ਜਲੰਧਰ: ਪ੍ਰਾਈਵੇਟ ਹਸਪਤਾਲਾਂ ਨੂੰ ਅਲਾਟ ਕੀਤੇ 388 ਵਾਧੂ ਆਕਸੀਜਨ ਸਿਲੰਡਰ, ਕੁੱਲ ਵੰਡ 2385 ਤੱਕ ਪੁੱਜੀ
- ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਰਚੁਅਲ ਮੀਟਿੰਗ ਦੌਰਾਨ ਸਮੁੱਚੇ ਪ੍ਰਾਈਵੇਟ ਹਸਪਤਾਲਾਂ ਨੇ ਆਪਣੇ ਲਈ ਤੈਅ ਕੀਤਾ ਓ 2 ਕੋਟਾ
- ਕਿਹਾ, ਇਸ ਕਦਮ ਦਾ ਉਦੇਸ਼ ਸਿਹਤ ਸੰਭਾਲ ਸੰਸਥਾਵਾਂ ਦਰਮਿਆਨ ਆਕਸੀਜਨ ਦੀ ਵੰਡ ਲਈ ਆਪਸੀ ਸਹਿਮਤੀ ਵਾਲੇ ਫਾਰਮੂਲੇ ਨੂੰ ਵਿਕਸਤ ਕਰਨਾ
ਜਲੰਧਰ, 1 ਮਈ 2021 - ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਕ ਨਿਵੇਕਲੀ ਪਹਿਲਕਦਮੀ ਕਰਦਿਆਂ ਜ਼ਿਲ੍ਹੇ ਦੀਆਂ ਸਿਹਤ ਸੰਭਾਲ ਸੰਸਥਾਵਾਂ ਵਿਚ ਆਕਸੀਜਨ ਦੀ ਸਪਲਾਈ ਅਲਾਟ ਕਰਨ ਲਈ ਇਕ ਸਹਿਮਤੀ ਅਧਾਰਤ ਕਾਰਜਵਿਧੀ ਤਿਆਰ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੇ ਨਿਰਦੇਸ਼ਾਂ 'ਤੇ ਸ਼ਨੀਵਾਰ ਨੂੰ ਕੋਵਿਡ -19 ਦੇ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਸਮੁੱਚੇ ਪ੍ਰਾਈਵੇਟ ਹਸਪਤਾਲਾਂ ਦੀ ਇਕ ਵਰਚੁਅਲ ਮੀਟਿੰਗ ਕੀਤੀ ਗਈ, ਜਿੱਥੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਹਾਜ਼ਰੀ ਵਿਚ ਹਸਪਤਾਲਾਂ ਵੱਲੋਂ ਆਪਣੇ ਲਈ ਆਕਸੀਜਨ ਕੋਟਾ ਤੈਅ ਕੀਤਾ ਗਿਆ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਸਾਰੇ ਭਾਗੀਦਾਰਾਂ ਨੂੰ ਇੱਕ ਪਲੇਟਫਾਰਮ ਮੁਹੱਈਆ ਕਰਾਉਣ ਵੱਲ ਧਿਆਨ ਕੇਂਦਰਿਤ ਕੀਤਾ ਗਿਆ ਸੀ ਤਾਂ ਜੋ ਉਹ ਫੈਸਲਾ ਕਰ ਸਕਣ ਕਿ ਆਪਸੀ ਸਹਿਮਤੀ ਨਾਲ ਉਨ੍ਹਾਂ ਨੂੰ ਆਪਣੀਆਂ ਸੰਸਥਾਵਾਂ ਵਿੱਚ ਕਿੰਨੀ ਆਕਸੀਜਨ ਗੈਸ ਦੀ ਲੋੜ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮੀਟਿੰਗ ਤੋਂ ਬਾਅਦ ਮੌਜੂਦਾ ਵੰਡ ਵਿਚ 388 ਵਾਧੂ ਸਿਲੰਡਰ ਸ਼ਾਮਲ ਕੀਤੇ ਗਏ ਹਨ, ਜਿਸ ਨਾਲ ਪ੍ਰਤੀਦਿਨ ਕੁੱਲ ਸਿਲੰਡਰ 2385 ਹੋ ਗਏ ਹਨ, ਜੋ ਕਿ ਪਹਿਲਾਂ 1997 ਸਨ। ਸ਼੍ਰੀ ਥੋਰੀ ਨੇ ਮੀਟਿੰਗ ਦੌਰਾਨ ਦੱਸਿਆ ਕਿ ਜ਼ਿਲ੍ਹੇ ਨੂੰ ਤਰਲ ਆਕਸੀਜਨ ਦੀ ਸਪਲਾਈ ਅਨੁਸਾਰ ਕੁਲ ਵੰਡ ਨੂੰ ਮੁੜ ਵਿਵਸਥਿਤ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਸਪਤਾਲਾਂ ਵੱਲੋਂ ਮੰਗ ਕੀਤੀ ਗਈ ਸੀ ਕਿ ਉਨ੍ਹਾਂ ਦੀ ਖਪਤ ਅਨੁਸਾਰ ਆਕਸੀਜਨ ਕੋਟਾ ਦੁਬਾਰਾ ਤੈਅ ਕੀਤਾ ਜਾਵੇ ਅਤੇ ਇਸ ਮਸਲੇ ਨੂੰ ਹੱਲ ਕਰਨ ਲਈ ਸਮੁੱਚੇ ਹਸਪਤਾਲਾਂ ਦੀ ਮੀਟਿੰਗ ਬੁਲਾਈ ਗਈ। ਉਨ੍ਹਾਂ ਅੱਗੇ ਦੱਸਿਆ ਕਿ ਆਕਸੀਜਨ ਸਪਲਾਈ ਨੂੰ ਵਧੇਰੇ ਸੰਤੁਲਿਤ ਬਣਾਉਣ ਲਈ ਸਹਿਮਤੀ-ਅਧਾਰਤ ਅਲਾਟਮੈਂਟ ਵਿਧੀ ਤਿਆਰ ਕੀਤੀ ਗਈ ਹੈ, ਜਿਸ 'ਤੇ ਸਮੁੱਚੀਆਂ ਮੈਡੀਕਲ ਸੰਸਥਾਵਾਂ ਵੱਲੋਂ ਸਹਿਮਤੀ ਦਿੱਤੀ ਗਈ ਹੈ। ਮੀਟਿੰਗ ਦੌਰਾਨ ਆਕਸੀਜਨ ਦੀ ਖਪਤ ਨੂੰ ਘੱਟ ਕਰਨ ਦੇ ਉਤਮ ਤਰੀਕਿਆਂ ਬਾਰੇ ਵੀ ਵਿਚਾਰ- ਵਟਾਂਦਰਾ ਕੀਤਾ ਗਿਆ ਤਾਂ ਜੋ ਇਸ ਕੀਮਤੀ ਜੀਵਨ ਰੱਖਿਅਕ ਗੈਸ ਦੀ ਬਰਬਾਦੀ ਤੋਂ ਬਚਿਆ ਜਾ ਸਕੇ। ਮੀਟਿੰਗ ਦੌਰਾਨ ਕੁਝ ਪ੍ਰਾਈਵੇਟ ਹਸਪਤਾਲਾਂ ਵਿੱਚ ਆਕਸੀਜਨ ਆਡਿਟ ਦੀਆਂ ਟਿੱਪਣੀਆਂ ਵੀ ਸਾਂਝੀਆਂ ਕੀਤੀਆਂ ਗਈਆਂ ਅਤੇ ਅਧਿਕਾਰੀਆਂ ਵੱਲੋਂ ਮੈਡੀਕਲ ਭਾਈਚਾਰੇ ਨੂੰ ਅਜਿਹੇ ਢੰਗ ਅਪਨਾਉਣ ਦੀ ਅਪੀਲ ਕੀਤੀ ਗਈ, ਜਿਸ ਨਾਲ ਇਸ ਗੈਸ ਦੀ ਬੱਚਤ ਹੋ ਸਕੇ ।
ਡਿਪਟੀ ਕਮਿਸ਼ਨਰ ਨੇ ਆਈ.ਐਮ.ਏ. ਦੇ ਪ੍ਰਧਾਨ ਡਾ. ਨਵਜੋਤ ਦਹੀਆ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਜੋਤੀ ਵੱਲੋਂ ਆਕਸੀਜਨ ਵੰਡ ਵਿੱਚ ਆਪਸੀ ਸਹਿਮਤੀ ਨਾਲ ਕਾਰਵਿਧੀ ਤਿਆਰ ਕਰਨ ਵਾਸਤੇ ਸਮੁੱਚੇ ਭਾਗੀਦਾਰਾਂ ਨੂੰ ਇਕ ਮੰਚ ‘ਤੇ ਲਿਆਉਣ ਲਈ ਕੀਤੇ ਗਏ ਉਪਰਾਲਿਆਂ ਦੀ ਪ੍ਰਸ਼ੰਸਾ ਕੀਤੀ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ, ਸਿਵਲ ਸਰਜਨ ਡਾ. ਬਲਵੰਤ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਜੋਤੀ ਅਤੇ ਜ਼ਿਲ੍ਹੇ ਭਰ ਦੇ ਡਾਕਟਰ ਅਤੇ ਨਰਸਿੰਗ-ਹੋਮ ਮਾਲਕ ਸ਼ਾਮਲ ਸਨ।