ਸਿਰਸਾ ਵੱਲੋਂ ਐਨ ਆਰ ਆਈਜ਼ ਨੁੰ ਦਿੱਲੀ ਵਾਸਤੇ ਆਕਸੀਜ਼ਨ ਕੰਸੈਂਟ੍ਰੇਟਰ ਭੇਜਣ ਦੀ ਭਾਵੁਕ ਅਪੀਲ
ਨਵੀਂ ਦਿੱਲੀ, 2 ਮਈ 2021 - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਅਮਰੀਕਾ, ਆਸਟਰੇਲੀਆ, ਕੈਨੇਡਾ, ਯੂ ਕੇ ਤੇ ਹੋਰ ਮੁਲਕਾਂ ਵਿਚ ਵਸਦੇ ਐਨ ਆਰ ਆਈਜ਼ ਨੂੰ ਅਪੀਲ ਕੀਤੀ ਹੈ ਕਿ ਦਿੱਲੀ ਵਾਸਤੇ ਆਕਸੀਜ਼ਨ ਕੰਸੈਂਟ੍ਰੇਟਰ ਭੇਜੇ ਜਾਣ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ ਦਿੱਲੀ ਦੇ ਲੋਕ ਇਸ ਵੇਲੇ ਕੋਰੋਨਾ ਮਹਾਮਾਰੀ ਨਾਲ ਮਰ ਰਹੇ ਹਨ। ਉਹਨਾਂ ਕਿਹਾ ਕਿ ਆਕਸੀਜ਼ਨ ਦੀ ਘਾਟ ਦਾ ਵੱਡਾ ਸੰਕਟ ਪੈਦਾ ਹੋਇਆ ਹੈ ਜਿਸਨੂੰ ਖਤਮ ਕਰਨ ਵਿਚ ਸਰਕਾਰਾਂ ਵੀ ਨਾਕਾਮ ਸਾਬਤ ਹੋ ਗਈਆਂ ਹਨ। ਉਹਨਾਂ ਕਿਹਾ ਕਿ ਆਕਸੀਜ਼ਨ ਦੀ ਘਾਟ ਖੁਣੋਂ ਲੋਕ ਬਹੁਤ ਜ਼ਿਆਦਾ ਪ੍ਰੇਸ਼ਾਨ ਹਨ।
ਸ੍ਰੀ ਸਿਰਸਾ ਨੇ ਦੱਸਿਆ ਕਿ ਇਹਨਾਂ ਹਾਲਾਤਾਂ ਨੂੰ ਵੇਖਦਿਆਂ ਦਿੱਲੀ ਗੁਰਦੁਆਰਾ ਕਮੇਟੀ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਚ 250 ਬਿਸਤਰਿਆਂ ਦਾ ਕੋਰੋਨਾ ਸੰਭਾਲ ਕੇਂਦਰ ਸਥਾਪਿਤ ਕੀਤਾ ਹੈ ਜਿਥੇ ਕੋਰੋਨਾ ਮਰੀਜ਼ਾਂ ਨੂੰ ਆਕਸੀਜ਼ਨ ਦੀ ਮਦਦ ਕੀਤੀ ਜਾਣੀ ਹੈ। ਉਹਨਾਂ ਕਿਹਾ ਕਿ ਇਸ ਕੇਂਦਰ ਵਾਸਤੇ ਆਕਸੀਜ਼ਨ ਕੰਸੈਂਟ੍ਰੇਟਰਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜਿਸਦੀ ਪੂਰਤੀ ਵਿਚ ਐਨ ਆਰ ਆਈ ਭਰਾ ਬਹੁਤ ਵੱਡਾ ਰੋਲ ਅਦਾ ਕਰ ਸਕਦੇ ਹਨ। ਉਹਨਾਂ ਕਿਹਾ ਕਿ ਕਮੇਟੀ ਵਾਸਤੇ ਇਹ ਲੋਕ ਉਥੇ ਆਕਸੀਜ਼ਨ ਕੰਸੈਂਟ੍ਰੇਟਰ ਇਕੱਤਰ ਵੀ ਕਰ ਸਕਦੇ ਹਨ ਤੇ ਆਪ ਨਿੱਜੀ ਤੌਰ 'ਤੇ ਭੇਜ ਸਕਦੇ ਹਨ।
ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਉਹਨਾਂ ਦਾ ਇਹ ਉਪਰਾਲਾ ਹਜ਼ਾਰਾਂ ਜ਼ਿੰਦਗੀਆਂ ਬਚਾਉਣ ਵਿਚ ਅਹਿਮ ਰੋਲ ਅਦਾ ਕਰ ਸਕਦਾ ਹੈ। ਇਸ ਲਈ ਉਹ ਨਿਮਰਤਾ ਨਾਲ ਅਪੀਲ ਕਰ ਰਹੇ ਹਨ ਕਿ ਐਨ ਆਰ ਆਈ ਭਰਾ ਇਸ ਸੰਕਟ ਦੇ ਵੇਲੇ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਮਨੁੱਖਤਾ ਦੀ ਕੀਤੀ ਜਾ ਰਹੀ ਸੇਵਾ ਵਿਚ ਕਮੇਟੀ ਦਾ ਸਾਥ ਦੇਣ ਤਾਂ ਜੋ ਵੱਧ ਤੋਂ ਵੱਧ ਮਨੁੱਖੀ ਜਾਨਾਂ ਇਸ ਕੋਰੋਨਾ ਦੀ ਮਾਰ ਹੇਠ ਆਉਣ ਤੋਂ ਬਚਾਈਆਂ ਜਾ ਸਕਣ।