ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ 'ਚ ਕੋਵਿਡ ਤੋਂ ਬਚਾਅ ਲਈ ਸੈਂਪਲਿੰਗ ਤੇ ਵੈਕਸੀਨੇਸ਼ਨ ਵਧਾਉਣ 'ਤੇ ਜ਼ੋਰ
ਕੁਲਵੰਤ ਸਿੰਘ ਬੱਬੂ
- ਚੰਦਰ ਗੈਂਦ ਵੱਲੋਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ 'ਚ ਕੋਵਿਡ ਮਾਮਲਿਆਂ ਦੀ ਸਮੀਖਿਆ
- ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ 6 ਪਲਾਂਟਾਂ 'ਚੋਂ ਰਾਜ ਦੇ 17 ਜ਼ਿਲ੍ਹਿਆਂ 'ਚ ਆਕਸੀਜਨ ਦੀ ਹੁੰਦੀ ਹੈ ਸਪਲਾਈ-ਡੀ.ਸੀ. ਅੰਮ੍ਰਿਤ ਕੌਰ ਗਿੱਲ
ਪਟਿਆਲਾ, 4 ਮਈ 2021 - ਪਟਿਆਲਾ ਡਵੀਜ਼ਨ ਦੇ ਡਵੀਜ਼ਨਲ ਕਮਿਸ਼ਨਰ ਸ੍ਰੀ ਚੰਦਰ ਗੈਂਦ ਨੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ 'ਚ ਕੋਵਿਡ ਮਾਮਲਿਆਂ ਦੀ ਆਨਲਾਈਨ ਸਮੀਖਿਆ ਕਰਦਿਆਂ ਜ਼ਿਲ੍ਹੇ 'ਚ ਕੋਵਿਡ ਦੀ ਲਾਗ ਫੈਲਣ ਤੋਂ ਰੋਕਣ ਲਈ ਸੈਂਪਲਿੰਗ ਅਤੇ ਵੈਕਸੀਨੇਸ਼ਨ 'ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੋਵਿਡ ਦੇ ਮਾਮਲੇ ਵੱਧਣ ਦੀ ਸੰਭਾਵਨਾਂ ਦੇ ਮੱਦੇਨਜ਼ਰ ਜ਼ਿਲ੍ਹੇ 'ਚ ਸਾਰੇ ਪ੍ਰਬੰਧ ਅਗੇਤੇ ਪੂਰੇ ਕੀਤੇ ਜਾਣ ਤਾਂ ਕਿ ਕੋਵਿਡ ਦੇ ਸੰਭਾਵਤ ਮਰੀਜਾਂ ਨੂੰ ਬਿਹਤਰ ਇਲਾਜ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ ਅਤੇ ਕੋਵਿਡ ਦੀ ਲਾਗ ਅੱਗੇ ਨਾ ਫੈਲੇ।
ਫ਼ਤਹਿਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਅਤੇ ਸਿਵਲ ਸਰਜਨ ਡਾ. ਮਹਿੰਦਰ ਸਿੰਘ ਨਾਲ ਕੀਤੀ ਆਨਲਾਈਨ ਮੀਟਿੰਗ ਦੌਰਾਨ ਸ੍ਰੀ ਚੰਦਰ ਗੈਂਦ ਨੇ ਜ਼ਿਲ੍ਹੇ 'ਚ ਆਕਸੀਜਨ ਗੈਸ ਪਲਾਂਟਾਂ ਦੀ ਸਥਿਤੀ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਦਿੱਤੇ ਆਦੇਸ਼ਾਂ ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇ।
ਸ੍ਰੀ ਚੰਦਰ ਗੈਂਦ ਨੇ ਡਿਪਟੀ ਕਮਿਸ਼ਨਰ ਸ੍ਰੀਮਤੀ ਗਿੱਲ ਤੋਂ ਜ਼ਿਲ੍ਹੇ 'ਚ ਕੋਵਿਡ ਮਰੀਜਾਂ ਦੀ ਸੰਭਾਲ ਲਈ ਲੈਵਲ-2 ਬੈਡ ਸਹੂਲਤਾਂ ਦੀ ਉਪਬਲੱਧਤਾ ਬਾਰੇ ਜਾਣਕਾਰੀ ਹਾਸਲ ਕੀਤੀ, ਜਿਸ 'ਤੇ ਸ੍ਰੀਮਤੀ ਗਿੱਲ ਨੇ ਦੱਸਿਆ ਕਿ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਅੰਦਰ ਸਰਕਾਰੀ ਸਿਹਤ ਸੰਸਥਾਵਾਂ 'ਚ ਐਲ-2 ਦੇ 90 ਬੈਡ ਤੇ ਨਿਜੀ ਹਸਪਤਾਲਾਂ 'ਚ ਐਲ-2 ਦੇ 54 ਬੈਡ ਹਨ, ਇਨ੍ਹਾਂ ਦੇ ਕੁਲ 144 ਬੈਡਾਂ ਵਿੱਚੋਂ 23 ਬੈਡ ਭਰੇ ਹੋਏ ਹਨ।
ਪਟਿਆਲਾ ਡਵੀਜ਼ਨ ਦੇ ਸਾਰੇ ਜ਼ਿਲ੍ਹਿਆਂ 'ਚ ਕੋਵਿਡ-19 ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਸ਼ੁਰੂ ਕੀਤੀਆਂ ਸਮੀਖਿਆ ਬੈਠਕਾਂ ਦੀ ਲੜੀ ਤਹਿਤ ਹੀ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ 'ਚ ਕੋਵਿਡ ਦੀ ਸਮੀਖਿਆ ਕਰਦਿਆਂ ਸ੍ਰੀ ਗੈਂਦ ਨੇ ਨਿਰਦੇਸ਼ ਦਿੱਤੇ ਕਿ ਜ਼ਿਲ੍ਹੇ 'ਚ ਗੰਭੀਰ ਮਰੀਜਾਂ ਲਈ ਆਕਸੀਜਨ ਦੀ ਉਪਲਬੱਧਤਾ ਸਬੰਧੀਂ ਮੋਨੀਟਰਿੰਗ ਕੀਤੀ ਜਾਵੇ। ਜਿਸ 'ਤੇ ਸ੍ਰੀਮਤੀ ਗਿੱਲ ਨੇ ਦੱਸਿਆ ਕਿ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਅੰਦਰ ਆਕਸੀਜਨ ਦੇ 6 ਪਲਾਂਟ ਹਨ, ਜਿਨ੍ਹਾਂ ਦੀ ਮੋਨੀਟਰਿੰਗ ਲਈ ਆਡਿਟ ਕਮੇਟੀ ਬਣਾਈ ਗਈ ਹੈ ਅਤੇ ਜ਼ਿਲ੍ਹੇ ਵਿਚਲੇ ਇਨ੍ਹਾਂ ਆਕਸੀਜਨ ਪਲਾਂਟਾਂ 'ਚੋਂ ਪੰਜਾਬ ਦੇ 17 ਜ਼ਿਲ੍ਹਿਆਂ ਨੂੰ ਆਕਸੀਜਨ ਸਪਲਾਈ ਕੀਤੀ ਜਾਂਦੀ ਹੈ ਅਤੇ ਜ਼ਿਲ੍ਹਿਆਂ ਨੂੰ ਪਲਾਂਟ ਅਲਾਟ ਕੀਤੇ ਗਏ ਹਨ।
ਇਸੇ ਦੌਰਾਨ ਸਿਵਲ ਸਰਜਨ ਡਾ. ਮਹਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ 'ਚ ਹੁਣ ਤੱਕ ਕੁਲ 5243 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚੋਂ 523 ਐਕਟਿਵ ਕੇਸ ਹਨ ਅਤੇ ਜ਼ਿਲ੍ਹੇ 'ਚ ਹੁਣ ਤੱਕ 147 ਮੌਤਾਂ ਹੋ ਚੁੱਕੀਆਂ ਹਨ ਜਦਕਿ ਘਰੇਲੂ ਇਕਾਂਤਵਾਸ 'ਚ 484 ਮਰੀਜ ਹਨ, ਜਿਸ ਦੀ ਠੀਕ ਹੋਣ ਦੀ ਦਰ 92 ਫੀਸਦੀ ਹੈ ਅਤੇ ਲੋਕਾਂ ਦੀ ਪਾਜਿਟਿਵ ਆਉਣ ਦੀ ਦਰ 3.7 ਹੈ।
ਸ੍ਰੀ ਚੰਦਰ ਗੈਂਦ ਨੇ ਜ਼ਿਲ੍ਹਾ ਫ਼ਤਹਿਗੜ੍ਹ ਨਿਵਾਸੀਆਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ-19 ਵਿਰੁੱਧ ਅਰੰਭੇ ਮਿਸ਼ਨ ਫ਼ਤਿਹ ਦੀ ਸਫ਼ਲਤਾ ਲਈ ਕੋਰੋਨਾ ਵਾਇਰਸ ਦੀ ਲਾਗ ਤੋਂ ਬਚਣ ਲਈ ਜਰੂਰੀ ਇਹਤਿਆਤ ਵਰਤਕੇ ਆਪਣਾ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ।