ਕੋਰੋਨਾ ਪਾਜ਼ੀਟਿਵ ਸਰਕਾਰੀ ਡਾਕਟਰ ਪ੍ਰਾਈਵੇਟ ਕਲੀਨਿਕ ’ਚ ਕਰ ਰਿਹਾ ਸੀ ਮਰੀਜ਼ ਚੈਕ, ਵੀਡੀਓ ਵਾਇਰਲ
ਰਾਜਵੰਤ ਸਿੰਘ
- ਲੋਕ ਇਨਸਾਫ ਪਾਰਟੀ ਦਾ ਦੋਸ਼, ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਕੀਤੀ
- ਸੀਨੀਅਰ ਮੈਡੀਕਲ ਅਫਸਰ ਨੂੰ ਮਾਮਲੇ ’ਚ ਰਿਪੋਰਟ ਕਰਨ ਲਈ ਕਿਹਾ-ਸਿਵਲ ਸਰਜਨ
ਸ੍ਰੀ ਮੁਕਤਸਰ ਸਾਹਿਬ, 1 ਮਈ 2021-ਕੋਰੋਨਾ ਦੇ ਇਸ ਦੌਰ ਵਿਚ ਕੋਰੋਨਾ ਪੀੜਿਤਾਂ ਤੋਂ ਕਿਵੇ ਸੋਸ਼ਲ ਡਿਸਟੈਂਸ ਬਣਾ ਕੇ ਰੱਖਣਾ, ਕੋਰੋਨਾ ਪੀੜਤ ਆਉਣ ’ਤੇ ਮਰੀਜ ਨੇ ਖੁਦ ਨੂੰ ਕਿਸ ਤਰਾਂ ਕੋਰੋਨਟਾਈਨ ਕਰਨਾ, ਇਹ ਸਭ ਸਾਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਰਾਹੀ ਸਮਝਾਇਆ ਜਾਂਦਾ ਹੈ, ਪਰ ਜੇਕਰ ਸਿਹਤ ਵਿਭਾਗ ਅਧੀਨ ਕੰਮ ਕਰ ਰਿਹਾ ਡਾਕਟਰ ਹੀ ਕੋਰੋਨਾ ਪਾਜੇਟਿਵ ਆਉਣ ਉਪਰੰਤ ਉਸੇ ਤਰਾਂ ਪ੍ਰਾਈਵੇਟ ਕਲੀਨਿਕ’ ਚ ਮਰੀਜ ਚੈਕਅਪ ਕਰੇ ਤਾਂ ਵਿਭਾਗ ਕੀ ਕਰੇਗਾ।
ਅਜਿਹਾ ਕੁੱਝ ਸਾਹਮਣੇ ਨਜਰ ਆਇਆ ਸ੍ਰੀ ਮੁਕਤਸਰ ਸਾਹਿਬ ਵਿਖੇ ਜਿੱਥੇ ਲੋਕ ਇਨਸਾਫ ਪਾਰਟੀ ਦੇ ਅਹੁਦੇਦਾਰਾਂ ਇਹ ਖੁਲਾਸਾ ਕੀਤਾ ਹੈ। ਲੋਕ ਇਨਸਾਫ ਪਾਰਟੀ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਵੱਲੋ ਕਰੋਨਾ ਪਾਜੀਟਿਵ, ਸਰਕਾਰੀ ਡਾਕਟਰ ਨੂੰ ਨਿੱਜੀ ਕਲੀਨਿਕ ’ਚ ਮਰੀਜ ਚੈੱਕ ਕਰਦੇ ਹੋਏ ਮੌਕੇ ’ਤੇ ਕਾਬੂ ਕੀਤਾ ਗਿਆ। ਇਸ ਸਬੰਧੀ ਸ਼ੋੋਸਲ ਮੀਡੀਆ ’ਤੇ ਵੀਡੀਓ ਵਾਇਰਲ ਕੀਤੀ ਗਈ, ਜਿਸ ਵਿਚ ਡਾਕਟਰ ਆਪਣੀ ਗਲਤੀ ਵੀ ਮੰਨ ਰਿਹਾ ਹੈ। ਲੋਕ ਇਨਸਾਫ ਪਾਰਟੀ ਦੇ ਅਹੁਦੇਦਾਰਾਂ ਅਨੁਸਾਰ ਇਹ ਡਾਕਟਰ ਭਾਰਤ ਭੂਸ਼ਣ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਹਸਪਤਾਲ ’ਚ ਸਰਜਰੀ ਦਾ ਮਾਹਿਰ ਹੈ। ਇਸਦੀ 18 ਅਪ੍ਰੈਲ ਨੂੰ ਕੋਰੋਨਾ ਪਾਜੇਟਿਵ ਰਿਪੋਰਟ ਆਈ ਅਤੇ ਇਹ ਛੁੱਟੀ ’ਤੇ ਹੈ ਪਰ ਪ੍ਰਾਈਵੇਟ ਕਲੀਨਿਕ ਵਿਚ ਮਰੀਜ ਚੈਕ ਕਰ ਰਿਹਾ ਹੈ।
ਇਸ ਕਾਰਵਾਈ ਲਈ ਲੋਕ ਇਨਸਾਫ ਪਾਰਟੀ ਦੇ ਜਿਲਾ ਪ੍ਰਧਾਨ ਭਾਈ ਧਰਮਜੀਤ ਸਿੰਘ ਬੌਨੀਂ ਬੇਦੀ ਅਤੇ ਧਾਰਮਿਕ ਵਿੰਗ ਦੇ ਸੀਨੀ ਆਗੂ ਭਾਈ ਮਨਿੰਦਰ ਸਿੰਘ ਖਾਲਸਾ ਹਾਜ਼ਰ ਸਨ। ਇਸ ਮਾਮਲੇ ’ਚ ਸਿਵਲ ਸਰਜਨ ਡਾ. ਰੰਜੂ ਸਿੰਗਲਾ ਨੇ ਕਿਹਾ ਕਿ ਇਸ ਮਾਮਲੇ ’ਚ ਉਨਾਂ ਸੀਨੀਅਰ ਮੈਡੀਕਲ ਅਫਸਰ ਨੂੰ ਪੜਤਾਲ ਕਰਕੇ ਲਿਖਤੀ ਰਿਪੋਰਟ ਲਈ ਆਖਿਆ ਹੋ, ਜੋ ਵੀ ਪੜਤਾਲ ’ਚ ਸਾਹਮਣੇ ਆਵੇਗਾ ਉਸ ਤਰਾਂ ਦੀ ਕਾਰਵਾਈ ਕੀਤੀ ਜਾਵੇਗੀ।