ਕੈਨੇਡਾ: ਬੀ.ਸੀ. ਵਿਚ ਜੂਨ ਦੇ ਅਖੀਰ ਤੱਕ ਸਭ ਨੂੰ ਵੈਕਸੀਨ ਹਾਸਲ ਹੋ ਜਾਵੇਗੀ-ਡਾ. ਹੈਨਰੀ
ਹਰਦਮ ਮਾਨ
ਸਰੀ, 3 ਮਈ 2021- ਬੀ.ਸੀ. ਵਿਚ ਇਸ ਮਹੀਨੇ ਤੋਂ ਵੈਕਸੀਨ ਦੀ ਸ਼ਿਪਮੈਂਟ ਵਿੱਚ ਵਾਧਾ ਹੋਣ ਦੀ ਉਮੀਦ ਹੈ ਅਤੇ ਇਸ ਦੇ ਨਾਲ ਸੂਬੇ ਵਿਚ ਜੂਨ ਮਹੀਨੇ ਦੇ ਅਖੀਰ ਤੱਕ ਵੈਕਸੀਨ ਹਾਸਿਲ ਕਰਨ ਦੇ ਚਾਹਵਾਨ ਤਮਾਮ ਲੋਕਾਂ ਨੂੰ ਵੈਕਸੀਨ ਦੀ ਘੱਟੋ-ਘੱਟ ਇੱਕ ਡੋਜ਼ ਹਾਸਲ ਹੋ ਜਾਵੇਗੀ।
ਇਹ ਜਾਣਕਾਰੀ ਦਿੰਦਿਆਂ ਸੁਬਾਈ ਸਿਹਤ ਅਫਸਰ ਡਾ. ਬੋਨੀ ਹੈਨਰੀ ਨੇ ਦੱਸਿਆ ਕਿ ਵੈਕਸੀਨ ਦੀ ਸਪਲਾਈ ਵਧਣ ਦੇ ਨਾਲ ਨਾਲ ਇਹ ਵੀ ਵਿਚਾਰ ਕੀਤਾ ਜਾ ਰਿਹਾ ਹੈ ਕਿ ਵੈਕਸੀਨ ਦੀ ਪਹਿਲੀ ਅਤੇ ਦੂਜੀ ਡੋਜ਼ ਵਿਚਾਲੇ 4 ਮਹੀਨੇ ਦੇ ਫਰਕ ਨੂੰ ਵੀ ਘਟਾਇਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਬੀ.ਸੀ. ਵਿਚ ਹੁਣ ਤੱਕ ਕੋਵਿਡ-19 ਸਬੰਧੀ 1,877,630 ਵੈਕਸੀਨ ਡੋਜ਼ ਦਿੱਤੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿਚ ਫਾਈਜ਼ਰ, ਮੌਡਰਨਾ ਅਤੇ ਐਸਟ੍ਰਾਜ਼ੈਨਕਾ ਵੈਕਸੀਨ ਸ਼ਾਮਿਲ ਹਨ ਅਤੇ 91,731 ਲੋਕ ਵੈਕਸੀਨ ਦੀਆਂ ਦੋਵੇਂ ਡੋਜ਼ ਹਾਸਲ ਕਰ ਚੁੱਕੇ ਹਨ।
ਇਸੇ ਦੌਰਾਨ ਪਿਛਲੇ ਤਿੰਨ ਦਿਨਾਂ (ਸ਼ੁੱਕਰਵਾਰ, ਸ਼ਨੀਵਾਰ, ਐਤਵਾਰ) ਦੌਰਾਨ ਬੀ.ਸੀ. ਵਿਚ ਕੋਵਿਡ-19 ਦੇ 2,174 ਨਵੇਂ ਕੇਸ ਸਾਹਮਣੇ ਆਏ ਹਨ ਅਤੇ 15 ਵਾਇਰਸ ਪੀੜਤਾਂ ਦੀ ਮੌਤ ਹੋ ਗਈ ਹੈ। ਇਸ ਸਮੇਂ 474 ਕੋਰੋਨਾ ਪੀੜਤ ਹਸਪਤਾਲਾਂ ਵਿਚ ਦਾਖ਼ਲ ਹਨ, ਜਿਨ੍ਹਾਂ ਚੋਂ 176 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com