ਐਸ ਐਚ ਓ ਰਾਜੇਸ਼ ਕੁਮਾਰ ਨੇ ਸਿਹਤ ਵਿਭਾਗ ਦੀ ਟੀਮ ਨਾਲ ਕੋਰੋਨਾ ਚੈਕਿੰਗ ਕਰਵਾਈ
ਮਨਿੰਦਰਜੀਤ ਸਿੱਧੂ
ਜੈਤੋ, 1 ਮਈ, 2021 - ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦੇ ਬੇਕਾਬੂ ਹੋਣ ਦੇ ਨਾਲ ਹਰ ਰੋਜ ਲੱਖਾਂ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ।ਹਸਪਤਾਲਾਂ ਵਿੱਚ ਮਰੀਜਾਂ ਨੂੰ ਵੈਂਟੀਲੇਟਰ ਤਾਂ ਕੀ ਸਾਧਾਰਨ ਬੈੱਡ ਵੀ ਨਸੀਬ ਨਹੀਂ ਹੋ ਰਹੇ।ਲੋਕਾਂ ਦੇ ਆਕਸੀਜਨ ਦੀ ਕਮੀ ਨਾਲ ਦਮ ਘੁੱਟ ਕੇ ਮਰਨ ਦੀ ਖਬਰਾਂ ਅਸੀਂ ਸਾਰੇ ਨਿਊਜ ਚੈਨਲਾਂ ਤੇ ਦੇਖ ਰਹੇ ਹਨ।ਪੰਜਾਬ ਸਰਕਾਰ ਦੁਆਰਾ ਕੋਰੋਨਾ ਦੀ ਲਹਿਰ ਨੂੰ ਥੰਮਣ ਲਈ ਸ਼ਨੀਵਾਰ ਅਤੇ ਐਤਵਾਰ ਦੇ ਲਾਕਡਾਊਨ ਦਾ ਐਲਾਨ ਕੀਤਾ ਗਿਆ, ਜਿਸ ਦੌਰਾਨ ਪੰਜਾਬ ਦੇ ਹੋਰਨਾਂ ਹਿੱਸਿਆਂ ਵਾਂਗ ਜੈਤੋ ਮੰਡੀ ਦੇ ਬਜਾਰਾਂ ਵਿੱਚ ਪੂਰਨ ਤੌਰ ਤੇ ਸੁੰਨ ਪਸਰੀ ਰਹੀ।ਇਸ ਹਫਤਾਵਰੀ ਲਾਕਡਾਊਨ ਦੌਰਾਨ ਜੈਤੋ ਦੇ ਥਾਣਾ ਮੁਖੀ ਇੰਸਪੈਕਟਰ ਰਾਜੇਸ਼ ਕੁਮਾਰ ਵੱਲੋਂ ਸਿਹਤ ਵਿਭਾਗ ਦੀ ਟੀਮ ਨਾਲ ਮਿਲ ਕੇ ਸਥਾਨਕ ਸ਼ੀ੍ਰ ਮੁਕਤਸਰ ਸਾਹਿਬ ਰੋਡ ਉੱਪਰ ਕੋਰੋਨਾ ਮਹਾਂਮਾਰੀ ਚੈੱਕਅੱਪ ਕੈਂਪ ਲਗਵਾਇਆ ਅਤੇ ਇਸ ਦੌਰਾਨ ਦਰਜਨਾਂ ਲੋਕਾਂ ਦੇ ਕੋਵਿਡ 19 ਦੇ ਸੈਂਪਲ ਲਏ ਗਏ।
ਇਸ ਮੌਕੇ ਐੱਸ.ਐੱਚ.ਓ ਰਾਜੇਸ਼ ਕੁਮਾਰ ਨੇ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਾਅ ਲਈ ਅਤੇ ਇਸ ਨੂੰ ਫੈਲ਼ਣ ਤੋਂ ਰੋਕਣ ਲਈ ਟੈਸਟਿੰਗ ਅਤੇ ਟੀਕਾਕਰਨ ਕਰਵਾਉਣ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਪੁਲਿਸ ਅਤੇ ਸਿਹਤ ਵਿਭਾਗ ਦੇ ਮੁਲਾਜ਼ਮ ਆਪਣੀਆਂ ਜਾਨਾਂ ਜੋਖਮ ਵਿੱਚ ਪਾ ਆਮ ਲੋਕਾਂ ਦੀ ਸੇਵਾ ਵਿੱਚ ਜੁਟੇ ਹੋਏ ਹਨ। ਲੋਕਾਂ ਦਾ ਵੀ ਫਰਜ ਬਣਦਾ ਹੈ ਕਿ ਉਹ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਨੂੰ ਮੰਨ ਆਪਣੇ ਆਪ ਅਤੇ ਆਪਣੇ ਆਲੇ ਦੁਆਲੇ ਦੇ ਲੋਕਾਂ ਨੂ ਸੁਰੱਖਿਤ ਰੱਖਣ।