ਰਾਜਿੰਦਰਾ ਹਸਪਤਾਲ 'ਚ ਕੋਰੋਨਾ ਨਾਲ 24 ਘੰਟਿਆਂ ਅੰਦਰ 37 ਮੌਤਾਂ
ਪਟਿਆਲਾ, 1 ਮਈ 2021 - ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਕੋਰੋਨਾ ਨਾਲ 24 ਘੰਟਿਆਂ ਦੌਰਾਨ 37 ਮੌਤਾਂ ਹੋ ਗਈਆਂ ਹਨ ਜਦਕਿ ਜ਼ਿਲ੍ਹੇ ਵਿਚ 545 ਨਵੇਂ ਕੇਸ ਕੋਰੋਨਾ ਪਾਜ਼ੀਟਿਵ ਆ ਗਏ ਹਨ।
ਸਰਕਾਰੀ ਬੁਲਾਰੇ ਮੁਤਾਬਕ 37 ਮੌਤਾਂ ਵਿਚੋਂ 8 ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਹਨ, 25 ਹੋਰਨਾਂ ਜ਼ਿਲ੍ਹਿਆਂ ਅਤੇ 3 ਮੌਤਾਂ ਦਿੱਲੀ ਨਾਲ ਸਬੰਧਤ ਹਨ ਜਦਕਿ ਇਕ ਸ਼ੱਕੀ ਮੌਤ ਹੈ। ਹਸਪਤਾਲ ਵਿਚ ਦੋ ਵਿਅਕਤੀ ਮ੍ਰਿਤਕ ਅਵਸਥਾ ਵਿਚ ਲਿਆਂਦੇ ਗਏ ਸਨ। ਇਸ ਅਰਸੇ ਦੌਰਾਨ ਹਸਪਤਾਲ ਵਿਚ 71 ਨਵੇਂ ਕੋਰੋਨਾ ਮਰੀਜ਼ ਦਾਖਲ ਹੋਏ ਜਦਕਿ 17 ਮਰੀਜ਼ ਤੰਦਰੁਸਤ ਹੋ ਕੇ ਘਰ ਨੂੰ ਪਰਤ ਗਏ ਹਨ।
ਇਸ ਦੌਰਾਨ ਸਿਹਤ ਵਿਭਾਗ ਵੱਲੋਂ ਦੱਸਿਆ ਗਿਆ ਕਿ ਜ਼ਿਲ੍ਹੇ ਵਿਚ 545 ਨਵੇਂ ਕੋਰੋਨਾ ਪਾਜ਼ੀਟਿਵ ਕੇਸ ਆਏ ਹਨ ਜਿਸ ਨਾਲ ਜ਼ਿਲ੍ਹੇ ਵਿਚ ਪਾਜ਼ੀਟਿਵ ਕੇਸਾਂ ਦੀ ਕੁੱਲ ਗਿਣਤੀ 33586 ਹੋ ਗਈ ਹੈ, ਜਦਕਿ ਜ਼ਿਲ੍ਹੇ ਵਿਚ 12 ਹੋਰ ਮੌਤਾਂ ਹੋ ਗਈਆਂ ਹਨ ਤੇ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 789 ਹੋ ਗਈ ਹੈ। ਜ਼ਿਲ੍ਹੇ ਵਿਚ ਇਸ ਸਮੇਂ ਦੌਰਾਨ 521 ਮਰੀਜ਼ ਠੀਕ ਹੋ ਗਏ ਹਨ ਤੇ ਹੁਣ ਤੱਕ ਠੀਕ ਹੋਣ ਵਾਲਿਆਂ ਦੀ ਗਿਣਤੀ 28779 ਹੋ ਗਈ ਹੈ।