ਐਸ.ਡੀ.ਐਮ. ਮਲੇਰਕੋਟਲਾ ਵੱਲੋਂ ਪਲਸ ਆਕਸੀਮੀਟਰ ਵਾਪਸ ਜਮ੍ਹਾਂ ਕਰਵਾਉਣ ਦੀ ਅਪੀਲ
- ਪਿਛਲੇ ਸਾਲ ਕੋਰੋਨਾ ਮਹਾਂਮਾਰੀ ਦੌੌਰਾਨ ਕੋਵਿਡ ਪ੍ਰਭਾਵਿਤ ਮਰੀਜ਼ਾਂ ਨੂੰ ਦਿੱਤੀਆਂ ਗਈਆਂ ਸਨ ਕੋਰੋਨਾ ਫ਼ਤਿਹ ਕਿੱਟਾਂ
ਮਲੇਰਕੋਟਲਾ, 1 ਮਈ 2021 - ਐਸ.ਡੀ.ਐਮ. ਮਲੇਰਕੋਟਲਾ ਟੀ. ਬੈਨਿਥ, ਆਈ.ਏ.ਐਸ., ਨੇ ਸਬ ਡਵੀਜ਼ਨ ਮਲੇਰਕੋਟਲਾ ਦੇ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਕੋਰੋਨਾ ਮਹਾਂਮਾਰੀ ਦੌੌਰਾਨ ਕੋਵਿਡ 19 ਪ੍ਰਭਾਵਿਤ ਮਰੀਜ਼ਾਂ ਨੂੰ ਬਿਹਤਰ ਡਾਕਟਰੀ ਦੇਖਭਾਲ ਮੁਹੱਈਆ ਕਰਵਾਉਣ ਦੇ ਉਦੇਸ਼ ਨੂੰ ਮੁੱਖ ਰੱਖਦੇ ਹੋਏ ਘਰਾਂ ਵਿਚ ਏਕਾਂਤਵਾਸ ਕੀਤੇ ਗਏ ਮਰੀਜ਼ਾਂ ਨੂੰ ਕੋਰੋਨਾ ਫ਼ਤਿਹ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ ਸਨ। ਇਸ ਕਿੱਟ ਵਿਚ ਪਲਸ ਆਕਸੀਮੀਟਰ, ਸਟੀਮ, ਡਿਜੀਟਲ ਥਰਮਾਮੀਟਰ, ਦਵਾਈਆਂ, ਮਾਸਕ ਤੋਂ ਇਲਾਵਾ ਕੋਵਿਡ—19 ਨਾਲ ਸਬੰਧਤ ਦਵਾਈਆਂ ਅਤੇ ਇਲਾਜ ਲਈ ਜਾਗਰੂਕਤਾ ਸਮੱਗਰੀ ਦਿੱਤੀ ਗਈ ਸੀ।
ਐਸ.ਡੀ.ਐਮ. ਮਲੇਰਕੋਟਲਾ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਕੋਪ ਨੂੰ ਵੇਖਦੇ ਹੋਏ ਨਵੇਂ ਪਲਸ ਆਕਸੀਮੀਟਰਾਂ ਦੀ ਬਹੁਤ ਘਾਟ ਮਹਿਸੂਸ ਹੋ ਰਹੀ ਹੈ।ਸ੍ਰੀ ਬੈਨਿਥ ਨੇ ਸਬ ਡਵੀਜ਼ਨ ਮਲੇਰਕੋਟਲਾ ਦੇ ਸਾਰੇ ਅਜਿਹੇ ਵਿਅਕਤੀਆਂ ਜਿਨ੍ਹਾਂ ਨੂੰ ਪਿਛਲੇ ਸਾਲ ਕੋਰੋਨਾ ਹੋ ਗਿਆ ਸੀ ਅਤੇ ਉਨ੍ਹਾਂ ਨੇ ਪਲਸ ਆਕਸੀਮੀਟਰ ਪ੍ਰਾਪਤ ਕੀਤੇ ਸਨ ਅਤੇ ਹੁਣ ਉਹ ਪੂਰੀ ਤਰ੍ਹਾਂ ਠੀਕ ਹੋ ਚੁਕੇ ਹਨ, ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਨੈਤਿਕ ਜਿ਼ੰਮੇਵਾਰੀ ਸਮਝਦੇ ਹੋਏ ਅਤੇ ਇਕ ਜਿ਼ੰਮੇਵਾਰ ਨਾਗਰਿਕ ਦਾ ਸਬੂਤ ਦਿੰਦੇ ਹੋਏ ਇਹ ਪਲਸ ਆਕਸੀਮੀਟਰ ਐਸ.ਡੀ.ਐਮ. ਦਫਤਰ ਮਾਲੇਰਕੋਟਲਾ ਵਿਚ ਜਮ੍ਹਾਂ ਕਰਵਾਉਣ ਤਾਂ ਜੋ ਇਨ੍ਹਾਂ ਆਕਸੀਮੀਟਰਾਂ ਨੂੰ ਸੈਨੇਟਾਇਜ਼ ਕਰਕੇ ਘਰਾਂ ਵਿਚ ਏਕਾਂਤਵਾਸ ਕੋਵਿਡ—19 ਮਰੀਜ਼ਾਂ ਨੂੰ ਮੁਹੱਈਆ ਕਰਵਾਇਆ ਜਾ ਸਕੇ।
ਬੈਨਿਥ ਨੇ ਕਿਹਾ ਕਿ ਆਕਸੀਮੀਟਰ ਵਾਪਸ ਕਰਨ ਦੇ ਚਾਹਵਾਨ ਵਿਅਕਤੀ ਇਸ ਸਬੰਧੀ ਫੋਨ ਨੰਬਰ 01675—253025 ਉਪਰ ਸੰਪਰਕ ਕਰ ਸਕਦੇ ਹਨ।ਉਨ੍ਹਾਂ ਸਬ ਡਵੀਜ਼ਨ ਮਲੇਰਕੋਟਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਸ਼ਕਿਲ ਦੀ ਘੜੀ ਵਿਚ ਅੱਗੇ ਆਉਣ ਅਤੇ ਕੋਵਿਡ—19 ਪ੍ਰਭਾਵਿਤ ਮਰੀਜ਼ਾਂ ਦੀ ਮਦਦ ਕਰਕੇ ਕੋਰੋਨਾ ਮਹਾਂਮਾਰੀ ਨੂੰ ਖਤਮ ਕਰਨ ਵਿਚ ਆਪਣਾ ਸਹਿਯੋਗ ਦੇਣ।