ਡੀ ਸੀ ਮੋਹਾਲੀ ਨੇ ਪ੍ਰਾਈਵੇਟ ਹਸਪਤਾਲਾਂ ਨੂੰ ਮਰੀਜ਼ਾਂ ਨੂੰ ਹਸਪਤਾਲ 'ਚ ਦਾਖਲ ਕਰਨ ਤੋਂ ਇਨਕਾਰ ਨਾ ਕਰਨ ਦਾ ਦਿੱਤਾ ਸੁਝਾਅ
ਹਰਜਿੰਦਰ ਸਿੰਘ ਭੱਟੀ
- ਐਲ 3 ਵਿੱਚ ਬੈੱਡ ਉਪਲੱਬਧ ਹੋਣ ਤੱਕ ਮਰੀਜ਼ਾਂ ਨੂੰ ਐਲ 2 ਵਿੱਚ ਭਰਤੀ ਕਰਨ ਦੀ ਕੋਸ਼ਿਸ਼ ਕਰੋ-ਗਿਰੀਸ਼ ਦਿਆਲਨ
- ਪ੍ਰਤੀ ਸਬ-ਡਵੀਜ਼ਨ ਮੌਰਚਰੀ ਫਰਿੱਜ ਅਤੇ 3 ਫਿਊਨਰਲ ਵੈਨਾਂ ਨੂੰ ਮਨਜ਼ੂ
ਐਸ.ਏ.ਐਸ.ਨਗਰ, 4 ਮਈ 2021 - ਗੰਭੀਰ ਦੇਖਭਾਲ ਦੀ ਜ਼ਰੂਰਤ ਵਾਲੇ ਮਰੀਜ਼ਾਂ ਨੂੰ ਰਾਹਤ ਦੇਣ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਜ਼ਿਲ੍ਹੇ ਦੇ ਨਿੱਜੀ ਹਸਪਤਾਲਾਂ ਨੂੰ ਗੰਭੀਰ ਮਰੀਜ਼ਾਂ ਨੂੰ ਹਸਪਤਾਲ ਦਾਖ਼ਲ ਕਰਨ ਤੋਂ ਇਨਕਾਰ ਨਾ ਕਰਨ ਦਾ ਸੁਝਾਅ ਦਿੱਤਾ। ਸ੍ਰੀ ਦਿਆਲਨ ਨੇ ਕਿਹਾ, “ਮਰੀਜ਼ਾਂ ਦੇ ਅਟੈਂਡੈਂਟ ਦੀ ਮਨਜ਼ੂਰੀ ਨਾਲ ਐਲ 3 ਬੈੱਡ ਉਪਲੱਬਧ ਹੋਣ ਤੱਕ ਐਲ 3 ਮਰੀਜ਼ ਨੂੰ ਐਲ 2 ਵਿੱਚ ਦਾਖਲ ਕੀਤਾ ਜਾ ਸਕਦਾ ਹੈ। ਦਾਖਲੇ ਵਿੱਚ ਕਮੀ ਦੀ ਸੂਰਤ ਵਿੱਚ ਗੰਭੀਰ ਮਰੀਜ਼ ਨੂੰ ਘਰ ਵਾਪਸ ਭੇਜਣਾ ਖਤਰਨਾਕ ਸਾਬਤ ਹੋ ਸਕਦਾ ਹੈ ਪਰ ਹੇਠਲੇ ਪੱਧਰ ਦੀ ਸਿਹਤ ਸਹੂਲਤ ਵਿੱਚ ਦਾਖਲ ਕਰਨ ਨਾਲ ਮਰੀਜ਼ ਨੂੰ ਕੁਝ ਰਾਹਤ ਮਿਲੇਗੀ ਅਤੇ ਡਾਕਟਰੀ ਨਿਗਰਾਨੀ ਹੇਠ ਰੱਖਣਾ ਉਸ ਨੂੰ ਠੀਕ ਹੋਣ ਦਾ ਮੌਕਾ ਦੇ ਸਕਦਾ ਹੈ।
ਸਮਾਜ ਸੇਵੀ ਲੋਕਾਂ ਵੱਲੋਂ ਸਹਾਇਤਾ ਦੀ ਪੇਸ਼ਕਸ਼ ਕਰਨ ਲਈ ਉਹਨਾਂ ਦਾ ਧੰਨਵਾਦ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਸ਼ਹਿਰ ਦੇ ਲੋਕਾਂ ਵੱਲੋਂ ਐਲ 2 ਸੇਵਾਵਾਂ ਦੀ ਜ਼ਰੂਰਤ ਵਾਲੇ ਕੋਵਿਡ ਮਰੀਜ਼ਾਂ ਲਈ 4 ਤੋਂ 5 ਬੈੱਡ ਅਤੇ 10 ਕਵਿਡ ਬੈੱਡ ਸਥਾਪਤ ਕਰਨ ਸਬੰਧੀ ਕਈ ਪੇਸ਼ਕਸ਼ਾਂ ਮਿਲ ਰਹੀਆਂ ਹਨ। ਸ੍ਰੀ ਦਿਆਲਨ ਨੇ ਕਿਹਾ, “ਅਸੀਂ ਤੁਹਾਡੀ ਖੁੱਲ੍ਹ-ਦਿਲੀ ਅਤੇ ਆਪਣੇ ਭਰਾਵਾਂ ਦਾ ਸਾਥ ਦੇਣ ਦੀ ਦਿਲੀ ਇੱਛਾ ਦੀ ਕਦਰ ਕਰਦੇ ਹਾਂ। ਅਸੀਂ ਪੰਜਾਬੀਆਂ ਦੀ ਸਾਥ ਦੇਣ ਦੀ ਭਾਵਨਾ ਦੀ ਵੀ ਕਦਰ ਕਰਦੇ ਹਾਂ। ਪਰ ਇਥੇ ਇਹ ਦੱਸਣਾ ਚਾਹਾਂਗਾ ਕਿ ਮੈਡੀਕਲ/ਪੈਰਾ ਮੈਡੀਕਲ ਸਟਾਫ ਦੀ ਘਾਟ ਦੇ ਮੱਦੇਨਜ਼ਰ 50 ਬੈੱਡਾਂ ਤੋਂ ਘੱਟ ਸਮਰੱਥਾ ਵਾਲਾ ਇਕਾਂਤਵਾਸ ਕੇਂਦਰ ਬਣਾਉਣਾ ਮੁਸ਼ਕਲ ਹੋਵੇਗਾ।” ਉਹਨਾਂ ਅੱਗੇ ਕਿਹਾ ਕਿ ਕੋਵਿਡ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਾਲ 50 ਬੈੱਡ ਜਾਂ ਇਸ ਤੋਂ ਵੱਧ ਦੀ ਸਹੂਲਤ ਸਬੰਧੀ ਪੇਸ਼ਕਸ਼ ਦਾ ਸਵਾਗਤ ਹੈ। ਸਥਾਨ ਸਬੰਧੀ ਸਰਟੀਫਿਕੇਟ ਲੈਣ ਲਈ ਸਿਵਲ ਸਰਜਨ ਨਾਲ ਸੰਪਰਕ ਕਰੋ।
ਇਸੇ ਦੌਰਾਨ ਕੋਵਿਡ ਲੜਾਈ ਵਿੱਚ ਦਰਪੇਸ਼ ਮਸਲਿਆਂ ਦੇ ਹੱਲ ਲਈ ਸਬ-ਡਵੀਜ਼ਨਲ ਪੱਧਰ 'ਤੇ ਤਾਇਨਾਤ ਐਸ.ਡੀ.ਐਮਜ਼ ਅਤੇ ਡਾਕਟਰਾਂ ਨਾਲ ਹੋਈ ਇੱਕ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਨੇ ਦੇਰ ਰਾਤ ਕੋਵਿਡ ਨਾਲ ਹੋਣ ਵਾਲਿਆਂ ਮੌਤਾਂ ਦੇ ਮਦਦੇਨਜਰ ਸਬ ਡਵੀਜ਼ਨਲ ਹਸਪਤਾਲਾਂ ਵਿੱਚ ਮੌਰਚਰੀ ਫਰਿੱਜਾਂ ਨੂੰ ਪ੍ਰਵਾਨਗੀ ਦਿੱਤੀ। ਉਹਨਾਂ ਮ੍ਰਿਤਕ ਦੇਹਾਂ ਨੂੰ ਸਸਕਾਰ ਕਰਨ ਲਈ ਲਿਜਾਣ ਵਾਲੇ ਪਰਿਵਾਰਾਂ ਨੂੰ ਬੇਲੋੜੀ ਉਡੀਕ ਦੇ ਸਦਮੇ ਤੋਂ ਬਚਾਉਣ ਲਈ ਪ੍ਰਤੀ ਸਬ-ਡਵੀਜ਼ਨ 3 ਫਿਊਨਰਲ ਵੈਨਾਂ ਕਿਰਾਏ 'ਤੇ ਲੈਣ ਦਾ ਅਧਿਕਾਰ ਵੀ ਦਿੱਤਾ।