ਮੋਹਾਲੀ: ਕੋਰੋਨਾ ਮਰੀਜ਼ਾਂ ਨੂੰ ਆਈਵੀਆਰ ਕਾਲਾਂ 01726132106 ਨੰਬਰ ਤੋਂ ਕੀਤੀਆਂ ਜਾ ਰਹੀਆਂ ਹਨ, ਇਸ ਨੰਬਰ ਨੂੰ ਸਪੈਮ ਵਜੋਂ ਨਾ ਦਰਸਾਓ - ਡੀ.ਸੀ.
ਹਰਜਿੰਦਰ ਸਿੰਘ ਭੱਟੀ
- 20 ਫ਼ੀਸਦੀ ਕੋਵਿਡ ਪਾਜ਼ੇਟਿਵ ਮਰੀਜ਼ ਆਈਵੀਆਰ ਕਾਲਾਂ ਦਾ ਜਵਾਬ ਨਹੀਂ ਦੇ ਰਹੇ
- ਸ਼ਾਮ 5 ਵਜੇ, ਸ਼ਾਮ 6 ਵਜੇ ਅਤੇ 7 ਵਜੇ ਕੀਤੀਆਂ ਜਾ ਰਹੀਆਂ ਹਨ ਇਹ ਕਾਲਾਂ
- ਹਰੇਕ ਮਰੀਜ਼ ਨਾਲ 14 ਦਿਨਾਂ ਲਈ ਕੀਤਾ ਜਾ ਰਿਹਾ ਹੈ ਸੰਪਰਕ
ਐਸ.ਏ.ਐਸ.ਨਗਰ, 5 ਮਈ 2021 - ਕੋਵਿਡ ਪਾਜ਼ੇਟਿਵ ਮਾਮਲਿਆਂ ਦੀ ਵੱਧ ਰਹੀ ਗਿਣਤੀ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਆਟੋਮੈਟਿਕ ਆਈਵੀਆਰ ਕਾਲਾਂ ਰਾਹੀਂ ਘਰੇਲੂ ਇਕਾਂਤਵਾਸ ਅਧੀਨ ਮਰੀਜ਼ਾਂ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਵਿੱਚ ਮਰੀਜ਼ਾਂ ਨੂੰ ਆਪਣੀ ਸਿਹਤ ਸਥਿਤੀ ਨੂੰ ਅਪਡੇਟ ਕਰਨ ਲਈ ਕਿਹਾ ਜਾਂਦਾ ਹੈ।
ਹਾਲਾਂਕਿ, 20 ਫ਼ੀਸਦੀ ਮਰੀਜ਼ ਅਣਜਾਣਪਣ ਕਰਕੇ ਜਾਂ ਕਾਲ ਦੀ ਭਰੋਸੇਯੋਗਤਾ ਬਾਰੇ ਸ਼ੰਕਾ ਕਰਕੇ ਕਾਲਾਂ ਦਾ ਜਵਾਬ ਨਹੀਂ ਦੇ ਰਹੇ। ਲੋਕਾਂ ਨੂੰ ਇਹ ਸਪੱਸ਼ਟ ਕਰਦਿਆਂ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫੋਂ ਆਈਵੀਆਰ ਕਾਲਾਂ ਕੋਵਿਡ ਮਰੀਜ਼ਾਂ ਨੂੰ ਟੈਲੀਫੋਨ ਨੰਬਰ 01726132106 ਤੋਂ ਕੀਤੀਆਂ ਜਾ ਰਹੀਆਂ ਹਨ, ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਕਿਹਾ ਕਿ ਉਹ ਨੰਬਰ ਸਪੈਮ ਵਜੋਂ ਨਾ ਦਰਸਾਓ ਕਿਉਂਕਿ ਇਹ ਦੂਸਰੇ ਵਿਅਕਤੀਆਂ ਲਈ ਕਾਲਾਂ ਦੀ ਪ੍ਰਮਾਣਿਕਤਾ 'ਤੇ ਸ਼ੱਕ ਕਰਨ ਦਾ ਕਾਰਨ ਬਣ ਸਕਦਾ ਹੈ। ਇਸ ਤੋਂ ਇਲਾਵਾ, ਇਹ ਇਕ ਆਊਟਬਾਉਂਡ ਕਾਲਿੰਗ ਸਹੂਲਤ ਹੈ ਭਾਵ ਸਿਰਫ਼ ਇਕ ਤਰਫੀ ਕਾਲ ਹੀ ਕੀਤੀ ਜਾ ਸਕਦੀ ਹੈ। ਇਸ ਨੰਬਰ ‘ਤੇ ਵਾਪਸ ਕਾਲ ਕਰਨ ਦੀ ਕੋਈ ਸਹੂਲਤ ਨਹੀਂ ਹੈ। ਜੇ ਲੋੜ ਪਵੇ ਤਾਂ ਮਰੀਜ਼ ਕੋਵਿਡ ਕੰਟਰੋਲ ਰੂਮ ਨਾਲ ਸੰਪਰਕ ਕਰ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਮਰੀਜ਼ ਨੂੰ ਆਈਵੀਆਰ ਕਾਲਾਂ ਸ਼ਾਮ 5 ਵਜੇ ਦੇ ਕਰੀਬ ਕੀਤੀਆਂ ਜਾਂਦੀਆਂ ਹਨ ਪਰ ਜੇਕਰ ਮਰੀਜ਼ ਕਾਲ ਨਹੀਂ ਚੁੱਕਦਾ ਤਾਂ ਉਸਨੂੰ ਸ਼ਾਮ ਨੂੰ 6 ਵਜੇ ਦੁਬਾਰਾ ਕਾਲ ਕੀਤੀ ਜਾਂਦੀ ਹੈ। ਜੇਕਰ ਉਹ ਦੂਸਰੀ ਕਾਲ ਦਾ ਜਵਾਬ ਨਹੀਂ ਦਿੰਦਾ ਤਾਂ ਤੀਜੀ ਕੋਸ਼ਿਸ਼ ਸ਼ਾਮੀ 7 ਵਜੇ ਕੀਤੀ ਜਾਂਦੀ ਹੈ।
ਇਹ ਕਾਲਾਂ ਚੌਦਾਂ ਦਿਨਾਂ ਦੇ ਘਰੇਲੂ ਇਕਾਂਤਵਾਸ ਹੋਣ ‘ਤੇ ਰੋਜ਼ਾਨਾ ਕੀਤੀਆਂ ਜਾਂਦੀਆਂ ਹਨ ਅਤੇ ਮਰੀਜ਼ ਆਪਣੀ ਸਥਿਤੀ ਨੂੰ ਅਪਡੇਟ ਕਰਦਾ ਹੈ। ਜੇਕਰ ਉਸ ਨੂੰ ਡਾਕਟਰੀ ਸਹਾਇਤਾ ਦੀ ਜਰੂਰਤ ਹੁੰਦੀ ਹੈ ਤਾਂ ਸਿਸਟਮ ਇਸ ਨੂੰ ਰੈੱਡ ਫਲੈਗ ਦਰਸਾਉਂਦਾ ਹੈ ਜਿਸ ਤੋਂ ਬਾਅਦ ਡਾਕਟਰਾਂ ਦੀ ਟੀਮ ਦੁਆਰਾ ਸੰਪਰਕ ਕੀਤਾ ਜਾਂਦਾ ਹੈ।
ਆਈਵੀਆਰ ਪ੍ਰਣਾਲੀ ਲਈ ਸਾੱਫਟਵੇਅਰ / ਟੈਕਨੋਲੋਜੀਕਲ ਸਹਾਇਤਾ ਇਕ ਐਨਜੀਓ-ਸਟੈਪਵਨ ਦੁਆਰਾ ਪ੍ਰਦਾਨ ਕੀਤੀ ਜਾ ਰਹੀ ਹੈ।