ਅਰੋੜਾ ਨੇ ਉਦਯੋਗਾਂ ਨੂੰ ਉਪਲਬਧ ਆਕਸੀਜਨ ਸਿਲੰਡਰ ਹਸਪਤਾਲਾਂ ਨੂੰ ਦੇਣ ਲਈ ਕੀਤੀ ਅਪੀਲ
- ਕੋਰੋਨਾ ਵਿਰੁੱਧ ਚੱਲ ਰਹੀ ਰਾਜ ਦੀ ਲੜਾਈ ਵਿੱਚ ਨਿਰੰਤਰ ਸਹਿਯੋਗ ਦੇਣ ਲਈ ਉਦਯੋਗਾਂ ਦੀ ਕੀਤੀ ਸ਼ਲਾਘਾ
ਚੰਡੀਗੜ੍ਹ, 1 ਮਈ 2021 - ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸ਼ਨੀਵਾਰ ਨੂੰ ਦੂਜੀ ਕੋਵਡ ਲਹਿਰ ਨੂੰ ਰੋਕਣ ਲਈ ਰਾਜ ਸਰਕਾਰ ਦੀਆਂ ਕੋਸ਼ਿਸ਼ਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਲਈ ਉਦਯੋਗ ਜਗਤ ਦੀ ਸ਼ਲਾਘਾ ਕਰਦਿਆਂ ਉਦਯੋਗਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕੋਲ ਉਪਲਬਧ ਆਕਸੀਜਨ ਸਿਲੰਡਰ ਜ਼ਿਲਾ ਪ੍ਰਸ਼ਾਸਨ ਨੂੰ ਹਸਪਤਾਲਾਂ ਵਿਚ ਵਰਤਣ ਲਈ ਮੁਹੱਈਆ ਕਰਵਾਉਣ।
ਅਰੋੜਾ ਨੇ ਕਿਹਾ ਕਿ ਕੋਵਿਡ ਦੀ ਦੂਜੀ ਲਹਿਰ ਨੇ ਹਸਪਤਾਲਾਂ ਵਿੱਚ ਕੋਵਿਡ ਦੇ ਮਰੀਜ਼ਾਂ ਲਈ ਲੋੜੀਂਦੀ ਆਕਸੀਜਨ ਦੀ ਘਾਟ ਪੈਦਾ ਕਰ ਦਿੱਤੀ ਹੈ । ਉਹਨਾਂ ਕਿਹਾ ਕਿ ਆਕਸੀਜਨ ਉਤਪਾਦਕਾਂ ਤੋਂ ਹਸਪਤਾਲਾਂ ਨੂੰ ਲੋੜੀਂਦੀ ਆਕਸੀਜਨ ਦੀ ਸਪਲਾਈ ਮੁਹੱਈਆ ਕਰਵਾਉਣ ਲਈ ਸੂਬਾ ਸਰਕਾਰ ਲਗਾਤਾਰ 24 ਘੰਟੇ ਕੋਸ਼ਿਸ਼ਾਂ ਕਰ ਰਹੀ ਹੈ।
ਮੰਤਰੀ ਨੇ ਕਿਹਾ ਕਿ ਆਕਸੀਜਨ ਸਿਲੰਡਰ ਦੀ ਢੁਕਵੀਂ ਉਪਲਬਧਤਾ ਕਬਵਾਉਣਾਂ ਇਸ ਸਪਲਾਈ ਚੇਨ ਦਾ ਇਕ ਮਹੱਤਵਪੂਰਨ ਹਿੱਸਾ ਹੈ। ਅਰੋੜਾ ਨੇ ਕਿਹਾ ਕਿ ਉਦਯੋਗਿਕ ਇਕਾਈਆਂ / ਵਪਾਰੀਆਂ ਅਤੇ ਉਦਯੋਗਾਂ ਨੂੰ ਉਹਨਾਂ ਕੋਲ ਆਕਸੀਜਨ ਸਿਲੰਡਰਾਂ ਨੂੰ ਹਸਪਤਾਲਾਂ ਵਿਚ ਵਰਤਣ ਲਈ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ।
ਸਰਕਾਰ ਸਿਲੰਡਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਏਗੀ ਅਤੇ ਸਬੰਧਤ ਿੲਕਾਈਆਂ ਨੂੰ ਸਿਲੰਡਰਾਂ ਕਾਰਨ ਹੋਏ ਨੁਕਸਾਨ ਦੀ ਭਰਪਾਈ ਵੀ ਕਰੇਗੀ। ਬੁਲਾਰੇ ਨੇ ਅੱਗੇ ਦੱਸਿਆ ਕਿ ਡਿਪਟੀ ਕਮਿਸ਼ਨਰ / ਜਨਰਲ ਮੈਨੇਜਰ ਜਿਲਾ ਉਦਯੋਗ ਕੇਂਦਰਾਂ ਨੂੰ ਇਸ ਸਬੰਧ ਵਿਚ ਉਦਯੋਗ ਨਾਲ ਤਾਲਮੇਲ ਕਰਨ ਲਈ ਨਾਮਜ਼ਦ ਕੀਤਾ ਗਿਆ ਹੈ।