ਮਾਨਸਾ 'ਚ 2 ਹੋਰ ਕੋਰੋਨਾ ਮਰੀਜ਼ਾਂ ਦੀ ਮੌਤ, ਕਿਸਾਨਾਂ ਨੇ ਕੋਰੋਨਾ ਟੈਸਟਾਂ ਦੇ ਖਿਲਾਫ ਖੋਲ੍ਹਿਆ ਮੋਰਚਾ
ਸੰਜੀਵ ਜਿੰਦਲ
ਮਾਨਸਾ , 4 ਮਈ 2021 : ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧਣ ਦੇ ਨਾਲ ਮਾਨਸਾ ਦਾ ਸਰਕਾਰੀ ਹਸਪਤਾਲ ਵੀ ਨੱਕੋ ਨੱਕ ਭਰ ਗਿਆ ਹੈ। ਕਿਸੇ ਪਾਸੇ ਮਰੀਜ਼ਾਂ ਨੂੰ ਦਾਖਲ ਕਰਨ ਵਾਸਤੇ ਜਗ੍ਹਾ ਨਹੀਂ ਬਚੀ ਹੈ। ਵਾਰਡਾਂ ਤੋਂ ਇਲਾਵਾ ਐਮਰਜੈਂਸੀ ਵਾਰਡ ਦੇ ਨਾਲ ਨਾਲ ਹਸਪਤਾਲ ਦੇ ਬਰਾਮਦੇ ਵਿੱਚ ਵੀ ਬੈੱਡ ਲਗਾ ਕੇ ਮਰੀਜ਼ਾਂ ਨੂੰ ਦਾਖਲ ਕੀਤਾ ਗਿਆ ਹੈ। ਇਸ ਦੇ ਇਲਾਵਾ ਸਿਵਲ ਹਸਪਤਾਲ ਮਾਨਸਾ ਤੇ ਬਰੇਟਾ ਦੇ ਕਈ ਸਿਹਤ ਕਰਮਚਾਰੀ ਤੇ ਉਨ੍ਹਾਂ ਦਾ ਪੂਰਾ ਪਰਿਵਾਰ ਕੋਰੋਨਾ ਦੀ ਲਪੇਟ ਵਿੱਚ ਆ ਚੁੱਕਿਆ ਹੈ। ਸਿਹਤ ਵਿਭਾਗ ਨੇ ਕੱਲ੍ਹ ਮਾਨਸਾ ਵਿੱਚ 2 ਕੋਰੋਨਾ ਮਰੀਜ਼ਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ। ਜਿਸ ਤੋਂ ਬਾਅਦ ਜ਼ਿਲ੍ਹੇ ਚ ਹੁਣ ਤੱਕ 80 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਸੋਮਵਾਰ ਨੂੰ ਮਾਨਸਾ ਵਿੱਚ 296 ਵਿਅਕਤੀ ਕੋਰੋਨਾ ਪਾਜੇਟਿਵ ਪਾਏ ਗਏ। ਜਿਸ ਤੋਂ ਬਾਅਦ ਮਰੀਜ਼ਾਂ ਦੀ ਗਿਣਤੀ ਵੱਧ ਕੇ 2381 ਹੋ ਗਈ ਹੈ। 158123 ਵਿਅਕਤੀਆਂ ਦੇ ਨਮੂਨੇ ਲਏ ਜਾ ਚੁੱਕੇ ਹਨ ਅਤੇ ਸੋਮਵਾਰ ਨੂੰ 1676 ਵਿਅਕਤੀਆਂ ਦੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਗਏ ਹਨ। ਹੁਣ ਤੱਕ 4772 ਵਿਅਕਤੀ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ ਅਤੇ 191 ਵਿਅਕਤੀਆਂ ਨੂੰ ਛੁੱਟੀ ਦੇਣ ਤੋਂ ਬਾਅਦ ਕੋਰੋਨਾ ਪਾਜੇਟਿਵ ਮਰੀਜ਼ਾਂ ਦੀ ਗਿਣਤੀ 2381 ਰਹਿ ਗਈ ਹੈ। ਨਵੇਂ ਆਏ 296 ਕੇਸਾਂ ਵਿੱਚ ਮਾਨਸਾ ਵਿੱਚ 95, ਬੁਢਲਾਡਾ ਚ 83, ਖਿਆਲਾ ਕਲਾਂ ਚ 47 ਅਤੇ ਸਰਦੂਲਗੜ੍ਹ 71 ਮਰੀਜ਼ ਪਾਏ ਗਏ ਹਨ। ਮਾਨਸਾ ਦੀ ਇੱਕ 60 ਸਾਲਾ ਬਜੁਰਗ ਦੀ ਫਰੀਦਕੋਟ ਵਿਖੇ ਮੌਤ ਹੋ ਚੁੱਕੀ ਹੈ। ਸਰਦੂਲਗੜ੍ਹ ਦੇ ਇਕ 37 ਸਾਲਾ ਨੌਜਵਾਨ ਦੀ ਬਠਿੰਡਾ ਦੇ ਹਸਪਤਾਲ ਵਿਖੇ ਮੌਤ ਹੋ ਗਈ ਹੈ। ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਮਾਨਸਾ ਵਿੱਚ 80 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਅਤੇ ਕੁੱਝ ਮੌਤਾਂ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲਾਂ ਅੰਦਰ ਕੋਰੋਨਾ ਮਰੀਜ਼ਾਂ ਲਈ ਕਿੱਟਾਂ, ਆਕਸੀਮੀਟਰ ਅਤੇ ਹੋਰ ਪ੍ਰਬੰਧਾਂ ਚ ਵੀ ਤੇਜ਼ੀ ਲਿਆਂਦੀ ਗਈ ਹੈ।
ਸੂਤਰਾਂ ਅਨੁਸਾਰ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਇਸ ਵੇਲੇ 50 ਦੇ ਕਰੀਬ ਮਰੀਜ਼ ਦਾਖਲ ਹਨ, ਜਿੰਨ੍ਹਾਂ ਵਿੱਚੋਂ ਜ਼ਿਆਦਾ ਦੀ ਹਾਲਤ ਬੇਹੱਦ ਗੰਭੀਰ ਬਣੀ ਹੋਈ ਹੈ। ਮਰੀਜ਼ਾਂ ਦੇ ਵਾਰਸਾਂ ਦਾ ਕਹਿਣਾ ਹੈ ਕਿ ਹਸਪਤਾਲ ਅੰਦਰ ਮਰੀਜ਼ਾਂ ਨੂੰ ਉਹ ਸਹੂਲਤ ਨਹੀਂ ਮਿਲ ਰਹੀ, ਜੋ ਮਿਲਣੀ ਚਾਹੀਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹਸਪਤਾਲਾਂ ਦੇ ਪ੍ਰਬੰਧ ਨਾਕਾਫੀ ਹਨ ਅਤੇ ਮਰੀਜ਼ਾਂ ਨੂੰ ਦਾਖਲ ਕਰਨ ਲਈ ਵੀ ਹੁਣ ਕੋਈ ਜਗ੍ਹਾ ਨਹੀਂ ਬਚੀ ਹੈ । ਜਦਕਿ ਮਰੀਜ਼ਾਂ ਦੇ ਲਗਾਤਾਰ ਟੈਸਟ ਕੀਤੇ ਜਾ ਰਹੇ ਹਨ ਤੇ ਵੱਡੀ ਗਿਣਤੀ ਚ ਲੋਕ ਕੋਰੋਨਾ ਪਾਜੇਟਿਵ ਪਾਏ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇੰਨੀ ਤਦਾਦ ਚ ਮਰੀਜ਼ਾਂ ਦਾ ਪਾਜੇਟਿਵ ਪਾਏ ਜਾਣਾ ਅਤੇ ਹਰ ਵਿਅਕਤੀ ਵੱਲੋਂ ਨਿੱਜੀ ਹਸਪਤਾਲਾਂ ਚ ਆਪਣਾ ਇਲਾਜ ਕਰਵਾਉਣਾ ਅਸੰਭਵ ਹੈ।
ਉਧਰ ਕਿਸਾਨ ਯੂਨੀਅਨ ਦੇ ਨੇਤਾ ਬਲਵਿੰਦਰ ਸ਼ਰਮਾ ਨੇ ਕਿਹਾ ਹੈ ਕਿ ਜ਼ਿਲ੍ਹੇ ਵਿੱਚ ਕੁੱਝ ਮੌਤਾਂ ਹੋਰਨਾਂ ਕਾਰਨਾ ਕਰਕੇ ਵੀ ਹੋ ਰਹੀਆਂ ਹਨ, ਪਰ ਉਨ੍ਹਾਂ ਨੂੰ ਕੋਰੋਨਾ ਦੇ ਖਾਤੇ ਚ ਪਾਇਆ ਜਾਣਾ ਚੰਗੀ ਗੱਲ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੋਰੋਨਾ ਇੱਕ ਆਮ ਫਲੂ ਹੈ, ਇਹ ਕੋਈ ਮਹਾਮਾਰੀ ਨਹੀਂ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲ ਖਿਆਲਾ ਕਲਾਂ ਤੇ ਹੋਰ ਥਾਵਾਂ ਤੇ ਨਾਕੇ ਲਗਾ ਕੇ ਪੁਲਿਸ ਧੜੱਲੇ ਨਾਲ ਟੈਸਟ ਕਰਵਾ ਰਹੀ ਹੈ, ਜਿਸ ਸਬੰਧੀ ਕਿਸਾਨ ਯੂਨੀਅਨ ਨੇ ਮੀਟਿੰਗ ਕਰਕੇ ਮੰਗ ਕੀਤੀ ਹੈ ਕਿ ਕਿਸਾਨਾਂ ਨੂੰ ਬਿਨ੍ਹਾਂ ਵਜ੍ਹਾ ਪ੍ਰੇਸ਼ਾਨ ਨਾ ਕੀਤਾ ਜਾਵੇ। ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਕੀਤਾ ਕਿ ਪੁਲਿਸ ਤੇ ਸਿਹਤ ਪ੍ਰਸ਼ਾਸ਼ਨ ਵੱਲੋਂ ਧੱਕੇ ਨਾਲ ਕੀਤੇ ਜਾ ਰਹੇ ਕੋਰੋਨਾ ਟੈਸਟ ਬਰਦਾਸ਼ਤ ਨਹੀਂ ਕੀਤੇ ਜਾਣਗੇ। ਜਿਸ ਕਰਕੇ ਕਿਸਾਨਾਂ ਮਜ਼ਦੂਰਾਂ ਨੂੰ ਸੜਕਾਂ ਤੇ ਆਉਣਾ ਪਵੇਗਾ। ਇਸ ਮੌਕੇ ਕਿਸਾਨ ਆਗੂ ਮੱਖਣ ਸਿੰਘ ਭੈਣੀਬਾਘਾ, ਰੂਪ ਸਿੰਘ, ਬਿੰਦਰ ਸਿੰਘ, ਜੰਟਾ ਸਿੰਘ, ਸੇਵਕ ਸਿੰਘ, ਸਿੰਕਦਰ ਸਿੰਘ ਆਦਿ ਹਾਜ਼ਰ ਸਨ। ਜਿੰਨਾ ਨੇ ਪਿੰਡ ਚ ਨਾਅਰੇਬਾਜੀ ਕਰਕੇ ਕੋਰੋਨਾ ਟੈਸਟ ਧੱਕੇ ਨਾਲ ਕੀਤੇ ਜਾਣ ਨੂੰ ਬੰਦ ਕਰਨ ਦੀ ਮੰਗ ਕੀਤੀ।