ਐਸ.ਏ.ਐਸ. ਨਗਰ: ਜ਼ਿਲ੍ਹਾ ਪ੍ਰਸ਼ਾਸਨ ਨੇ ਪ੍ਰਾਈਵੇਟ ਹਸਪਤਾਲਾਂ ਨੂੰ ਸੌਂਪੇ 8 ਵੈਂਟੀਲੇਟਰ
ਹਰਜਿੰਦਰ ਸਿੰਘ ਭੱਟੀ
ਐਸ.ਏ.ਐਸ. ਨਗਰ: 30 ਅਪ੍ਰੈਲ 2021 - ਜ਼ਿਲ੍ਹਾ ਪ੍ਰਸ਼ਾਸਨ ਨੇ ਸਿਵਲ ਹਸਪਤਾਲ ਮੁਹਾਲੀ ਕੋਲ ਪਏ ਅੱਠ ਵੈਂਟੀਲੇਟਰ ਪ੍ਰਾਈਵੇਟ ਹਸਪਤਾਲਾਂ ਨੂੰ ਸੌਂਪ ਦਿੱਤੇ ਹਨ। ਮੈਕਸ ਅਤੇ ਫੋਰਟਿਸ ਹਸਪਤਾਲ ਮੁਹਾਲੀ ਨੂੰ ਚਾਰ-ਚਾਰ ਵੈਂਟੀਲੇਟਰ ਮੁਹੱਈਆ ਕਰਵਾਏ ਗਏ ਹਨ ਜਿਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਕਾਰਜ ਵਿੱਚ ਲਗਾਇਆ ਜਾਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਪੀ.ਐਮ. ਕੇਅਰਜ਼ ਅਧੀਨ ਇਹ ਵੈਂਟੀਲੇਟਰ ਪ੍ਰਾਪਤ ਹੋਏ ਸਨ ਪਰ ਤਕਨੀਕੀ ਕਮੀਂ ਕਰਕੇ ਇਨ੍ਹਾਂ ਨੂੰ ਕਾਰਜ ਵਿੱਚ ਨਹੀਂ ਲਗਾਇਆ ਜਾ ਸਕਿਆ।ਇਸ ਤਰ੍ਹਾਂ ਇਨ੍ਹਾਂ ਵੈਂਟੀਲੇਟਰਾਂ ਨੂੰ ਵਰਤੋਂ ਵਿੱਚ ਨਹੀਂ ਲਿਆਂਦਾ ਜਾ ਸਕਿਆ। ਇਹ ਵੈਂਟੀਲੇਟਰ ਮੁਹਾਲੀ ਮੈਡੀਕਲ ਕਾਲਜ ਵਿਚ ਵਰਤੇ ਜਾਣੇ ਸਨ। ਕਾਲਜ ਲਈ ਮਨੁੱਖੀ ਸਰੋਤਾਂ ਦੀ ਭਰਤੀ ਅਤੇ ਬੁਨਿਆਦੀ ਢਾਂਚੇ ਦੇ ਨਿਰਮਾਣ ਦੀ ਪ੍ਰਕਿਰਿਆ ਜਾਰੀ ਹੈ ਪਰ ਜਦੋਂ ਤੱਕ ਫੈਕਲਟੀ ਜੁਆਇਨ ਕਰਦੀ ਹੈ ਅਤੇ ਹੋਰ ਵਿਵਸਥਾਵਾਂ ਕੀਤੀਆਂ ਜਾਂਦੀਆਂ ਹਨ ਤਾਂ ਇਨ੍ਹਾਂ ਮਸ਼ੀਨਾਂ ਦੀ ਸਰਬੋਤਮ ਵਰਤੋਂ ਲਈ ਇਹ ਵੈਂਟੀਲੇਟਰ ਫਿਲਹਾਲ ਲਈ ਨਿੱਜੀ ਹਸਪਤਾਲਾਂ ਨੂੰ ਸੌਂਪੇ ਗਏ ਹਨ ਤਾਂ ਜੋ ਮਹਾਂਮਾਰੀ ਵਿੱਚ ਉਭਾਰ ਕਰਕੇ ਦਰਪੇਸ਼ ਚੁਣੌਤੀਆਂ ਨਾਲ ਕਾਰਗਰ ਢੰਗ ਨਾਲ ਨਜਿੱਠਿਆ ਜਾ ਸਕੇ।