ਕੋਵਿਡ ਵੈਕਸੀਨ ਦੇ ਸਰਟੀਫਿਕੇਟ ਤੇ ਪ੍ਰਧਾਨ ਮੰਤਰੀ ਦੀ ਫ਼ੋਟੋ ਨੂੰ ਲੈ ਕੇ ਭੜਕੇ ਕਾਦੀਆਂ ਵਾਸੀ
ਚੌਧਰੀ ਮਨਸੂਰ ਘਨੋਕੇ
ਕਾਦੀਆਂ 30 ਅਪ੍ਰੈਲ 2021 - ਕੋਵਿਡ ਵੈਕਸੀਨ ਦੀ ਦੋ ਡੋਜ਼ ਲੈਣ ਵਾਲਿਆਂ ਨੂੰ ਜਿਹੜਾ ਸਰਟੀਫਿਕੇਟ ਦਿੱਤਾ ਜਾ ਰਿਹਾ ਹੈ ਉਸ ਸਰਟੀਫਿਕੇਟ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਨੂੰ ਲੈ ਕੇ ਕਾਦੀਆਂ ਵਾਸੀਆਂ ਚ ਕਾਫ਼ੀ ਗ਼ੁੱਸਾ ਪਾਇਆ ਜਾ ਰਿਹਾ ਹੈ। ਨਗਰ ਸੇਵਕ ਸੰਸਥਾ ਦੇ ਚੇਅਰਮੈਨ ਬਲਵਿੰਦਰ ਸਿੰਘ ਮਿੰਟੂ ਬਾਜਵਾ ਨੇ ਕਿਹਾ ਹੈ ਕਿ ਕੇਂਦਰ ਚ ਭਾਜਪਾ ਦੀ ਸਰਕਾਰ ਕੋਰੋਨਾ ਮਹਾਂਮਾਰੀ ਚ ਵੀ ਸਿਆਸਤ ਕਰਨ ਤੋਂ ਬਾਜ਼ ਨਹੀਂ ਆ ਰਹੀ ਹੈ।
ਉਨ੍ਹਾਂ ਕਿਹਾ ਕਿ ਲੱਖਾਂ ਲੋਕ ਕੋਰੋਨਾ ਕਾਰਨ ਦੇਸ਼ ਚ ਮਰ ਚੁੱਕੇ ਹਨ। ਅਤੇ ਲੱਖਾਂ ਦੀ ਗਿਣਤੀ ਚ ਮਰੀਜ਼ਾਂ ਨੂੰ ਆਕਸੀਜਨ ਗੈਸ ਦੀ ਲੋੜ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਜਾਏ ਇਸ ਪਾਸੇ ਧਿਆਨ ਦੇਣ ਦੇ ਆਪਣੀ ਚੜ੍ਹਤ ਲਈ ਬਿਮਾਰੀ ਦੇ ਨਾਂ ਤੇ ਵੀ ਸਿਆਸਤ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਦੁਨੀਆ ਭਰ ਚ ਕੋਰੋਨਾ ਮਹਾਂਮਾਰੀ ਦੇ ਚਲਦੀਆਂ ਕੋਵਿਡ ਵੈਕਸੀਨ ਲਗਾਈ ਜਾ ਰਹੀ ਹੈ। ਪਰ ਦੁਨੀਆ ਦੇ ਇੱਕ ਵੀ ਅਜਿਹਾ ਦੇਸ਼ ਨਹੀਂ ਹੈ ਜਿੱਥੇ ਦੇ ਪ੍ਰਮੁੱਖ ਵੱਲੋਂ ਕੋਵਿਡ ਵੈਕਸੀਨ ਸਰਟੀਫਿਕੇਟ ਚ ਉਸ ਦੇਸ਼ ਦੇ ਸ਼ਾਸਕ ਦੀ ਫ਼ੋਟੋ ਲੱਗੀ ਹੋਵੇ।
ਉਨ੍ਹਾਂ ਕਿਹਾ ਕਿ ਇਸ ਤੋਂ ਸਾਫ਼ ਜ਼ਾਹਿਰ ਹੈ ਕਿ ਪ੍ਰਧਾਨ ਮੰਤਰੀ ਨੂੰ ਜਨਤਾ ਦੀ ਨਹੀਂ ਆਪਣੀ ਰਾਜਨੀਤਿਕ ਸਵਾਰਥਾਂ ਨਾਲ ਮਤਲਬ ਹੈ। ਦੂਜੇ ਪਾਸੇ ਉੱਘੇ ਸਮਾਜ ਸੇਵਕ ਹਫ਼ੀਜ਼ ਅਹਿਮਦ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਨੂੰ ਕੋਵਿਡ ਵੈਕਸੀਨ ਸਰਟੀਫਿਕੇਟ ਚ ਲਗਾਏ ਜਾਣ ਤੇ ਨਾਰਾਜ਼ਗੀ ਦਾ ਇਜ਼ਹਾਰ ਕੀਤਾ ਹੈ। ਕੁਲਵੰਤ ਸਿੰਘ, ਬਾਵਾ ਸਿੰਘ, ਵਿਜੇ ਕੁਮਾਰ, ਰਾਜੇਸ਼ ਸਮੇਤ ਵੱਡੀ ਗਿਣਤੀ ਚ ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਕੋਵਿਡ ਵੈਕਸੀਨੇਸ਼ਨ ਸਰਟੀਫਿਕੇਟ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫ਼ੋਟੋ ਨੂੰ ਤੁਰੰਤ ਹਟਾਇਆ ਜਾਵੇ।