ਕੋਰੋਨਾ ਮਹਾਂਮਾਰੀ ਨੂੰ ਰੋਕਣ ਵਿੱਚ ਜ਼ਰੂਰੀ ਆਕਸੀਜਨ ਨੂੰ ਬਣਾਉਣ ਲਈ ਹੁਣ ਬੀਬੀਐਮਬੀ ਦਾ ਪੁਰਾਣਾ ਆਕਸੀਜਨ ਪਲਾਂਟ ਵੀ ਕਰੇਗਾ ਕੰਮ
ਹਰੀਸ਼ ਕਾਲੜਾ
ਨੰਗਲ,30 ਅਪ੍ਰੈਲ 2021:ਕਿਸੇ ਸਮੇਂ ਦੀ ਏਸ਼ੀਆ ਦੀ ਸਭ ਤੋਂ ਵੱਡੀ ਮੇਨਟੀਨੈਂਸ ਵਰਕਸ਼ਾਪ ਮੰਨੀ ਜਾਂਦੀ ਬੀਬੀਐਮਬੀ ਵਰਕਸ਼ਾਪ ਵਿੱਚਲੇ ਆਕਸੀਜਨ ਪਲਾਂਟ ਨੂੰ ਛੇਤੀ ਕੀਤਾ ਜਾ ਸਕਦਾ ਹੈ ਸ਼ੁਰੂ । ਕੋਰੋਨਾ ਮਹਾਮਾਰੀ ਦੇ ਦੌਰਾਨ ਆਕਸੀਜਨ ਦੀ ਕਮੀ ਨੂੰ ਦੇਖਦੇ ਹੋਏ ਬੀਬੀਐਮਬੀ ਵਰਕਸ਼ਾਪ ਵਿਚ ਬੰਦ ਪਏ ਆਕਸੀਜਨ ਪਲਾਂਟ ਨੂੰ ਸ਼ੁਰੂ ਕਰਨ ਦੇ ਲਈ ਅੱਜ ਸਿਵਲ ਪ੍ਰਸ਼ਾਸਨ , ਬੀਬੀਐਮਬੀ ਦੇ ਅਧਿਕਾਰੀਆਂ ਅਤੇ ਆਰਮੀ ਦੇ ਇੰਜੀਨੀਅਰਾਂ ਵੱਲੋਂ ਸਾਂਝੇ ਤੌਰ ਤੇ ਪਲਾਂਟ ਦਾ ਦੌਰਾ ਕਰਕੇ ਨਿਰੀਖਣ ਕੀਤਾ ਗਿਆ ।
ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ ਅੱਜ ਇਸ ਆਕਸੀਜਨ ਪਲਾਂਟ ਦਾ ਦੌਰਾ ਕੀਤਾ ਗਿਆ ਹੈ ਅਤੇ ਕਿਉਂਕਿ ਇਹ ਪਲਾਂਟ ਪੁਰਾਣਾ ਹੈ ਇਸ ਨੂੰ ਦੁਬਾਰਾ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਨ੍ਹਾਂ ਨੇ ਕਿਹਾ ਕਿ ਜੇਕਰ ਇਹ ਪਲਾਂਟ ਚੱਲ ਜਾਂਦਾ ਹੈ ਤਾਂ ਇਹ ਆਪਣੀ ਉਤਪਾਦਨ ਸਮਰੱਥਾ ਤੋਂ ਅੱਧੀ ਸਮਰੱਥਾ ਤਕ ਆਕਸੀਜਨ ਪੈਦਾ ਕਰਕੇ ਦੇਵੇਗਾ ਜਿਸ ਦੇ ਨਾਲ ਜ਼ਿਲ੍ਹਾ ਰੋਪੜ ਵਿੱਚ ਆਕਸੀਜਨ ਦੀ ਬਹੁਤ ਵੱਡੀ ਮੁਸ਼ਕਲ ਦਾ ਹੱਲ ਨਿਕਲ ਸਕਦਾ ਹੈ । ਦੱਸਣਾ ਬਣਦਾ ਹੈ ਕਿ ਇਸ ਪਲਾਂਟ ਨੂੰ ਚਲਾਉਣ ਲਈ ਪਿਛਲੇ ਦਿਨੀਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਵੱਲੋਂ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਵਿਸ਼ੇਸ਼ ਹੁਕਮ ਕੀਤੇ ਗਏ ਸਨ । ਇਸ ਮੋਕੇ ਤੇ ਐਸਡੀਐਮ ਕੰਨੂ ਗਰਗ , ਚੀਫ ਇੰਜੀਨੀਅਰ ਕੰਵਲਜੀਤ ਸਿੰਘ, ਡਿਪਟੀ ਚੀਫ ਇੰਜੀਨੀਅਰ ਹੁਸਨ ਲਾਲ ਕੰਬੋਜ ਤੋਂ ਇਲਾਵਾ ਆਰਮੀ ਦਾ ਸਟਾਫ ਹਾਜ਼ਰ ਸੀ ।