ਜਲੰਧਰ: ਪ੍ਰਭਾਵਸ਼ਾਲੀ ਕੋਵਿਡ ਪ੍ਰਬੰਧਨ ਲਈ ਪ੍ਰਸ਼ਾਸਨ ਨੇ 25 ਆਕਸੀਜਨ ਕੰਨਸਨਟਰੇਟਰਜ਼ ਮੰਗਵਾਏ : ਡੀ ਸੀ
- ਕਿਹਾ, ਜ਼ਿਲ੍ਹੇ ਨੂੰ 10 ਕੰਨਸਨਟਰੇਟਰਜ਼ ਪ੍ਰਾਪਤ ਹੋਏ, ਸਿਵਲ ਹਸਪਤਾਲ ਵਿੱਚ ਵਰਤੇ ਜਾਣਗੇ
ਜਲੰਧਰ, 4 ਮਈ 2021 - ਸਿਵਲ ਹਸਪਤਾਲ ਵਿੱਚ ਪ੍ਰਭਾਵਸ਼ਾਲੀ ਕੋਵਿਡ ਪ੍ਰਬੰਧਨ ਦੇ ਉਦੇਸ਼ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਕਸੀਜਨ ਗੈਸ ਦੀ ਮੰਗ ਨੂੰ ਘੱਟ ਕਰਨ ਲਈ 25 ਆਕਸੀਜਨ ਕੰਨਸਨਟਰੇਟਰਜ਼ ਮੰਗਵਾਏ ਗਏ ਹਨ।
ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਪ੍ਰਸ਼ਾਸਨ ਨੂੰ ਮੰਗਲਵਾਰ ਨੂੰ ਪਹਿਲੇ 10 ਕੰਨਸਨਟਰੇਟਰਜ਼ ਪ੍ਰਾਪਤ ਹੋਏ ਹਨ, ਜਿਨ੍ਹਾਂ ਨੂੰ ਸਿਵਲ ਹਸਪਤਾਲ ਜਲੰਧਰ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇੱਕ ਗੈਰ ਸਰਕਾਰੀ ਸੰਗਠਨ ਗਿੱਲ ਫਾਊਂਡੇਸ਼ਨ ਵੱਲੋਂ ਰੈਡ ਕਰਾਸ ਸੁਸਾਇਟੀ ਨੂੰ ਕੋਵਿਡ -19 ਮਹਾਂਮਾਰੀ ਖਿਲਾਫ਼ ਲੜੀ ਜਾ ਰਹੀ ਜੰਗ ਵਿੱਚ ਯੋਗਦਾਨ ਵਜੋਂ ਦਾਨ ਦਿੱਤਾ ਗਿਆ ਸੀ, ਜਿਸ ਦੀ ਵਰਤੋਂ 25 ਆਕਸੀਜਨ ਕੰਨਸਨਟਰੇਟਰਜ਼ ਖਰੀਦ ਕੇ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ 10 ਆਕਸੀਜਨ ਕੰਨਸਨਟਰੇਟਰਜ਼ ਪ੍ਰਾਪਤ ਹੋ ਗਏ ਹਨ ਜਦਕਿ ਬਾਕੀ ਮਸ਼ੀਨਰੀ ਦੀ ਸਪੁਰਦਗੀ ਪ੍ਰਗਤੀ ਅਧੀਨ ਹੈ। ਉਨ੍ਹਾਂ ਕਿਹਾ ਕਿ ਇਹ ਕੰਨਸਨਟਰੇਟਰ ਸਿਵਲ ਹਸਪਤਾਲ ਵਿੱਚ ਆਕਸੀਜਨ ਦੀ ਮੰਗ ਨੂੰ ਘੱਟ ਕਰਨਗੇ ਅਤੇ ਬਚਾਈ ਗਈ ਆਕਸੀਜਨ ਗੈਸ ਨੂੰ ਹੋਰ ਕੋਵਿਡ ਕੇਅਰ ਸੰਸਥਾਵਾਂ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ। ਉਨ੍ਹਾਂ ਮਨੁੱਖਤਾ ਦੀ ਸੇਵਾ ਵਿਚ ਯੋਗਦਾਨ ਪਾਉਣ ਵਾਸਤੇ ਅੱਗੇ ਆਉਣ ਲਈ ਗਿੱਲ ਫਾਊਂਡੇਸ਼ਨ ਦੇ ਸਰਪ੍ਰਸਤ ਸ਼੍ਰੀ ਰਾਜ ਗਿੱਲ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਅਜਿਹੇ ਸੰਕਟਾਂ ਵਿਰੁੱਧ ਸਮੂਹਿਕ ਕੋਸ਼ਿਸ਼ਾਂ ਦੀ ਗੱਲ ਆਉਂਦੀ ਹੈ ਤਾਂ ਅਜਿਹੇ ਦਾਨੀ ਸੱਜਣਾਂ ਦੇ ਯਤਨ ਬੇਹੱਦ ਸਹਾਇਕ ਸਾਬਤ ਹੁੰਦੇ ਹਨ ।
ਥੋਰੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਜੀਵਨ ਰੱਖਿਅਕ ਗੈਸ ਦੀ ਸਰਬਓਤਮ ਵਰਤੋਂ ਨੂੰ ਯਕੀਨੀ ਬਣਾਉਣ ਲਈ ਸਮੁੱਚੇ ਹਸਪਤਾਲਾਂ ਵਿੱਚ ਆਕਸੀਜਨ ਆਡਿਟ ਸਮੇਤ ਕਈ ਉਪਾਅ ਕੀਤੇ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਹਸਪਤਾਲਾਂ ਅਤੇ ਉਦਯੋਗਾਂ ਨੂੰ ਪੀ.ਐਸ.ਏ. ਅਧਾਰਤ ਪਲਾਂਟ ਲਗਾਉਣ ਦੀ ਅਪੀਲ ਕਰਨ ਤੋਂ ਇਲਾਵਾ ਆਕਸੀਜਨ ਕੰਨਸਨਟਰੇਟਰ ਖਰੀਦਣ ਲਈ ਵੀ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਦਮਾਂ ਨਾਲ ਜ਼ਿਲ੍ਹੇ ਭਰ ਵਿਚ ਕੋਵਿਡ ਕੇਅਰ ਮੈਨੇਜਮੈਂਟ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਵਿਚ ਬਹੁਤ ਮਦਦ ਮਿਲੀ ਹੈ।