਰਵਾਉਣ ਲਈ ਮਜ਼ਬੂਰ ਹਨ, ਕੈਂਸਰ ਮਰੀਜ ਮੁੱਖ ਮੰਤਰੀ ਰਾਹਤ ਫੰਡ ਚੋਂ ਮੱਦਦ ਦੀ ਉਡੀਕ ਕਰਦੇ ਕਰਦੇ ਸੰਸਾਰ ਤੋਂ ਰੁਖਸਤ ਹੋ ਰਹੇ ਹਨ,ਪਰ ਮੁੱਖ ਮੰਤਰੀ ਆਪਣੇ ਮਹਿਲਾਂ ਚ ਬੈਠੇ ਬੈਠੇ ਹੀ ਸਭ ਕੁਝ ਠੀਕ ਹੋਣ ਦਾ ਰਾਗ ਅਲਾਪ ਰਹੇ ਹਨ, ਇਸ ਲਈ ਉਹਨਾਂ ਆਪਣੇ ਵੱਲੋਂ ਸਹਾਇਤਾ ਰਾਸ਼ੀ ਮੁੱਖ ਮੰਤਰੀ ਰਾਹਤ ਕੋਸ਼ ਫੰਡ ਚ ਪਾਉਣ ਦੀ ਬਜਾਏ ਸਿੱਧੇ ਤੌਰ ਤੇ ਲੋੜਵੰਦ ਅਤੇ ਪ੍ਰਭਾਵਿਤ ਲੋਕਾਂ ਤੱਕ ਪੁੱਜਦੀ ਕਰਨ ਦਾ ਫੈਸਲਾ ਕੀਤਾ ਹੈ।
ਸਰਦਾਰ ਸੰਧਵਾਂ ਨੇ ਕਿਹਾ ਕਿ ਲਾਕ ਡਾਊਨ ਸਦਕਾ ਹਰ ਵਰਗ ਦਾ ਰੁਜਗਾਰ ਪ੍ਰਭਾਵਿਤ ਹੋ ਰਿਹਾ ਹੈ,ਜਿਸ ਕਾਰਨ ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋ 72 ਲੱਖ ਪਰਿਵਾਰਾਂ ਨੂੰ ਦੋ ਮਹੀਨੇ ਦਾ ਮੁਫਤ ਰਾਸ਼ਨ ਅਤੇ ਆਟੋ,ਟੈਕਸੀ ਆਦਿ ਚਾਲਕਾਂ ਨੂੰ ਪੰਜ-ਪੰਜ ਹਜਾਰ ਰੁਪਏ ਆਰਥਿਕ ਮੱਦਦ ਦਾ ਐਲਾਨ ਕੀਤਾ ਹੈ, ਪਰ ਪੰਜਾਬ ਦੀ ਕੈਪਟਨ ਸਰਕਾਰ ਲੋਕਾਂ ਦੀ ਬਾਂਹ ਫੜਨ ਬਜਾਏ ਨਾਦਰਸ਼ਾਹੀ ਫੈਸਲਿਆਂ ਨੂੰ ਪੁਲਿਸ ਡੰਡੇ ਨਾਲ ਲਾਗੂ ਕਰਵਾਉਣ ਦੇ ਯਤਨ ਕਰ ਰਹੀ ਹੈ।