ਫਿਰੋਜ਼ਪੁਰ ਪੁਲਿਸ ਵਲੋਂ ਪੰਚਾਇਤਾਂ/ਵਾਰਡਾਂ ਦੇ ਸਰਪੰਚਾਂ/ਐਮ.ਸੀਜ਼ ਨੂੰ ਅਪਣੇ ਏਰੀਏ ਵਿੱਚ ਠੀਕਰੀ ਪਹਰੇ ਲਗਾਉਣ ਦੇ ਹੁਕਮ
ਗੌਰਵ ਮਾਣਿਕ
- ਹੁਣ ਤੱਕ ਕੁੱਲ 21 ਮੁਕੱਦਮੇਂ ਦਰਜ਼ ਕਰਕੇ 30 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ - ਐਸ ਐਸ ਪੀ ਫਿਰੋਜ਼ਪੁਰ
- ਮਾਸਕ ਨਾ ਪਹਿਨਣ ਵਾਲੇ 1506 ਵਿਅਕਤੀਆਂ ਦੇ ਚਲਾਨ ਕੀਤੇ ਗਏ ਅਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਨਾਕਿਆਂ ਪਰ 11,691 ਵਿਅਕਤੀਆਂ ਦੇ ਕੀਤੇ ਗਏ ਆਰ.ਟੀ.ਪੀ.ਸੀ.ਆਰ ਟੈਸਟ
ਫਿਰੋਜ਼ਪੁਰ 1 ਮਈ 2021 ---ਫਿਰੋਜ਼ਪੁਰ ਵਿੱਚ ਪੁਲੀਸ ਵੱਲੋਂ ਕੋਰੋਨਾ ਦੀ ਰੋਕਥਾਮ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਇਸ ਬਾਬਤ ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਫਿਰੋਜ਼ਪੁਰ ਨੇ ਇਕ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਕੋਵਿਡ-19 ਦੀ ਦੂਸਰੀ ਲਹਿਰ ਦੇ ਵੱਧ ਰਹੇ ਪ੍ਰਕੋਪ ਸਬੰਧੀ ਪੰਜਾਬ ਸਰਕਾਰ ਅਤੇ ਉਚ ਅਫਸਰਾਨ ਪਾਸੋਂ ਸਮੇਂ ਸਮੇਂ ਸਿਰ ਮੋਸੂਲ ਹੋਈਆਂ ਹਦਾਇਤਾਂ ਅਨੁਸਾਰ ਕਰੋਨਾ ਮਹਾਂਮਾਰੀ ਦਾ ਕਹਿਰ ਬਹੁਤ ਜਿਆਦਾ ਵੱਧ ਰਿਹਾ ਹੈ, ਜਿਸ ਕਰਕੇ ਹਰ ਰੋਜ਼ ਬਹੁਤ ਜਿਆਦਾ ਨਵੇਂ ਕੇਸ ਸਾਹਮਣੇ ਆ ਰਹੇ ਹਨ ਅਤੇ ਕਾਫੀ ਲੋਕ ਇਸ ਬਿਮਾਰੀ ਕਰਕੇ ਆਪਣੀ ਜਾਨ ਗਵਾ ਚੁੱਕੇ ਹਨ।
ਲੋਕਾਂ ਨੂੰ ਇਸ ਭਿਆਨਕ ਮਹਾਂਮਾਰੀ ਤੋਂ ਬਚਾਅ ਕਰਨ ਲਈ ਹਰ ਸਮੇਂ ਜਨਤਕ ਥਾਵਾਂ ਤੇ ਆਉਣ-ਜਾਣ ਵਕਤ ਮਾਸਕ ਪਾਉਣਾ ਬਹੁਤ ਜਰੂਰੀ ਹੈ, ਮਾਸਕ ਪਾਉਣ ਨਾਲ
ਹੀ ਇਸ ਭਿਆਨਕ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਉਕਤ ਹਦਾਇਤਾਂ ਦੀ ਪਾਲਣਾ ਕਰਾਉਣ ਸਬੰਧੀ ਜਿਲ੍ਹਾ ਫਿਰੋਜ਼ਪੁਰ ਦੀਆਂ ਸਮੂਹ ਪੰਚਾਇਤਾਂ/ਵਾਰਡਾਂ ਦੇ ਸਰਪੰਚਾਂ/ਐਮ.ਸੀਜ਼ ਤੋਂ ਮਤੇ ਪੁਵਾਏ ਗਏ ਹਨ ਕਿ ਉਹ ਪਿੰਡ ਵਿੱਚ ਆਉਣ ਜਾਣ ਵਾਲੇ ਮੁੱਖ ਰਸਤਿਆਂ ਤੇ ਠੀਕਰੀ ਪਹਿਰੇ ਲਗਾਉਣਗੇ ਅਤੇ ਬਿਨਾਂ ਮਾਸਕ ਵਾਲੇ ਵਿਅਕਤੀਆਂ ਨੂੰ ਪਿੰਡ ਵਿੱਚ ਨਹੀਂ ਆਉਣ ਦਿੱਤਾ ਜਾਵੇਗਾ ਤਾਂ ਜੋ ਇਸ ਭਿਆਨਕ ਮਹਾਂਮਾਰੀ ਬਿਮਾਰੀ ਨੂੰ ਹੋਰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ।
ਇਸ ਤੋਂ ਇਲਾਵਾ ਜਿਲ੍ਹਾ ਫਿਰੋਜ਼ਪੁਰ ਦੀ ਪੁਲਿਸ ਵੱਲੋਂ ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੀਆਂ ਜਾਰੀ ਹਦਾਇਤਾਂ ਦੀ ਪਾਲਣਾ ਸਖਤੀ ਨਾਲ ਕਰਵਾਈ ਜਾ ਰਹੀ ਹੈ, ਜਿਸ ਮੁਤਾਬਿਕ ਸ਼ੋਸ਼ਲ ਡਿਸਟੈਸਿੰਗ, ਕਰਫਿਊ ਦੀ ਪਾਲਣਾ, ਆਰ.ਟੀ.ਪੀ.ਸੀ.ਆਰ ਟੈਸਟ ਕਰਵਾਏ ਜਾ ਰਹੇ ਹਨ। ਕੋਵਿਡ-19 ਸਬੰਧੀ ਹਦਾਇਤਾਂ ਅਤੇ ਮਾਸਕ ਨੂੰ ਲਾਜ਼ਮੀ ਪਹਿਣਨ ਸਬੰਧੀ ਜਨਤਕ ਥਾਵਾਂ ਪਰ ਲਾਊਡ ਸਪੀਕਰ ਰਾਂਹੀ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਫਰੀ ਮਾਸਕ ਵੰਡੇ ਜਾ ਰਹੇ ਹਨ। ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਵਿਰੁੱਧ ਮਿਤੀ 19-03-2021 ਤੋਂ ਲੈ ਕੇ ਹੁਣ ਤੱਕ ਕੁੱਲ 21 ਮੁਕੱਦਮੇਂ ਦਰਜ਼ ਕਰਕੇ 30 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਮਾਸਕ ਨਾ ਪਹਿਨਣ ਵਾਲੇ 1506 ਵਿਅਕਤੀਆਂ ਦੇ ਚਲਾਨ ਕੀਤੇ ਗਏ ਅਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਨਾਕਿਆਂ ਪਰ 11,691 ਵਿਅਕਤੀਆਂ ਦੇ ਆਰ.ਟੀ.ਪੀ.ਸੀ.ਆਰ ਟੈਸਟ ਕਰਵਾਏ ਗਏ।