ਪਿੰਡ ਬਾਲਿਆਂਵਾਲੀ ਵਿਖੇ 50 ਵਿਅਕਤੀਆਂ ਨੇ ਲਵਾਈ ਕਰੋਨਾ ਵੈਕਸੀਨ
ਬਾਲਿਆਂਵਾਲੀ, 2 ਮਈ 2021 - ਅੱਜ ਸੀਨੀਅਰ ਮੈਡੀਕਲ ਅਫਸਰ ਬਾਲਿਆਂਵਾਲੀ ਡਾ. ਅਸ਼ਵਨੀ ਕੁਮਾਰ ਦੀ ਯੋਗ ਅਗਵਾਈ ਵਿੱਚ ਸਿਹਤ ਵਿਭਾਗ ਦੇ ਕਰਮਚਾਰੀਆਂ ਦੁਆਰਾ ਪਿੰਡ ਬਾਲਿਆਂਵਾਲੀ ਦੀ ਕਵੀਸ਼ਰ ਮਾਘੀ ਸਿੰਘ ਗਿੱਲ ਯਾਦਗਾਰੀ ਲਾਇਬਰੇਰੀ ਵਿਖੇ ਪੂਜਨੀਕ ਦਾਦੀਆਂ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਕਰੋਨਾ ਵੈਕਸੀਨ ਲਗਾਉਣ ਸਬੰਧੀ ਕੈਂਪ ਲਗਾਇਆ ਗਿਆ । ਇਸ ਕੈਂਪ ਵਿੱਚ ਡਾ. ਸੀਮਾ ਬਾਂਸਲ ਦੀ ਗਿਰਾਨੀ ਹੇਠ ਸੀ.ਐਚ.ੳ. ਹਰਵਿੰਦਰ ਕੌਰ, ਸਟਾਫ ਨਰਸ ਸ਼ਾਲੂ ਅਤੇ ਏ.ਐਨ.ਐਮ. ਜਸਵਿੰਦਰ ਕੌਰ ਵੱਲੋਂ 50 ਵਿਅਕਤੀਆਂ ਦੇ ਕਰੋਨਾ ਵੈਕਸੀਨ ਲਗਾਈ ਗਈ ।
ਐਸ.ਐਮ.ੳ. ਡਾ. ਅਸ਼ਵਨੀ ਕੁਮਾਰ ਨੇ ਕਿਹਾ ਕਿ ਸਿਹਤ ਕਰਮਚਾਰੀਆਂ ਵੱਲੋਂ ਪੰਚਾਇਤਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਆਮ ਲੋਕਾਂ ਨੂੰ ਕਰੋਨਾ ਵੈਕਸੀਨ ਸਬੰਧੀ ਜਾਗਰੂਕ ਕਰਨ ਕਾਰਣ ਹੁਣ ਵੱਡੀ ਪੱਧਰ ਤੇ ਲੋਕ ਵੈਕਸੀਨ ਲਗਵਾਉਣ ਲਈ ਅੱਗੇ ਆ ਰਹੇ ਹਨ । ਉਹਨਾਂ ਇਸ ਕੈਂਪ ਲਈ ਪੂਜਨੀਕ ਦਾਦੀਆਂ ਵੈਲਫੇਅਰ ਸੁਸਾਇਟੀ ਵੱਲੋਂ ਸਹਿਯੋਗ ਕਰਨ ਤੇ ਸੰਸਥਾ ਦੇ ਪ੍ਰਧਾਨ ਰਾਕੇਸ਼ ਕੁਮਾਰ ਗਰਗ, ਜਨਰਲ ਸਕੱਤਰ ਸੁਖਦਰਸ਼ਨ ਸਿੰਘ, ਖਜਾਨਚੀ ਰਜਨੀਸ਼ ਕੁਮਾਰ ਅਤੇ ਹੋਰ ਅਹੁਦੇਦਾਰਾਂ ਦਾ ਧੰਨਵਾਦ ਵੀ ਕੀਤਾ ।
ਬਲਾਕ ਐਜੂਕੇਟਰ ਲਖਵਿੰਦਰ ਸਿੰਘ ਨੇ ਆਮ ਲੋਕਾਂ ਨੂੰ ਕਿਹਾ ਕਿ ਦੇਸ਼ ਭਰ ਵਿੱਚ ਕਰੋਨਾ ਦੇ ਪਾਜਿਟਿਵ ਕੇਸ ਵੱਡੀ ਪੱਧਰ ਤੇ ਆ ਰਹੇ ਹਨ, ਸੋ ਵੈਕਸੀਨ ਲਗਵਾਉਣ ਦੇ ਬਾਅਦ ਵੀ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਜਰੂਰੀ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਨਾ ਅਤਿ ਜਰੂਰੀ ਹੈ । ਉਹਨਾਂ ਕਿਹਾ ਕਿ ਕਰੋਨਾ ਤੋਂ ਬਚਾਅ ਲਈ ਸਾਨੂੰ ਵਾਰ ਵਾਰ ਸਾਬਣ ਨਾਲ ਹੱਥ ਧੋਣੇ ਚਾਹੀਦੇ ਹਨ ਅਤੇ ਸਮਾਜਿਕ ਦੂਰੀ ਦੇ ਨਾਲ ਮਾਸਕ ਲਗਾਕੇ ਰੱਖਣਾ ਵੀ ਜਰੂਰੀ ਹੈ । ਖੰਘ, ਜੁਕਾਮ ਬੁਖਾਰ ਹੋਣ ਜਾਂ ਕਿਸੇ ਕਰੋਨਾ ਪਾਜੀਟਿਵ ਵਿਅਕਤੀ ਦੇ ਸੰਪਰਕ ਵਿੱਚ ਆਉਣ ਤੇ ਆਪਣੀ ਜਿੰਮੇਵਾਰੀ ਸਮਝਦੇ ਹੋਏ ਤੁਰੰਤ ਸਰਕਾਰੀ ਹਸਪਤਾਲ ਵਿਖੇ ਆਪਣਾ ਕਰੋਨਾ ਸਬੰਧੀ ਟੈਸਟ ਕਰਵਾਉਣਾ ਚਾਹੀਦਾ ਹੈ । ਇਹ ਕਰੋਨਾ ਟੈਸਟ ਸਾਰੇ ਸਰਕਾਰੀ ਹਸਪਤਾਲਾਂ ਅਤੇ ਕੁਮਿਊਨਿਟੀ ਹੈਲਥ ਸੈਂਟਰਾਂ ਵਿਖੇ ਮੁਫਤ ਕੀਤੇ ਜਾ ਰਹੇ ਹਨ ।