ਸਿਹਤ ਵਿਭਾਗ ਕੋਵਿਡ ਦੇ ਟਾਕਰੇ ਲਈ ਲਗਾਤਾਰ ਕਾਰਜਸ਼ੀਲ - ਸਿਵਲ ਸਰਜਨ ਫਿਰੋਜ਼ਪੁਰ
ਗੌਰਵ ਮਾਣਿਕ
ਫਿਰੋਜ਼ਪੁਰ 4 ਮਈ 2021 - ਸਿਹਤ ਵਿਭਾਗ ਫਿਰੋਜ਼ਪੁਰ, ਮਾਨਯੋਗ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਗੁਰਪਾਲ ਸਿੰਘ ਚਹਿਲ ਦੀ ਰਹਿਨਜੁਮਾਈ ਅਤੇ ਸਮੁੱਚੇ ਜ਼ਿਲਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਲਗਾਤਾਰ ਕਾਰਜਸ਼ੀਲ ਹੈ। ਇਹ ਪ੍ਰਗਟਾਵਾ ਫਿਰੋਜ਼ਪੁਰ ਦੇ ਸਿਵਲ ਸਰਜਨ ਡਾ:ਰਜਿੰਦਰ ਰਾਜ਼ ਨੇ ਜ਼ਿਲਾ ਵਾਸੀਆਂ ਦੇ ਨਾਮ ਇੱਕ ਸੰਦੇਸ਼ ਵਿੱਚ ਕੀਤਾ। ਉਹਨਾਂ ਕਿਹਾ ਕਿ ਮਹਾਂਮਾਰੀ ਦੇ ਇਨ੍ਹਾਂ ਚੁਣੌਤੀ ਭਰੇ ਹਾਲਾਤਾਂ ਦਰਮਿਆਨ ਜ਼ਿਲੇ ਅੰਦਰ ਹੁਣ ਤੱਕ 6565 ਕੋਵਿਡ-19 ਪਾਜ਼ੇਟਿਵ ਮਰੀਜ਼ ਇਸ ਮਾਰੂ ਵਾਇਰਸ ਤੋਂ ਸਫ਼ਲਤਾਪੂਰਵਕ ਸਿਹਤਯਾਬ ਹੋ ਗਏ ਹਨ ਅਤੇ ਇਸ ਵੇਲੇ ਜ਼ਿਲੇ ਵਿੱਚ 1234 ਐਕਟਿਵ ਮਰੀਜ਼ ਹਨ ਜੋ ਕਿ ਸਾਡੀਆਂ ਸਮਰਪਿਤ ਟੀਮਾਂ ਦੀ ਨਿਗਰਾਨੀ ਅਧੀਨ ਮਹਾਂਮਾਰੀ ਨਾਲ ਇਸ ਜੰਗ ਤੇ ਫ਼ਤਿਹ ਪਾਉਣ ਲਈ ਡਟੇ ਹੋਏ ਹਨ।
ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਰਾਜਿੰਦਰ ਰਾਜ਼ ਨੇ ਕਿਹਾ ਕਿ ਹਲਕੇ ਲੱਛਣ ਅਤੇ ਬਗੈਰ ਲੱਛਣਾਂ ਵਾਲੇ ਮਰੀਜਾਂ ਨੂੰ ਹਸਪਤਾਲਾਂ ਵਿੱਚ ਦਾਖਲ ਹੋਣ ਦੀ ਜ਼ਰੂਰਤ ਨਹੀਂ ਹੈ ਅਤੇ ਅਜਿਹੇ ਮਰੀਜ਼ ਟੈਸਟਿੰਗ ਸਮੇਂ ਘਰੇਲੂ ਇਕਾਂਤਵਾਸ ਵਿੱਚ ਰਹਿਣ ਦਾ ਵਿਕਲਪ ਚੁਣ ਸਕਦੇ ਹਨ। ਉਹਨਾਂ ਕਿਹਾ ਕਿ ਘਰੇਲੂ ਇਕਾਂਤਵਾਸ ਅਧੀਨ ਪਾਜ਼ੇਟਿਵ ਮਰੀਜ਼ਾਂ ਦੀ ਦੇਖਭਾਲ ਲਈ ਸਾਰੇ ਸਹਿਰਾਂ ਅਤੇ ਪਿੰਡਾਂ ਦੇ ਹਰੇਕ ਬਲਾਕ ਵਿੱਚ ਰੈਪਿਡ ਰਿਸਪਾਂਸ ਟੀਮਾਂ ਗਠਿਤ ਕੀਤੀਆਂ ਗਈਆਂ ਹਨ ਜੋ ਕਿ ਮਰੀਜ਼ਾਂ ਦੇ ਸੰਪਰਕ ਵਿੱਚ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਮਰੀਜ਼ਾਂ ਦੀ ਹਾਲਤ ਵਿਗੜਦੀ ਹੈ ਅਤੇ ਗੰਭੀਰ ਲੱਛਣ ਸਾਹਮਣੇ ਆਉਂਦੇ ਹਨ ਤਾਂ ਮਰੀਜਾਂ ਨੂੰ ਤੁਰੰਤ ਸਿਹਤ ਕੇਂਦਰਾਂ ਵਿੱਚ ਤਬਦੀਲ ਕੀਤਾ ਜਾਂਦਾ ਹੈ। ਸਿਹਤ ਸਹੂਲਤਾਂ ਬਾਰੇ ਜਾਣਕਾਰੀ ਸਬੰਧੀ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲਈ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਵਾਸਤੇ ਵਿਭਾਗ ਵੱਲੋਂ 24 ਘੰਟੇ, 104 ਹੈਲਪਲਾਈਨ ਵਿਸ਼ੇਸ਼ ਤੌਰ 'ਤੇ ਕਾਰਜਸ਼ੀਲ ਕੀਤੀ ਗਈ ਹੈ ਉਹਨਾਂ ਕਿਹਾ ਕਿ ਕਰੋਨਾ ਚੇਨ ਨੂੰ ਤੋੜਨ ਲਈ ਹਲਕੇ ਲੱਛਣਾਂ ਵਾਲੇ ਮਰੀਜ਼ਾਂ ਨੂੰ ਮੁਢਲੀ ਸਟੇਜ਼ ਤੇ ਆਪਣਾ ਕੋਵਿਡ ਟੈਸਟ ਕਰਵਾਉਣ ਦੀ ਅਪੀਲ ਵੀ ਕੀਤੀ ਅਤੇ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਇਹ ਟੈਸਟ ਮੁਫਤ ਕੀਤਾ ਜਾਂਦਾ ਹੈ।
ਉਹਨਾਂ ਖੁਲਾਸਾ ਕੀਤਾ ਕਿ ਮਾਨਯੋਗ ਸਿਹਤ ਮੰਤਰੀ ਪੰਜਾਬ ਸ:ਬਲਬੀਰ ਸਿੰਘ ਸਿੱਧੂ ਵੱਲੋਂ ਕਰੋਨਾਂ ਤੋਂ ਸਿਹਤਯਾਬ ਹੋਏ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਸਰਕਾਰ ਵੱਲੋਂ ਉਪਲਬੱਧ ਕਰਵਾਈਆਂ ਗਈਆਂ ਕਰੋਨਾਂ ਫਤਿਹ ਕਿੱਟਾਂ ਵਿੱਚ ਪ੍ਰਾਪਤ ਆਕਸੀਮੀਟਰ ਅਤੇ ਹੋਰ ਮੁੜ ਵਰਤੋਂ ਯੋਗ ਸਾਜ਼ੋ ਸਾਮਾਨ ਵਿਭਾਗ ਪਾਸ ਜਮਾਂ ਕਰਵਾਇਆ ਜਾਵੇ ਤਾਂ ਜੋ ਇਸ ਔਖੀ ਘੜੀ ਵਿੱਚ ਇਸ ਸਾਮਾਨ ਹੋਰ ਕੋਵਿਡ ਪਾਜ਼ਿਟਿਵ ਮਰੀਜ਼ਾਂ ਦੀ ਮਦਦ ਕੀਤੀ ਜਾ ਸਕੇ।
ਉਹਨਾਂ ਇਹ ਵੀ ਕਿਹਾ ਕਿ ਵਿਭਾਗ ਵੱਲੋਂ ਜ਼ਿਲੇ ਅੰਦਰ ਸਰਕਾਰੀ ਸਿਹਤ ਕੇਂਦਰਾਂ ਵਿਖੇ ਮੁਫਤ ਕੋਵਿਡ ਟੀਕਾਕਰਨ ਕੀਤਾ ਜਾ ਰਿਹਾ ਹੈ।ਇਸ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਵਿਸ਼ੇਸ਼ ਟੀਕਾਕਰਨ ਕੈਂਪ ਵੀ ਲਗਾਏ ਜਾ ਰਹੇ ਹਨ ਉਹਨਾਂ ਇਹ ਵੀ ਜਾਣਕਾਰੀ ਦਿੱਤੀ ਕਿ ਵਿਭਾਗ ਦੀਆਂ ਟੀਮਾਂ ਵੱਲੋਂ ਵੱਖ ਵੱਖ ਵਿਭਾਗਾਂ ਦੇ ਦਫਤਰਾਂ ਵਿਖੇ ਵੀ ਵਿਸ਼ੇਸ਼ ਟੀਕਾਕਰਨ ਕੈਂਪ ਲਗਾਏ ਜਾ ਰਹੇ ਹਨ ਉਹਨਾਂ ਜ਼ਿਲਾ ਨਿਵਾਸੀਆਂ ਦੇ ਨਾਮ ਇੱਕ ਅਪੀਲ ਵਿੱਚ ਕਿਹਾ ਕਿ ਜ਼ਿਲੇ ਦੇ ਸਾਰੇ ਯੋਗ ਵਿਅਕਤੀਆਂ ਨੂੰ ਕੋਵਿਡ ਟੀਕਾਕਰਨ ਕਰਵਾਉਣਾ ਚਾਹੀਦਾ ਹੈ ਕਿਉਂਕਿ ਵੈਕਸੀਨੇਸ਼ਨ ਕਰਵਾ ਕੇ ਅਤੇ ਤਿੰਨ ਸਾਵਧਾਨੀਆਂ -ਸਹੀ ਤਰੀਕੇ ਨਾਲ ਮਾਸਕ ਪਹਿਣ ਕੇ,ਦੋ ਗਜ਼ ਦੀ ਸਮਾਜਿਕ ਦੂਰੀ ਅਪਣਾ ਕੇ ਅਤੇ ਆਪਣੇ ਹੱਥਾਂ ਨੂੰ ਵਾਰ ਵਾਰ ਧੋ ਕੇ ਸ਼ਾਫ ਰੱਖਣ ਨਾਲ ਹੀ ਅਸੀ ਕਰੋਨਾ ਫਤਿਹ ਕਰ ਸਕਦੇ ਹਾਂ।