ਜਲੰਧਰ: ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਕਚਹਿਰੀਆਂ ਵਿੱਚ ਲਗਾਇਆ ਕੋਵਿਡ-19 ਟੀਕਾਕਰਨ ਕੈਂਪ
ਜਲੰਧਰ, 4 ਮਈ 2021 - ਕੋਰੋਨਾ ਮਹਾਂਮਾਰੀ ਦੇ ਵਧ ਰਹੇ ਕੇਸਾਂ ਨੂੰ ਧਿਆਨ ਵਿੱਚ ਰੱਖਦਿਆਂ ਰੁਪਿੰਦਰਜੀਤ ਚਹਿਲ ਜ਼ਿਲ੍ਹਾ ਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਦੀ ਯੋਗ ਰਹਿਨੁਮਾਈ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜਲੰਧਰ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਮੰਗਲਵਾਰ ਨੂੰ ਜ਼ਿਲ੍ਹਾ ਕਚਿਹਰੀਆਂ, ਜਲੰਧਰ ਵਿਖੇ ਕੋਵਿਡ-19 ਟੀਕਾਕਰਨ ਕੈਂਪ ਲਗਾਇਆ ਗਿਆ।
ਇਸ ਕੈਂਪ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਨੇ ਦੱਸਿਆ ਕਿ ਅੱਜ ਦਾ ਇਹ ਟੀਕਾਕਰਨ ਕੈਂਪ ਜ਼ਿਲ੍ਹਾ ਜਲੰਧਰ ਦੇ ਸਮੂਹ ਜੁਡੀਸ਼ੀਅਲ ਅਧਿਕਾਰੀਆਂ ਅਤੇ ਕਚਹਿਰੀ ਵਿਖੇ ਕੰਮ ਕਰ ਰਹੇ ਸਟਾਫ਼ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਸਰਕਾਰ ਵੱਲੋਂ ਪ੍ਰਮਾਣਿਤ ਵੈਕਸੀਨ ਲਗਾਉਣ ਲਈ ਲਗਾਇਆ ਗਿਆ ।
ਉਨ੍ਹਾਂ ਕਿਹਾ ਕਿ ਵੈਕਸੀਨ ਕੋਰੋਨਾ ਮਹਾਂਮਾਰੀ ਨੂੰ ਹਰਾਉਣ ਲਈ ਬਹੁਤ ਜ਼ਰੂਰੀ ਹੈ ਅਤੇ ਟੀਕਾਕਰਨ ਕੋਰੋਨਾ ਦਾ ਇੱਕ ਮਾਤਰ ਇਲਾਜ ਹੈ, ਜਿਸ ਲਈ ਹਰੇਕ ਇੱਕ ਨਾਗਰਿਕ ਨੂੰ ਵੈਕਸੀਨ ਲਗਾਉਣੀ ਚਾਹੀਦੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਅੱਜ ਦੇ ਇਸ ਕੈਂਪ ਵਿੱਚ ਜੁਡੀਸ਼ੀਅਲ ਅਫ਼ਸਰਾਂ ਅਤੇ ਕਚਿਹਰੀ ਵਿਖੇ ਕੰਮ ਕਰਦੇ ਸਟਾਫ ਮੈਂਬਰਾਂ, ਜਿਨ੍ਹਾਂ ਦੀ ਗਿਣਤੀ 298 ਹੈ, ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਅ ਵਾਸਤੇ ਬਣੀ ਵੈਕਸੀਨ ਲਗਾਈ ਗਈ ਹੈ। ਇਸ ਮੌਕੇ ਉਨ੍ਹਾਂ ਜੁਡੀਸ਼ੀਅਲ ਅਧਿਕਾਰੀਆਂ ਅਤੇ ਸਟਾਫ਼ ਦੇ ਮੈਂਬਰਾਂ ਨੂੰ ਹਦਾਇਤ ਕੀਤੀ ਕਿ ਉਹ ਸਰਕਾਰ ਵੱਲੋਂ ਤੈਅ ਕੀਤੇ ਨਿਯਮਾਂ ਮੁਤਾਬਕ ਕੋਰੋਨਾ ਮਹਾਂਮਾਰੀ ਤੋਂ ਬਚਾਅ ਵਾਸਤੇ ਸਮਾਜਿਕ ਦੂਰੀ, ਮਾਸਕ ਅਤੇ ਸੈਨੇਟਾਈਜ਼ਰ ਦੀ ਵਰਤੋਂ ਯਕੀਨੀ ਬਣਾਉਣ।
ਇਸ ਕੈਂਪ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਡਾ. ਗਗਨਦੀਪ ਕੌਰ, ਸੀ.ਜੇ.ਐਮ.-ਕਮ-ਸੈਕਟਰੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਵੱਲੋਂ ਢੁੱਕਵੇਂ ਪ੍ਰਬੰਧ ਕੀਤੇ ਗਏ।