ਨੰਗਲ ਲੁਬਾਣਾ ਪਿੰਡ 'ਚ 45 ਤੋਂ ਉੱਪਰ ਉਮਰ ਵਰਗ ਵਿਚ ਲਗਭਗ 90 ਫੀਸਦੀ ਤੋਂ ਜਿਆਦਾ ਵੈਕਸੀਨੇਸ਼ਨ
ਬਲਵਿੰਦਰ ਸਿੰਘ ਧਾਲੀਵਾਲ
- ਪਹਿਲੀ ਲਹਿਰ ਦੌਰਾਨ 70 ਫੀਸਦੀ ਪਾਜਟਿਵਟੀ ਦੀ ਥਾਂ ਹੁਣ ਪਾਜਟਿਵਟੀ ਦਰ ਇਕ ਫੀਸਦੀ ਤੋਂ ਵੀ ਹੇਠਾਂ
- ਪਹਿਲੀ ਲਹਿਰ ਵਿਚ ਪੂਰੀ ਭੁਲੱਥ ਸਬ ਡਿਵੀਜ਼ਨ ਦੇ 10 ਫੀਸਦੀ ਪਾਜੀਟਿਵ ਕੇਸ ਨੰਗਲ ਲੁਬਾਣਾ ਦੇ ਹੀ ਸਨ
- 95 ਸਾਲਾ ਕਰਤਾਰ ਕੌਰ ਤੇ 91 ਸਾਲਾ ਕਰਮ ਕੌਰ ਨੇ ਵੀ ਲਗਵਾਈ ਵੈਕਸੀਨ
ਸੁਲਤਾਨਪੁਰ ਲੋਧੀ 30 ਅਪ੍ਰੈਲ 2021 - ਕਰੋਨਾ ਦੀ ਪਹਿਲੀ ਲਹਿਰ ਦੌਰਾਨ ਵੱਡਾ ਨੁਕਸਾਨ ਝੱਲਣ ਵਾਲੇ ਪਿੰਡ ਨੰਗਲ ਲੁਬਾਣਾ ਨੇ ਲਾਗਤਾਰ ਟੈਸਟਿੰਗ ਤੇ 45 ਸਾਲ ਤੋਂ ਉੱਪਰ ਵਰਗ ਦੇ ਲੋਕਾਂ ਦੀ ਲਗਭਗ 100 ਫੀਸਦੀ ਵੈਕਸੀਨੇਸ਼ਨ ਨਾਲ ਕਰੋਨਾ ਦੀ ਦੂਜੀ ਵੱਡੀ ਲਹਿਰ ਦਾ ਮੂੰਹ ਮੋੜ ਦਿੱਤਾ ਹੈ।
ਪਿੰਡ ਦਾ ਪਾਜਟਿਵਵੀ ਰੇਟ ਪਹਿਲੀ ਲਹਿਰ ਦੌਰਾਨ 70 ਫੀਸਦੀ ਸੀ ਜੋ ਕਿ ਲਗਾਤਾਰ ਟੈਸਟਿੰਗ ਤੇ ਵੈਕਸੀਨੇਸ਼ਨ ਤੋਂ ਬਾਅਦ ਦੂਜੀ ਲਹਿਰ ਦੌਰਾਨ 1 ਫੀਸਦੀ ਤੋਂ ਵੀ ਹੇਠਾਂ ਆ ਗਿਆ ਹੈ। ਵਰਤਮਾਨ ਸਮੇਂ ਨੰਗਲ ਲੁਬਾਣਾ ਪਿੰਡ ਦਾ ਕੋਈ ਵੀ ਵਿਅਕਤੀ ਨਾਂ ਤਾਂ ਹਸਪਤਾਲ ਤੇ ਨਾ ਹੀ ਹੋਮ ਆਈਸੋਲੇਸ਼ਨ ਵਿਚ ਹੈ।
ਕਰੋਨਾ ਦੀ ਸ਼ੁਰੂਆਤ ਵੇਲੇ ਪਿੰਡ ਅੰਦਰ ਟੈਸਟਿੰਗ ਲਈ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਜਿਸ ਕਾਰਨ ਕੁੱਲ 5234 ਦੀ ਆਬਾਦੀ ਵਾਲੇ ਪਿੰਡ ਅੰਦਰ ਪਾਜੀਵਿਟਵੀ ਦਰ 70 ਫੀਸਦੀ ਤੱਕ ਪਹੁੰਚ ਗਈ ਸੀ। ਪੂਰੀ ਭੁਲੱਥ ਸਬ ਡਿਵੀਜ਼ਨ ਅੰਦਰ ਕੁੱਲ 835 ਪਾਜੀਟਿਵ ਕੇਸਾਂ ਵਿਚੋਂ 83 ਕੇਵਲ ਨੰਗਲ ਲੁਬਾਣਾ ਦੇ ਹੀ ਸਨ, ਜੋ ਕਿ ਪੂਰੀ ਸਬ ਡਿਵੀਜ਼ਨ ਦਾ 10 ਫੀਸਦੀ ਸੀ। ਇਸ ਬੁਰੇ ਦੌਰ ਦੌਰਾਨ ਪਿੰਡ ਦੇ 4 ਲੋਕਾਂ ਨੂੰ ਜਾਨ ਵੀ ਗਵਾਉਣੀ ਪਈ, ਜਿਸਨੇ ਸਾਰੇ ਪਿੰਡ ਨੂੰ ਹਿਲਾਕੇ ਰੱਖ ਦਿੱਤਾ।
ਇਸ ਮਾੜੇ ਦੌਰ ਵਿਚੋਂ ਨਿਕਲਣ ਨੂੰ ਪਿੰਡ ਵਾਲਿਆਂ ਤੇ ਸਿਹਤ ਵਿਭਾਗ ਨੇ ਇਕ ਚੁਣੌਤੀ ਵਜੋਂ ਲਿਆ ਅਤੇ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ ਐਸ.ਐਮ.ਓ. ਭੁਲੱਥ ਡਾ. ਕਿਰਨਪ੍ਰੀਤ ਸੇਖੋਂ ਵਲੋਂ ਆਸ਼ਾ ਵਰਕਰਾਂ ਤੇ ਏ.ਐਨ.ਐਮਜ਼ ਦੀ ਕਰੜੀ ਮਿਹਨਤ ਨਾਲ ਘਰ-ਘਰ ਜਾ ਕੇ ਸਰਵੇ ਕੀਤਾ ਗਿਆ , ਤਾਂ ਜੋ 45 ਸਾਲ ਤੋਂ ਉੱਪਰ ਦੇ ਲੋਕਾਂ ਦੀ ਸਹੀ ਗਿਣਤੀ ਜਾਣਕੇ ਉਨ੍ਹਾਂ ਦਾ ਟੀਕਾਕਰਨ ਕੀਤਾ ਜਾ ਸਕੇ। ਕੁੱਲ ਆਬਾਦੀ ਵਿਚੋਂ 45 ਸਾਲ ਤੋਂ ਉੱਪਰ ਦੇ ਲੋਕਾਂ ਦੀ ਗਿਣਤੀ 1334 ਸੀ, ਜਿਨ੍ਹਾਂ ਨੂੰ ਪ੍ਰੇਰਕੇ ਵੈਕਸੀਨੇਸ਼ਨ ਸ਼ੁਰੂ ਕੀਤੀ ਗਈ।
ਲੋਕਾਂ ਨੇ ਭਰਵਾਂ ਸਹਿਯੋਗ ਦਿੱਤਾ ਅਤੇ ਹੁਣ ਤੱਕ ਪਿੰਡ ਅੰਦਰ ਲਗਾਏ ਗਏ 9 ਵਿਸ਼ੇਸ਼ ਕੈਂਪਾਂ ਰਾਹੀਂ 45 ਸਾਲ ਤੋਂ ਉੱਪਰ ਦੇ ਲੋਕਾਂ ਵਿਚੋਂ 1213 ਲੋਕਾਂ ਦੀ ਵੈਕਸੀਨੇਸ਼ਨ ਹੋ ਗਈ ਹੈ, ਜੋ ਕਿ ਇਸ ਉਮਰ ਵਰਗ ਦਾ 90.92 ਫੀਸਦੀ ਹੈ।
ਡਾ. ਸੇਖੋਂ ਦੱਸਦੇ ਹਨ ਕਿ ਵੈਕਸੀਨੇਸ਼ਨ ਤੋਂ ਪਹਿਲਾਂ ਹਰ ਵਿਅਕਤੀ ਦਾ ਰੈਟ ਟੈਸਟ ਕਰਵਾਕੇ ਵੈਕਸੀਨ ਲਾਈ ਜਾਂਦੀ ਹੈ। ਵੈਕਸੀਨ ਤੋਂ ਵਾਂਝੇ ਰਹਿੰਦੇ ਇਸ ਉਮਰ ਵਰਗ ਦੇ ਲੋਕ ਜਾਂ ਤਾਂ ਵਿਦੇਸ਼ ਵਿਚ ਹਨ ਜਾਂ ਕਿਸੇ ਗੰਭੀਰ ਬਿਮਾਰੀ ਤੋਂ ਪੀੜ੍ਹਤ ਹਨ।
ਵੈਕਸੀਨ ਲਗਵਾਉਣ ਵਾਲੀ ਪਿੰਡ ਦੀ 95 ਸਾਲਾ ਬੇਬੇ ਕਰਤਾਰ ਕੌਰ ਨੇ ਦੱਸਿਆ ਕਿ ਇਸ ਮਹਾਂਮਾਰੀ ਨੇ ਪਿੰਡ ਨੂੰ ਝੰਜੋੜਕੇ ਰੱਖ ਦਿੱਤਾ ਸੀ , ਜਿਸ ਤੋਂ ਪਿੰਡ ਵਾਲਿਆਂ ਨੇ ਸਬਕ ਲਿਆ। ਉਨ੍ਹਾਂ ਕਿਹਾ ਕਿ ਉਹ ਖੁਦ ਵੈਕਸੀਨ ਲਗਵਾਉਣ ਲਈ ਅੱਗੇ ਆਏ , ਜਿਸ ਕਾਰਨ ਪਿੰਡ ਇਸ ਮਹਾਂਮਾਰੀ ਵਿਚੋਂ ਨਿਕਲ ਸਕਿਆ ਹੈ। 91 ਸਾਲਾਂ ਦੀ ਕਰਮ ਕੌਰ ਨੇ ਕਿਹਾ ਕਿ ਵੈਕਸੀਨੇਸ਼ਨ ਪਿੱਛੋਂ ਉਹ ਸੁਰੱਖਿਅਤ ਮਹਿਸੂਸ ਕਰਦੇ ਹਨ ।
ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਨੇ ਵੀ ਪਿੰਡ ਵਾਸੀਆਂ ਤੇ ਸਿਹਤ ਅਮਲੇ ਦੀ ਪਿੱਠ ਥਾਪੜਦਿਆਂ ਕਿਹਾ ਕਿ ਬਾਕੀ ਪਿੰਡ ਵੀ ਨੰਗਲ ਲੁਬਾਣਾ ਤੋਂ ਪ੍ਰੇਰਨਾ ਲੈਣ ਤਾਂ ਜੋ ਕੋਰਨਾ ਮਹਾਂਮਾਰੀ ਨੂੰ ਰੋਕਣ ਵਿਚ ਮਦਦ ਮਿਲ ਸਕੇ।