ਮੋਹਾਲੀ: ਸਿਵਲ ਹਸਪਤਾਲ ਵਿਖੇ ਜਨ ਔਸ਼ਧੀ ਸਟੋਰ 24 ਘੰਟੇ ਖੁੱਲ੍ਹਾ ਰਹੇਗਾ- ਡੀਸੀ
ਹਰਜਿੰਦਰ ਸਿੰਘ ਭੱਟੀ
- ਸਿਵਲ ਹਸਪਤਾਲ ਖਰੜ ਵਿਖੇ ਨਵਾਂ ਜਨ ਔਸ਼ਧੀ ਸਟੋਰ ਖੋਲ੍ਹਿਆ; ਸਿਵਲ ਹਸਪਤਾਲ ਡੇਰਾਬਸੀ ਵਿਖੇ ਜਲਦ ਹੀ ਇਕ ਜਨ ਔਸ਼ਧੀ ਸਟੋਰ ਖੋਲ੍ਹਿਆ ਜਾਵੇਗਾ
ਐਸ.ਏ.ਐਸ.ਨਗਰ, 4 ਮਈ 2021 - ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਜਨ ਔਸ਼ਧੀ ਸਟੋਰ ਖੋਲ੍ਹਣ ਦਾ ਮੁੱਖ ਉਦੇਸ਼ ਸਰਕਾਰੀ ਨੀਤੀਆਂ ਅਨੁਸਾਰ ਗਰੀਬ ਅਤੇ ਲੋੜਵੰਦ ਮਰੀਜ਼ਾਂ ਨੂੰ ਨਾਮਾਤਰ ਰੇਟਾਂ 'ਤੇ ਮਿਆਰੀ ਦਵਾਈਆਂ ਮੁਹੱਈਆ ਕਰਵਾਉਣਾ ਹੈ। ਉਹਨਾਂ ਅੱਗੇ ਦੱਸਿਆ ਕਿ ਜਨ ਔਸ਼ਧੀ ਸਟੋਰ ਮੁਹਾਲੀ ਸਿਵਲ ਹਸਪਤਾਲ ਵਿਖੇ “ਬਿਨ੍ਹਾਂ ਲਾਭ, ਬਿਨ੍ਹਾਂ ਘਾਟਾ" ਚਲਾਇਆ ਜਾ ਰਿਹਾ ਹੈ।
ਦਿਆਲਨ ਨੇ ਕਿਹਾ, “ਆਮ ਲੋਕਾਂ ਦੀ ਮੰਗ ਨੂੰ ਧਿਆਨ ਵਿਚ ਰੱਖਦਿਆਂ ਮੁਹਾਲੀ ਦੇ ਫੇਜ਼ -6 ਦੇ ਸਿਵਲ ਹਸਪਤਾਲ ਵਿਖੇ ਜਨ ਔਸ਼ਧੀ ਸਟੋਰ ਹੁਣ 24 ਘੰਟੇ ਖੁੱਲ੍ਹਾ ਰਹੇਗਾ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਖਰੜ ਵਿਖੇ ਇਕ ਨਵਾਂ ਜਨ ਔਸ਼ਧੀ ਸਟੋਰ ਖੋਲ੍ਹਿਆ ਗਿਆ ਹੈ ਤਾਂ ਜੋ ਵਾਜਬ ਰੇਟਾਂ 'ਤੇ ਆਮ ਦਵਾਈਆਂ ਪ੍ਰਦਾਨ ਕੀਤੀਆਂ ਜਾ ਸਕਣ। ਇਸ ਤੋਂ ਇਲਾਵਾ ਜ਼ਿਲ੍ਹਾ ਰੈਡ ਕਰਾਸ ਵੱਲੋਂ ਸਿਵਲ ਹਸਪਤਾਲ, ਡੇਰਾਬਸੀ ਵਿਖੇ ਜਲਦੀ ਹੀ ਜਨ ਔਸ਼ਧੀ ਸਟੋਰ ਖੋਲ੍ਹਣ ਦੀ ਤਜਵੀਜ਼ ਵੀ ਹੈ ਤਾਂ ਜੋ ਵੱਧ ਤੋਂ ਵੱਧ ਲੋੜਵੰਦ ਮਰੀਜ਼ ਇਸ ਸਹੂਲਤ ਦਾ ਲਾਭ ਲੈ ਸਕਣ।
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਰੈੱਡ ਕਰਾਸ ਸ਼ਾਖਾ ਦੁਆਰਾ ਸਿਵਲ ਹਸਪਤਾਲ, ਫੇਜ਼ -6, ਮੁਹਾਲੀ ਵਿਖੇ ਸਾਲ 2012 ਤੋਂ ਜਨ ਔਸ਼ਧੀ ਸਟੋਰ ਚਲਾਇਆ ਜਾ ਰਿਹਾ ਹੈ ਅਤੇ ਸੁਸਾਇਟੀ ਜ਼ਿਲ੍ਹੇ ਵਿਚ ਕਈ ਲੋਕ ਭਲਾਈ ਸਕੀਮਾਂ ਅਤੇ ਗਤੀਵਿਧੀਆਂ ਵੀ ਚਲਾ ਰਹੀ ਹੈ।